ਵਿਕਸਿਤ ਭਾਰਤ ਸੰਕਲਪ ਅਭਿਆਨ ਤਹਿਤ ਪ੍ਰਧਾਨ ਮੰਤਰੀ ਦੇ ਵਰਚੁਅਲ ਸੰਬੋਧਨ ਦਾ ਸਿੱਧਾ ਪ੍ਰਸਾਰਣ ਕਰਵਾਇਆ ਗਿਆ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ, 2 ਅਗਸਤ
ਭਾਰਤ ਸਰਕਾਰ ਦੇ ਯੁਵਾ ਕਾਰਜ ਅਤੇ ਖੇਡ ਮੰਤਰਾਲੇ ਅਧੀਨ ਮੇਰਾ ਯੁਵਾ ਭਾਰਤ (MY Bharat) ਵੱਲੋਂ ਚਲਾਏ ਜਾ ਰਹੇ “ਨਸ਼ਾ ਮੁਕਤ ਯੁਵਾ ਲਈ ਵਿਕਸਿਤ ਭਾਰਤ ਸੰਕਲਪ ਅਭਿਆਨ” ਦੇ ਤਹਿਤ ਅੱਜ ਐਸ.ਐਸ.ਐਮ. ਕਾਲਜ, ਦੀਨਾਨਗਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਭਰ ਦੇ ਨੌਜਵਾਨਾਂ ਨਾਲ ਵਰਚੁਅਲ ਸੰਬੋਧਨ ਦਾ ਸਿੱਧਾ ਪ੍ਰਸਾਰਣ ਕਰਵਾਇਆ ਗਿਆ।
ਇਸ ਅਭਿਆਨ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਕੇ ਨਸ਼ਾ ਮੁਕਤ ਭਾਰਤ ਅਤੇ ਵਿਕਸਿਤ ਭਾਰਤ @2047 ਦੇ ਸੰਕਲਪ ਨੂੰ ਸਾਕਾਰ ਕਰਨਾ ਹੈ।
ਇਸ ਮੌਕੇ ਡਾ. ਆਰ. ਕੇ. ਤੁਲੀ, ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਉਹ ਆਪਣੇ ਅਤੇ ਦੇਸ਼ ਦੇ ਉਜਵਲ ਭਵਿੱਖ ਦੀ ਸਿਰਜਣਾ ਕਰ ਸਕਦੇ ਹਨ।
ਪ੍ਰੋ. ਸੁਸ਼ਮਾ (ਐਨ.ਐੱਸ.ਐੱਸ. ਅਫ਼ਸਰ), ਪ੍ਰੋ. ਸੁਬੀਰ ਰਾਗਬੋਤਰਾ (ਐਨ.ਐੱਸ.ਐੱਸ. ਅਫ਼ਸਰ), ਪ੍ਰੋ. ਅਮਿਤ (ਐਨ.ਸੀ.ਸੀ. ਅਫ਼ਸਰ) ਅਤੇ ਪ੍ਰੋ. ਸੋਨੂ, ਮੁਖੀ ਸੰਗੀਤ ਵਿਭਾਗ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ, ਗੁਰਦਾਸਪੁਰ ਸ੍ਰੀਮਤੀ ਸੰਦੀਪ ਕੌਰ ਨੇ ਦੱਸਿਆ ਕਿ ਇਹ ਅਭਿਆਨ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਇੱਕ ਮੰਚ ’ਤੇ ਲਿਆ ਕੇ ਨਸ਼ਿਆਂ ਖ਼ਿਲਾਫ਼ ਜਨ-ਅੰਦੋਲਨ ਦਾ ਰੂਪ ਦੇਣ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ MY Bharat ਪੋਰਟਲ ’ਤੇ ਈ-ਪਲੇਜ (e-Pledge) ਲੈਣ ਅਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਨੂੰ ਵੀ ਨਸ਼ਾ ਮੁਕਤ ਭਾਰਤ ਦੇ ਇਸ ਸੰਕਲਪ ਨਾਲ ਜੋੜਨ।
ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਵਲੰਟੀਅਰਾਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ ਅਤੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਦੁਹਰਾਉਂਦਿਆਂ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ।
- Download Babushahi App
-
-