ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਹਰਿਵੱਲਭ ਸੰਗੀਤ ਸੰਮੇਲਨ ਨੂੰ ਸਮਰਪਿਤ ਚੌਕ ਦਾ ਲੋਕ ਅਰਪਣ
ਚੌਕ ’ਚ ਵੀਣਾ, ਸ਼ਹਿਨਾਈ ਅਤੇ ਤਬਲੇ ਦੀਆਂ ਪ੍ਰਤਿਮਾਵਾਂ ਸਥਾਪਿਤ
ਜਲੰਧਰ, 28 ਦਸੰਬਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸ਼ਹਿਰ ਦੇ ਦੁਆਬਾ ਚੌਕ, ਜਿਸ ਨੂੰ ਨਵੀਨੀਕਰਨ ਅਤੇ ਵੀਣਾ, ਸ਼ਹਿਨਾਈ ਅਤੇ ਤਬਲੇ ਦੀਆਂ ਪ੍ਰਤਿਮਾਵਾਂ ਸਥਾਪਿਤ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ, ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਚੌਕ ਨੂੰ ਹਰਿਵੱਲਭ ਸੰਗੀਤ ਸੰਮੇਲਨ ਨੂੰ ਸਮਰਪਿਤ ਨੂੰ ਕਰਦਿਆਂ ਸ਼੍ਰੀ ਬਾਬਾ ਹਰਿਵੱਲਭ ਚੌਕ ਦਾ ਨਾਮ ਦਿੱਤਾ ਗਿਆ ਹੈ।
ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਮੇਅਰ ਵਿਨੀਤ ਧੀਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬੱਸੀ, ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਅਤੇ ਦਿਨੇਸ਼ ਢੱਲ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਸੰਗੀਤਕ ਸਾਜ਼ਾਂ ਦੀਆਂ ਪ੍ਰਤਿਮਾਵਾਂ ਜਿਥੇ ਚੌਕ ਦੇ ਆਕਰਸ਼ਣ ਦਾ ਕੇਂਦਰ ਬਣਨਗੀਆਂ ਉਥੇ ਦੇਸ਼ ਦੀ ਅਮੀਰ ਸੰਗੀਤਕ ਵਿਰਾਸਤ ਨੂੰ ਵੀ ਪ੍ਰਗਟ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਭਰ ਦੇ ਚੌਕਾ ਅਤੇ ਚੌਰਾਹਿਆਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸੁੰਦਰੀਕਰਨ ਅਤੇ ਆਧੁਨਿਕ ਡਿਜ਼ਾਈਨਾਂ ਨਾਲ ਸ਼ਹਿਰ ਦੇ ਕਈ ਚੌਕਾ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ।
ਭਗਤ ਨੇ ਕਿਹਾ ਕਿ ਜਲੰਧਰ ਦਾ ਇਹ ਚੌਕ ਜਿਥੇ ਹੁਣ ਨਵੇਂ ਰੂਪ ਵਿੱਚ ਨਜ਼ਰ ਆਵੇਗਾ ਉਥੇ ਦੇਸ਼ ਦੀ ਅਮੀਰ ਸੰਗੀਤਕ ਪਰੰਪਰਾ ਦਾ ਵੀ ਅਹਿਸਾਸ ਕਰਵਾਏਗਾ। ਕੈਬਨਿਟ ਮੰਤਰੀ ਨੇ ਇਸ ਮੌਕੇ ਚੌਕਾ ਦੀ ਸਾਂਭ-ਸੰਭਾਲ ਵਿੱਚ ਸਥਾਨਕ ਅਥਾਰਟੀ ਨੂੰ ਸਹਿਯੋਗ ਦੇਣ ਲਈ ਪ੍ਰਾਈਵੇਟ ਸੰਸਥਾਵਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਤਰਨਦੀਪ ਸੰਨੀ, ਸੰਜੀਵ ਭਗਤ, ਦੀਪਕ ਸ਼ਾਰਦਾ ਆਦਿ ਵੀ ਮੌਜੂਦ ਸਨ।