ਗੁਰਦਾਸਪੁਰ: Punjab ਦੀ ਅਮਨ ਸ਼ਾਂਤੀ ਨੂੰ ਲੈ ਕੇ ਵਪਾਰ ਮੰਡਲ ਨੇ ਫੂਕਿਆ ਸਰਕਾਰ ਦਾ ਪੁਤਲਾ
ਰੋਹਿਤ ਗੁਪਤਾ
ਗੁਰਦਾਸਪੁਰ 29 ਦਸੰਬਰ 2025- ਵਪਾਰ ਮੰਡਲ ਗੁਰਦਾਸਪੁਰ ਵੱਲੋਂ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ 'ਤੇ ਚਿੰਤਾ ਕਰਦਿਆਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵਪਾਰ ਮੰਡਲ ਗੁਰਦਾਸਪੁਰ ਦੀ ਟੀਮ ਅਤੇ ਸ਼ਹਿਰ ਦੇ ਵਪਾਰੀਆਂ ਨੇ ਹਿੱਸਾ ਲਿਆ। ਇਸ ਸਮੇਂ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ਇਸ ਸਮੇਂ ਪੰਜਾਬ ਅੰਦਰ ਦਹਿਸ਼ਤਗਰਦੀ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪੰਜਾਬ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ, ਚੋਰੀਆਂ ਤੇ ਗੋਲੀ ਚੱਲਣੀ ਆਮ ਗੱਲ ਹੋ ਗਈ ਹੈ। ਪਿਛਲੇ ਸਮੇਂ ਪੰਜਾਬ ਵਿੱਚ ਬਹੁਤ ਸਾਰੇ ਵਪਾਰੀ ਭਰਾ ਜਾਨਾਂ ਗਵਾ ਚੁੱਕੇ ਹਨ। ਇਸ ਸਮੇਂ ਪੰਜਾਬ ਦਾ ਆਮ ਨਾਗਰਿਕ ਤੇ ਵਪਾਰੀ ਸਹਿਮ ਦੇ ਮਾਹੌਲ ਵਿੱਚ ਹਨ।
ਪਿਛਲੇ ਦਿਨੀਂ ਗੁਰਦਾਸਪੁਰ ਵਿੱਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨੇ ਸ਼ਹਿਰ ਦੇ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਹ ਆਪਣੀ ਦੁਕਾਨ 'ਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਆਪਣੀਆਂ ਦੁਕਾਨਾਂ ਵੀ ਜਲਦੀ ਬੰਦ ਕਰਨ 'ਤੇ ਮਜਬੂਰ ਹੋ ਗਏ ਹਨ। ਪ੍ਰਧਾਨ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਪੰਜਾਬ ਦੇ ਆਮ ਨਾਗਰਿਕ ਅਤੇ ਵਪਾਰੀ ਨਿਡਰ ਹੋ ਕੇ ਆਪਣਾ-ਆਪਣਾ ਕਾਰੋਬਾਰ ਕਰ ਸਕਣ। ਇਸ ਦੇ ਨਾਲ ਹੀ ਪ੍ਰਧਾਨ ਨੇ ਮਾਨਯੋਗ ਐਸ.ਐਸ.ਪੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਅਤੇ ਗਲਤ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਖਤਮ ਹੋ ਸਕੇ।
ਇਸ ਮੌਕੇ ਜੋਗਿੰਦਰ ਪਾਲ ਤੁਲੀ, ਜੁਗਲ ਕਿਸ਼ੋਰ, ਦੀਪਕ ਮਹਾਜਨ, ਪਵਨ ਕੌਛੜ, ਗੌਰਵ ਮਹਾਜਨ, ਸੁਭਾਸ਼ ਭੰਡਾਰੀ, ਸੁਮਿਤ ਮਹਾਜਨ, ਸੋਨੂ ਮਹਾਜਨ, ਅਜੇ ਖੰਨਾ, ਨਵਦੀਪ ਮਹਾਜਨ, ਰਵੀ ਮਹਾਜਨ, ਭਾਰਤ ਭੂਸ਼ਣ, ਵਿਕਰਮ ਵਾਲੀਆ, ਬੋਬੀ ਮਹਾਜਨ, ਸੋਹਨ ਲਾਲ, ਵਰਿੰਦਰ ਮਹਾਜਨ, ਪ੍ਰਦੀਪ ਕੁਮਾਰ, ਮਿੱਠੂ ਮਰਵਾਹਾ, ਵਿਨੇ ਗਾਂਧੀ, ਨਵਪ੍ਰੀਤ ਸਿੰਘ, ਅਵਿਨਾਸ਼ ਆਦਿ ਮੌਜੂਦ ਸਨ।