ਗੁਰੂ ਦੀ ਪਵਿੱਤਰ ਧਰਤੀ ’ਤੇ ਨਤਮਸਤਕ ਹੋ ਕੇ ਜਸਵੀਰ ਸਿੰਘ ਗੜ੍ਹੀ ਨੇ ਸੰਭਾਲੀ ਹਲਕਾ ਚਮਕੌਰ ਸਾਹਿਬ ਦੀ ਜ਼ਿੰਮੇਵਾਰੀ
ਪ੍ਰਮੋਦ ਭਾਰਤੀ
ਸ੍ਰੀ ਚਮਕੌਰ ਸਾਹਿਬ 30 ਅਗਸਤ, 2026- ਆਮ ਆਦਮੀ ਪਾਰਟੀ ਵੱਲੋਂ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਜਸਵੀਰ ਸਿੰਘ ਗੜ੍ਹੀ ਨੇ ਅੱਜ ਗੁਰੂਆਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਭਾਈ ਸੰਗਤ ਸਿੰਘ ਗੁਰਦੁਆਰਾ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਭਲਾਈ ਲਈ ਅਰਦਾਸ ਕੀਤੀ।
ਇਸ ਮੌਕੇ ਜਸਵੀਰ ਸਿੰਘ ਗੜ੍ਹੀ ਵੱਲੋਂ ‘ਸ੍ਰੀ ਚਮਕੌਰ ਸਾਹਿਬ ਆਸ਼ੀਰਵਾਦ ਯਾਤਰਾ’ ਵੀ ਕੱਢੀ ਗਈ, ਜਿਸ ਵਿੱਚ ਸੈਂਕੜੇ ਗੱਡੀਆਂ ਦਾ ਕਾਫ਼ਲਾ ਸ਼ਾਮਲ ਹੋਇਆ। ਯਾਤਰਾ ਦੌਰਾਨ ਸ੍ਰੀ ਚਮਕੌਰ ਸਾਹਿਬ, ਪਿੰਡ ਰੁੜਕੀ ਹੀਰਾ, ਲੁਠੇੜੀ, ਚਕਲਾਂ, ਕਾਂਝਲਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਸਮੇਤ ਵੱਖ-ਵੱਖ ਥਾਵਾਂ ’ਤੇ ਇਲਾਕਾ ਵਾਸੀਆਂ ਅਤੇ ਸੰਗਤਾਂ ਵੱਲੋਂ ਗੜ੍ਹੀ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਭੇਟ ਕਰਕੇ ਆਸ਼ੀਰਵਾਦ ਦਿੱਤਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਚਮਕੌਰ ਸਾਹਿਬ ਦੇ ਸ਼ਿਵ ਮੰਦਰ ਅਤੇ ਮੋਰਿੰਡਾ ਵਿਖੇ ਕ੍ਰਿਸ਼ਨਾ ਮੰਦਰ ਵਿੱਚ ਵੀ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਭਾਈਚਾਰਕ ਸਾਂਝ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਸਿਰਫ਼ ਸਿੱਖ ਇਤਿਹਾਸ ਨਾਲ ਜੁੜੀ ਮਹਾਨ ਧਰਤੀ ਹੀ ਨਹੀਂ, ਸਗੋਂ ਸਾਂਝੀਵਾਲਤਾ, ਤਿਆਗ ਅਤੇ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀ ਪਵਿੱਤਰ ਧਰਤੀ ਹੈ, ਜਿੱਥੇ ਹਰ ਧਰਮ ਅਤੇ ਹਰ ਵਰਗ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਪਵਿੱਤਰ ਧਰਤੀ ’ਤੇ ਆਪਣੀ ਸਿਆਸੀ ਜ਼ਿੰਮੇਵਾਰੀ ਦੀ ਸ਼ੁਰੂਆਤ, ਗੁਰੂ ਘਰ ਤੋਂ ਕਰਨਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸੱਤਾ ਦੇ ਜ਼ੋਰ ਉੱਤੇ ਮੁਗਲਾਂ ਅਤੇ ਕਾਂਗਰਸ ਨੇ ਹਮੇਸ਼ਾ ਲੁੱਟਿਆ, ਕੁੱਟਿਆ ਅਤੇ ਕਤਲੇਆਮ ਕੀਤਾ। ਜਿਸ ਦਾ ਗਵਾਹ ਹਰ ਪੰਜਾਬੀ ਹੈ। ਹੁਣ ਕੁਝ ਨੇਤਾ ਗਿਰਗਟ ਦੀ ਤਰਾਂ ਰੰਗ ਬਦਲਦੇ ਹੋਏ ਉੱਚੇ ਅਹੁੱਦਿਆਂ ਦਾ ਅਨੰਦ ਮਾਣਨ ਤੋਂ ਬਾਅਦ ਮੌਕਾਪ੍ਰਸਤੀ ਦੀ ਰਾਜਨੀਤੀ ਖੇਡਦੇ ਹੋਏ ਇਤਿਹਾਸ ਦੇ ਕਾਲੇ ਪੰਨਿਆਂ ਤੋਂ ਆਪਣਾ ਪੱਲਾ ਚਾੜ੍ਹ ਰਹੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਉਹ ਧਰਤੀ ਹੈ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਇਹ ਉਹ ਧਰਤੀ ਹੈ ਜਿਸ ਨੇ ਦੁਨੀਆ ਨੂੰ ਸਿਦਕ, ਸਬਰ, ਬਹਾਦਰੀ ਅਤੇ ਕੁਰਬਾਨੀ ਦਾ ਅਦੁੱਤੀ ਸੰਦੇਸ਼ ਦਿੱਤਾ। ਇਸ ਲਈ ਉਹ ਇਸ ਧਰਤੀ ’ਤੇ ਕਿਸੇ ਵਿਅਕਤੀ ਜਾਂ ਪਾਰਟੀ ਵਿਸ਼ੇਸ਼ ਨਾਲ ਟੱਕਰ ਲੈਣ ਦੀ ਸੋਚ ਨਾਲ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦੇ ਸੰਕਲਪ ਨਾਲ ਆਏ ਹਨ।
ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਇੱਕ ਚਿਹਰੇ ਜਾਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹੈ। ਉਨ੍ਹਾਂ ਦੀ ਅਸਲ ਲੜਾਈ ਲੋਕਾਂ ਦੇ ਦੁੱਖਾਂ, ਮੁਸ਼ਕਲਾਂ, ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਹੈ। ਇਤਿਹਾਸ ਗਵਾਹ ਹੈ ਕਿ ਮੁਗਲਾਂ ਤੇ ਕਾਂਗਰਸ ਨੇ ਹਮੇਸ਼ਾ ਧੋਖੇ ਨਾਲ ਸਾਨੂੰ ਲੁੱਟਿਆ ।
ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਨੂੰ ਉਹ ਹੁਣ ਸਿਰਫ਼ ਇੱਕ ਵਿਧਾਨ ਸਭਾ ਹਲਕਾ ਨਹੀਂ, ਬਲਕਿ ਗੁਰੂ ਘਰ ਵਜੋਂ ਦੇਖਦੇ ਹਨ ਅਤੇ ਇੱਥੋਂ ਦੇ ਹਰ ਵਸਨੀਕ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹਨ।
ਜਸਵੀਰ ਸਿੰਘ ਗੜ੍ਹੀ ਨੇ ਆਪਣੇ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਭੱਠੇ ’ਤੇ ਮਜ਼ਦੂਰੀ ਕਰਨ ਵਾਲੇ ਮਜ਼ਦੂਰ ਦੇ ਪੁੱਤਰ ਹਨ ਅਤੇ ਉਨ੍ਹਾਂ ਨੂੰ ਗਰੀਬ, ਮਜ਼ਦੂਰ ਅਤੇ ਆਮ ਲੋਕਾਂ ਦੇ ਦੁੱਖ-ਦਰਦ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਮੁਸੀਬਤ ਦੇ ਸਮੇਂ ਕਿਸੇ ਗਰੀਬ ਅਤੇ ਮਜ਼ਲੂਮ ਵਿਅਕਤੀ ਨੂੰ ਸਭ ਤੋਂ ਵੱਧ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਕੋਈ ਉਸ ਦੀ ਬਾਂਹ ਫੜਨ ਵਾਲਾ ਅਤੇ ਦੁੱਖ ਨੂੰ ਸਮਝਣ ਵਾਲਾ ਹੋਵੇ।
ਆਪਣੀ ਕਾਰਜਸ਼ੈਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਨੇਰੇ ਵਿੱਚ ਕੰਮ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜੋ ਵੀ ਕੰਮ ਹੋਵੇਗਾ, ਉਹ ਪੂਰੀ ਪਾਰਦਰਸ਼ਤਾ ਅਤੇ ਲੋਕਾਂ ਦੇ ਸਾਹਮਣੇ ਹੋਵੇਗਾ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੇ ਲੋਕਾਂ ਨਾਲ ਸਬੰਧਤ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਜਾਵੇਗਾ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਉਨ੍ਹਾਂ ਚਮਕੌਰ ਸਾਹਿਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਇਹ ਮਹਿਸੂਸ ਹੋਵੇ ਕਿ ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਤਾਂ ਉਹ ਆਪਣੀ ਸਮਰੱਥਾ ਅਨੁਸਾਰ ਉਸ ਦੇ ਨਾਲ ਖੜ੍ਹਨ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਕੋਸ਼ਿਸ਼ ਹਰ ਜਾਤ, ਹਰ ਧਰਮ ਅਤੇ ਹਰ ਸਿਆਸੀ ਵਿਚਾਰਧਾਰਾ ਨਾਲ ਸਬੰਧਤ ਵਿਅਕਤੀ ਦੀ ਗੱਲ ਸੁਣਨ ਅਤੇ ਉਸ ਦੀ ਸਮੱਸਿਆ ਦਾ ਹੱਲ ਕਰਵਾਉਣ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਛਲੇ ਤਜਰਬੇ ਤੋਂ ਪਤਾ ਹੈ ਕਿ ਜਦੋਂ, ਕੋਈ ਜ਼ਿੰਮੇਵਾਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਈ ਜਾਵੇ ਤਾਂ ਹਰ ਵਰਗ ਦੇ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਵਿੱਚ ਵੀ ਉਨ੍ਹਾਂ ਦੀ ਕਾਰਜਸ਼ੈਲੀ ਇਹੀ ਰਹੇਗੀ।
