ਹਾਈਕੋਰਟ ਦੇ ਨਿਰਦੇਸ਼ਾਂ ਤੇ ਵੀਡੀਓਗਰਾਫੀ 'ਚ ਹੋਈ ਫਤਿਹਗੜ੍ਹ ਚੂੜੀਆਂ ਬਲਾਕ ਸੰਮਤੀ ਚੋਣ
ਕਾਂਗਰਸ ਦੀ ਬੀਬੀ ਦਲਜੀਤ ਕੌਰ ਚੇਅਰਮੈਨ ਅਤੇ ਜਗਿੰਦਰ ਮਹਿੰਦਰ ਸਿੰਘ ਵਾਈਸ-ਚੇਅਰਮੈਨ ਚੁਣੇ ਗਏ, ਤ੍ਰਿਪਤ ਬਾਜਵਾ ਨੇ ਕਿਹਾ ਲੋਕਤੰਤਰ ਦੀ ਹੋਈ ਜਿੱਤ
ਰੋਹਿਤ ਗੁਪਤਾ, ਗੁਰਦਾਸਪੁਰ
ਅੱਜ ਬਲਾਕ ਸੰਮਤੀ ਫਤਿਹਗੜ੍ਹ ਚੂੜੀਆਂ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਨੇ ਦੋਵਾਂ ਅਹੁਦਿਆਂ 'ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਦੀ ਉਮੀਦਵਾਰ ਬੀਬੀ ਦਲਜੀਤ ਕੌਰ ਨੂੰ 25 ਵਿੱਚੋਂ ਕੁੱਲ 14 ਵੋਟਾਂ ਮਿਲੀਆਂ ਅਤੇ ਉਹ ਚੇਅਰਪਰਸਨ ਚੁਣੇ ਗਏ। ਕਾਂਗਰਸ ਦੇ ਉਮੀਦਵਾਰ ਜਗਿੰਦਰ ਮਹਿੰਦਰ ਸਿੰਘ ਨੇ 17 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਤ੍ਰਿਪਤ ਬਾਜਵਾ ਨੇ ਇਸ ਮੌਕੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪਾਰਟੀ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ ਹਨ, ਜਿਸ ਵਿੱਚ ਦੂਜੀਆਂ ਪਾਰਟੀਆਂ (ਆਪ ਅਤੇ ਅਕਾਲੀ ਦਲ) ਦੇ ਮੈਂਬਰਾਂ ਦਾ ਵੀ ਸਮਰਥਨ ਸ਼ਾਮਲ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਕਰਵਾਉਣ ਲਈ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪ੍ਰਕਿਰਿਆ ਮੁਕੰਮਲ ਹੋਈ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਹੋਣ ਦੇ ਬਾਵਜੂਦ ਉਹ ਆਪਣੇ ਬੰਦੇ ਇਕੱਠੇ ਨਹੀਂ ਰੱਖ ਸਕੇ।ਨਵੀਂ ਚੁਣੀ ਚੇਅਰਪਰਸਨ ਬੀਬੀ ਦਲਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਮੂਹ ਮੈਂਬਰਾਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਬਲਾਕ ਸੰਮਤੀ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਅਤੇ ਹੁਣ ਚੇਅਰਪਰਸਨ ਵਜੋਂ ਉਹ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨਗੇ।
ਬਾਜਵਾ ਨੇ ਅਖੀਰ ਵਿੱਚ ਸਮੂਹ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ 2027 ਦੀਆਂ ਚੋਣਾਂ ਲਈ ਵੀ ਉਤਸ਼ਾਹ ਪ੍ਰਗਟਾਇਆ।
Click to Follow Babushahi Facebook page →