ਕੰਧਾਂ ’ਤੇ ਭੜਕਾਊ ਨਾਅਰੇ ਲਿਖਣ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਤੁਰੰਤ ਕਾਰਵਾਈ; ਕੁਝ ਘੰਟਿਆਂ ’ਚ ਦੋ ਮੁਲਜ਼ਮ ਕਾਬੂ*
*ਵਿਦੇਸ਼-ਅਧਾਰਤ ਹੈਂਡਲਰ ਨਾਲ ਸੰਪਰਕ ਦੀ ਜਾਂਚ; ਥਾਣਾ ਏ-ਡਿਵੀਜ਼ਨ ’ਚ ਮਾਮਲਾ ਦਰਜ*
*ਅੰਮ੍ਰਿਤਸਰ, 27 ਸਤੰਬਰ 2026* :
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸੂਚਨਾ ਮਿਲਣ ਤੋਂ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਨੂੰ ਅੱਜ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਕੰਧਾਂ ’ਤੇ ਭੜਕਾਊ ਅਤੇ ਇਤਰਾਜ਼ਯੋਗ ਨਾਅਰੇ ਲਿਖੇ ਗਏ ਹਨ। ਇਨ੍ਹਾਂ ਵਿੱਚ:
- “WELCOME AMBASSADOR GOR — BUT PUNJAB IS NOT INDIA”
- “TRUMP–AMERICA — KHALISTAN ZINDABAD”
- “PUNJAB HUL KHALISTAN”
ਸ਼ਾਮਲ ਹਨ।
ਇਸ ਤੋਂ ਬਾਅਦ ਪੁਲਿਸ ਦੇ ਧਿਆਨ ਵਿੱਚ ਇਹ ਵੀ ਆਇਆ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਉਕਤ ਕੰਧਾਂ ’ਤੇ ਲਿਖੇ ਨਾਅਰਿਆਂ ਦਾ ਜ਼ਿਕਰ ਕੀਤਾ ਗਿਆ। ਇਸ ਸਬੰਧੀ ਵੀ ਪੁਲਿਸ ਵੱਲੋਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਤੁਰੰਤ ਜਾਂਚ ਸ਼ੁਰੂ ਕਰਦਿਆਂ ਕੰਧਾਂ ’ਤੇ ਨਾਅਰੇ ਲਿਖਣ ਵਾਲੇ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਕਨੀਕੀ ਅਤੇ ਹੋਰ ਜਾਂਚ ਸਾਧਨਾਂ ਦੀ ਵਰਤੋਂ ਕੀਤੀ ਗਈ।
ਮਾਨਯੋਗ ਡੀਜੀਪੀ ਪੰਜਾਬ, ਸ੍ਰੀ ਗੌਰਵ ਯਾਦਵ ਆਈਪੀਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈਪੀਐਸ, ਜਿਹਦੀਆਂ ਹਦਾਇਤਾਂ ਹੇਠ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
*ਕਾਬੂ ਕੀਤੇ ਮੁਲਜ਼ਮ*
*1. ਮੰਗਲ ਸਿੰਘ, ਉਮਰ 26* ਸਾਲ
ਪੁੱਤਰ ਬਲਦੇਵ ਸਿੰਘ, ਵਾਸੀ ਵਾਰਿਅਮ ਸਿੰਘ ਕਲੋਨੀ, ਬਾਹਰ ਖ਼ਜ਼ਾਨਾ ਗੇਟ, ਅੰਮ੍ਰਿਤਸਰ।
- ਪੇਸ਼ਾ: ਆਟੋ ਚਾਲਕ
- ਸਿੱਖਿਆ: 11ਵੀਂ ਪਾਸ
*2. ਅਰਸ਼ਦੀਪ ਸਿੰਘ,* ਉਮਰ 23 ਸਾਲ
ਪੁੱਤਰ ਰਾਜੂ, ਵਾਸੀ ਵਾਰਿਅਮ ਸਿੰਘ ਕਲੋਨੀ, ਚਬਾਲ ਰੋਡ, ਅੰਮ੍ਰਿਤਸਰ।
- ਪੇਸ਼ਾ: ਮਜ਼ਦੂਰ
- ਸਿੱਖਿਆ: 8ਵੀਂ ਪਾਸ
*ਵਿਦੇਸ਼-ਅਧਾਰਤ ਸੰਪਰਕ ਦੀ ਵੀ ਜਾਂਚ*
ਜਾਂਚ ਦੌਰਾਨ ਮੁੱਢਲੇ ਤੌਰ ’ਤੇ ਸਾਹਮਣੇ ਆਇਆ ਹੈ ਕਿ ਮੁਲਜ਼ਮ *ਅਰਸ਼ਦੀਪ ਸਿੰਘ ਦੇ ਵਿਦੇਸ਼-ਅਧਾਰਤ ਹੈਂਡਲਰ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ* ਆਈ ਹੈ। ਪੁਲਿਸ ਵੱਲੋਂ ਇਸ ਸੰਪਰਕ ਦੀ ਪ੍ਰਕਿਰਤੀ, ਮਕਸਦ ਅਤੇ ਇਸ ਮਾਮਲੇ ਨਾਲ ਸਬੰਧ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ FIR ਨੰਬਰ 142 ਮਿਤੀ 26-09-2026, ਧਾਰਾ 196(1), 197(2), 61(2) BNS, ਥਾਣਾ ਏ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜਾਂਚ ਦੌਰਾਨ ਘਟਨਾ ਦੀ ਪੂਰੀ ਕੜੀ, ਇਸ ਦੇ ਪਿੱਛੇ ਮਕਸਦ, ਵਿਦੇਸ਼-ਅਧਾਰਤ ਸੰਪਰਕਾਂ ਅਤੇ ਕਿਸੇ ਹੋਰ ਵਿਅਕਤੀ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਨਤਕ ਅਮਨ-ਸ਼ਾਂਤੀ ਨੂੰ ਪ੍ਰਭਾਵਿਤ ਕਰਨ, ਭੜਕਾਊ ਸਮੱਗਰੀ ਰਾਹੀਂ ਤਣਾਅ ਪੈਦਾ ਕਰਨ ਜਾਂ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
- Download Babushahi App
-
-