ਆਸ਼ੀਰਵਾਦ ਯਾਤਰਾ ਦੌਰਾਨ ਮਿਲੇ ਭਰਵੇਂ ਹੁੰਗਾਰੇ ਬਾਰੇ ਗੜ੍ਹੀ ਨੇ ਕਿਹਾ ਕਿ ਸੈਂਕੜੇ ਗੱਡੀਆਂ ਦੇ ਕਾਫ਼ਲੇ ਅਤੇ ਰਸਤੇ ਵਿੱਚ ਲੋਕਾਂ ਵੱਲੋਂ ਕੀਤੇ ਗਏ ਸਵਾਗਤ ਨੂੰ ਉਹ ਕਿਸੇ ਵਿਅਕਤੀ ਦਾ ਨਹੀਂ, ਸਗੋਂ ਲੋਕਾਂ ਦੇ ਉਤਸ਼ਾਹ ਅਤੇ ਬਦਲਾਅ ਦੀ ਇੱਛਾ ਦਾ ਪ੍ਰਗਟਾਵਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦੇ ਲੋਕ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਉਮੀਦ ਰੱਖਦੇ ਹਨ ਅਤੇ ਉਹ ਇਨ੍ਹਾਂ ਉਮੀਦਾਂ ’ਤੇ ਖਰਾ ਉਤਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਅੱਜ ਦਾ ਸਾਰਾ ਸਮਾਗਮ ਸੰਗਠਨ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਚਮਕੌਰ ਸਾਹਿਬ ਸ਼੍ਰੀ ਅਮਨਦੀਪ ਸਿੰਘ ਮਾਂਗਟ ਅਤੇ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਕੇਸਰ ਸਿੰਘ ਸਮਾਣਾ ਦੀ ਅਗਵਾਈ ਅਧੀਨ ਸਫਲ ਹੋਇਆ।
ਸਤਲੁਜ ਦਰਿਆ ’ਤੇ ਪੁਲ ਸਮੇਤ ਹਲਕੇ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੀ ਹਲਕੇ ਵਿੱਚ ਪਹਿਲੀ ਐਂਟਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹਲਕੇ ਦੇ ਮੁੱਖ ਮਸਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਲੈਣਗੇ ਅਤੇ ਲੋਕਾਂ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣਗੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਸਮੇਤ ਹਲਕੇ ਦੇ ਸੰਗਠਨ ਨਾਲ ਜੁੜੇ ਆਗੂ, ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।
ਜਸਵੀਰ ਸਿੰਘ ਗੜ੍ਹੀ ਨੇ ਸਮੂਹ ਸੰਗਤਾਂ, ਇਲਾਕਾ ਵਾਸੀਆਂ, ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਤੇ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਮਰਤਾ, ਇਮਾਨਦਾਰੀ ਅਤੇ ਲੋਕ-ਸੇਵਾ ਦੀ ਭਾਵਨਾ ਨਾਲ ਨਿਭਾਉਣਗੇ।
ਇਸ ਮੌਕੇ ਚੇਅਰਮੈਨ ਕੇਸਰ ਸਿੰਘ ਸਮਾਣਾ, ਚੇਅਰਮੈਨ ਐੱਨ.ਪੀ. ਰਾਣਾ, ਬਲਦੇਵ ਸਿੰਘ ਹਫ਼ਿਜ਼ਾਬਾਦ, ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਭੁਪਿੰਦਰ ਸਿੰਘ ਭੂਰਾ, ਸ਼ਮਸ਼ੇਰ ਸਿੰਘ ਮਾਂਗੀ, ਸੁਖਦੇਵ ਸਿੰਘ ਸੁੱਖਾ, ਵਿਰਾਂਤ ਠਾਕੁਰ, ਬਲਵਿੰਦਰ ਸਿੰਘ ਪੱਪੀ, ਜਗਦੀਸ਼ ਸਿੰਘ ਸਰਪੰਚ ਰਸੀਦਪੁਰ, ਬਲਵਿੰਦਰ ਸਿੰਘ ਸਰਪੰਚ ਕਟਲੌਰ ਸਮੇਤ ਵੱਡੀ ਗਿਣਤੀ ਵਿਚ ਸਰਪੰਚ, ਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਇਲਾਕਾ ਵਾਸੀ ਹਾਜ਼ਰ ਸਨ।
- Download Babushahi App
-
-