ਇਕਲੌਤੇ ਪੁੱਤ ਦੀ ਕਨੇਡਾ ਸੜਕ ਹਾਦਸੇ ਵਿੱਚ ਹੋਈ ਸੀ ਮੌਤ, ਮਹੀਨੇ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ
ਇੱਕ ਮਹੀਨੇ ਬਾਅਦ ਨੌਜਵਾਨ ਦੀ ਜਦੋਂ ਘਰ ਪਹੁੰਚੀ ਮ੍ਰਿਤਕ ਦੇਹ ਤਾਂ ਰੋ ਰੋ ਕੇ ਪਰਿਵਾਰ ਦਾ ਹੋਇਆ ਬੁਰਾ ਹਾਲ
ਰੋਹਿਤ ਗੁਪਤਾ
ਗੁਰਦਾਸਪੁਰ : ਚੰਗੇ ਭਵਿੱਖ ਦੀ ਆਸ ਵਿੱਚ ਦੋ ਸਾਲ ਦੇ ਸਟਡੀ ਵੀਜ਼ਾ ਤੇ ਕਰੀਬ ਡੇਢ ਸਾਲ ਪਹਿਲਾਂ ਕਨੇਡਾ ਗਏ ਨਜ਼ਦੀਕੀ ਪਿੰਡ ਜੋੜਾ ਛਤਰਾਂ ਦੇ 20 ਵਰਿਆ ਦੇ ਨੌਜਵਾਨ ਭਗਤਬੀਰ ਸਿੰਘ ਦੀ ਪਿਛਲੇ ਮਹੀਨੇ ਦੀ 27 ਤਰੀਕ ਨੂੰ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਅੱਜ ਉਸਦੇ ਪਰਿਵਾਰ ਵਿੱਚ ਪਹੁੰਚੀ ਤਾਂ ਉਸਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ । ਭਗਤਬੀਰ ਪਰਿਵਾਰ ਵਿੱਚ ਇਕਲੌਤਾ ਲੜਕਾ ਸੀ । ਉਸਦੇ ਪਿਤਾ ਜੋ ਵਾਟਰ ਸਪਲਾਈ ਵਿੱਚ ਕੰਮ ਕਰਦੇ ਸੀ 2017 ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਪਰਿਵਾਰ ਵਿੱਚ ਸਿਰਫ ਭਗਤਬੀਰ ਦੀ ਮਾਂ ਤੇ ਉਸ ਦੀ ਇੱਕ ਭੈਣ ਹੀ ਬਚੇ ਹਨ। ਉੱਥੇ ਹੀ ਉਸਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਭਗਤਬੀਰ ਦੀ ਭੈਣ ਨੂੰ ਉਸਦੇ ਪਿਤਾ ਦੇ ਨੌਕਰੀ ਦਿੱਤੀ ਜਾਵੇ ।
ਜਾਣਕਾਰੀ ਦਿੰਦਿਆ ਭਗਤਬੀਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦਸੰਬਰ ਵਿੱਚ ਭਗਤਬੀਰ ਦੀ ਪੜ੍ਹਾਈ ਪੂਰੀ ਹੋ ਜਾਣੀ ਸੀ। ਉਹ ਪੜ੍ਹਾਈ ਦੇ ਨਾਲ ਨਾਲ ਕਨੇਡਾ ਵਿੱਚ ਕੰਮ ਵੀ ਕਰਦਾ ਸੀ ਪਰ ਪਿਛਲੇ ਮਹੀਨੇ 21 ਅਪ੍ਰੈਲ ਨੂੰ ਕੰਮ ਤੇ ਜਾਂਦੇ ਵਕਤ ਉਸ ਨਾਲ ਸੜਕ ਹਾਦਸਾ ਵਾਪਰ ਗਿਆ। ਕਰੀਬ ਛੇ ਦਿਨ ਦੇ ਇਲਾਜ ਤੋਂ ਬਾਅਦ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਕਰੀਬ ਇੱਕ ਮਹੀਨਾ ਬਾਅਦ ਉਸਦੇ ਪਿੰਡ ਪਹੁੰਚੀ ਹੈ। ਭਗਤਬੀਰ ਪਰਿਵਾਰ ਦਾ ਇਕਲੋਤਾ ਚਿਰਾਗ ਸੀ ਅਤੇ ਉਸ ਦੇ ਪਰਿਵਾਰ ਵਿੱਚ ਹੁਣ ਉਸਦੀ ਮਾਂ ਅਤੇ ਭੈਣ ਹੀ ਰਹਿ ਗਏ ਹਨ । ਜਦ ਕਿ ਉਸ ਦੇ ਪਿਤਾ ਜੋ ਵਾਟਰ ਸਪਲਾਈ ਦੇ ਮੁਲਾਜ਼ਮ ਸਨ ਦੀ ਵੀ ਅੱਠ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹਨਾਂ ਮੰਗ ਕੀਤੀ ਕਿ ਪਰਿਵਾਰ ਦੀ ਲੜਕੀ ਨੂੰ ਉਸਦੇ ਪਿਤਾ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ।