ਗੁਜਰਾਤ ATS ਵੱਲੋਂ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਵਾਲਾ ਗ੍ਰਿਫ਼ਤਾਰ
ਅਹਿਮਦਾਬਾਦ, 24 ਮਈ 2025: ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਕੱਛ ਜ਼ਿਲ੍ਹੇ ਤੋਂ ਇੱਕ ਮਲਟੀਪਰਪਜ਼ ਹੈਲਥ ਵਰਕਰ ਸਹਿਦੇਵ ਸਿੰਘ ਗੋਹਿਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਤੇ ਦੋਸ਼ ਹੈ ਕਿ ਉਸਨੇ ਸਰਹੱਦੀ ਸੁਰੱਖਿਆ ਬਲ (BSF) ਅਤੇ ਭਾਰਤੀ ਹਵਾਈ ਸੈਨਾ (IAF) ਨਾਲ ਸਬੰਧਤ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਪਾਕਿਸਤਾਨੀ ਏਜੰਟ ਨੂੰ ਸਾਂਝੀ ਕੀਤੀ।
ਕਿਵੇਂ ਹੋਇਆ ਖੁਲਾਸਾ?
ਏਟੀਐਸ ਦੇ ਐਸਪੀ ਕੇ ਸਿਧਾਰਥ ਨੇ ਦੱਸਿਆ ਕਿ ਗੋਹਿਲ ਨੂੰ 1 ਮਈ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਉਹ 2023 ਵਿੱਚ ਵਟਸਐਪ 'ਤੇ "ਅਦਿਤੀ ਭਾਰਦਵਾਜ" ਨਾਮ ਦੀ ਔਰਤ ਦੇ ਸੰਪਰਕ ਵਿੱਚ ਆਇਆ, ਜੋ ਅਸਲ ਵਿੱਚ ਪਾਕਿਸਤਾਨੀ ਏਜੰਟ ਸੀ।
ਕੀ ਕੀ ਕੀਤਾ ਗਿਆ?
ਗੋਹਿਲ ਨੇ BSF ਅਤੇ IAF ਦੀਆਂ ਸਾਈਟਾਂ ਦੀਆਂ ਨਿਰਮਾਣ ਅਧੀਨ ਜਾਂ ਨਵੀਂ ਬਣੀਆਂ ਇਮਾਰਤਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵਟਸਐਪ ਰਾਹੀਂ ਭੇਜਣੇ ਸ਼ੁਰੂ ਕਰ ਦਿੱਤੇ।
2025 ਦੀ ਸ਼ੁਰੂਆਤ ਵਿੱਚ, ਉਸਨੇ ਆਪਣੇ ਆਧਾਰ ਕਾਰਡ 'ਤੇ ਨਵਾਂ ਸਿਮ ਲੈ ਕੇ, ਅਦਿਤੀ ਭਾਰਦਵਾਜ ਲਈ WhatsApp ਐਕਟੀਵੇਟ ਕੀਤਾ, ਜਿਸ ਤੋਂ ਜਾਣਕਾਰੀ ਪਾਕਿਸਤਾਨ ਭੇਜੀ ਜਾਂਦੀ ਰਹੀ।
ਲੈਣ-ਦੇਣ:
ਗੋਹਿਲ ਨੂੰ ਇਸ ਕੰਮ ਲਈ ਇੱਕ ਅਣਪਛਾਤੇ ਵਿਅਕਤੀ ਵਲੋਂ 40,000 ਰੁਪਏ ਨਕਦ ਮਿਲੇ।
ਫੋਨ ਅਤੇ ਸਬੂਤ
ਗੋਹਿਲ ਦਾ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ "ਅਦਿਤੀ ਭਾਰਦਵਾਜ" ਦੇ ਨਾਮ ਹੇਠ ਚੱਲ ਰਿਹਾ ਵਟਸਐਪ ਨੰਬਰ ਪਾਕਿਸਤਾਨ ਤੋਂ ਆਪਰੇਟ ਕੀਤਾ ਜਾ ਰਿਹਾ ਸੀ।
ਕਾਨੂੰਨੀ ਕਾਰਵਾਈ
ਗੋਹਿਲ ਅਤੇ ਪਾਕਿਸਤਾਨੀ ਏਜੰਟ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 61 ਅਤੇ 148 ਹੇਠ ਮਾਮਲਾ ਦਰਜ ਕੀਤਾ ਗਿਆ ਹੈ।