ਗੁਰਦਾਸਪੁਰ 'ਚ ਹੁਣ ਡਰੋਨ ਉਡਾਉਣ/ਲੇਜ਼ਰ ਲਾਈਟ 'ਤੇ ਲਗਾਈ ਸਖ਼ਤ ਪਾਬੰਦੀ
ਰੋਹਿਤ ਗੁਪਤਾ
ਗੁਰਦਾਸਪੁਰ, 10 ਮਈ - ਹਿੰਦ-ਪਾਕਿ ਸਰਹੱਦ 'ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਦੇਸ਼ ਭਰ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦਾ ਹੋਣ ਕਰਕੇ ਅਤੇ ਮੌਜੂਦਾ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਉਡਾਉਣ/ਲੇਜ਼ਰ ਲਾਈਟ/ਮਨੁੱਖ ਰਹਿਤ ਹਵਾਈ ਵਾਹਨ (ਯੂ.ਏ.ਵੀ.) ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾਉਣੀ ਜ਼ਰੂਰੀ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਰੋਨ ਉਡਾਉਣ/ਲੇਜ਼ਰ ਲਾਈਟ ਮਨੁੱਖ ਰਹਿਤ ਹਵਾਈ ਵਾਹਨ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਮਨਾਹੀ ਦੇ ਇਹ ਹੁਕਮ 10 ਮਈ 2025 ਤੋਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।