ਕੋਰਟ ਕੰਪਲੈਕਸ ਬਟਾਲਾ ਵਿਖੇ ਯੋਗਾ ਕੈਂਪ ਲਗਾਇਆ
ਰੋਹਿਤ ਗੁਪਤਾ
ਬਟਾਲਾ, 21 ਜੂਨ
ਡਾਇਰੈਕਟਰ ਆਯੁਰਵੇਦਾ ਪੰਜਾਬ ਡਾ ਰਮਨ ਖੰਨਾ ਦੇ ਹੁਕਮਾਂ ਅਨੁਸਾਰ ਅਤੇ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਗੁਰਦਾਸਪੁਰ ਡਾ ਰਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਕੋਰਟ ਕੰਪਲੈਕਸ ਬਟਾਲਾ ਵਿਖੇ ਯੋਗਾ ਕੈਂਪ ਲਗਾਇਆ ਗਿਆ।
ਇਸ ਮੌਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਯੋਗਾ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਡਾ. ਮੰਜੂ, ਆਯੁਰਵੈਦਿਕ ਮੈਡੀਕਲ ਅਫ਼ਸਰ, ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਸਾਡੀ ਪ੍ਰਾਚੀਨ ਵਿਰਾਸਤ ਹੈ, ਜੋ ਸਰੀਰਕ, ਮਾਨਸਿਕ ਅਤੇ ਆਤਮਿਕ ਤੰਦਰੁਸਤੀ ਲਈ ਬਹੁਤ ਹੀ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਤੌਰ ’ਤੇ ਯੋਗਾ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਤਣਾਅ ਮੁਕਤ ਜੀਵਨ ਜਿਊਣ ਵਿੱਚ ਮਦਦ ਮਿਲਦੀ ਹੈ।
ਇਸ ਮੌਕੇ ਮਾਨਯੋਗ ਸ੍ਰੀ ਦਵਿੰਦਰ ਸਿੰਘ (ਜੇ.ਐੱਮ.ਆਈ.ਸੀ., ਬਟਾਲਾ) ਅਤੇ ਸ੍ਰੀਮਤੀ ਸ਼ਿਵਾਨੀ (ਜੇ.ਐੱਮ.ਆਈ.ਸੀ., ਬਟਾਲਾ) ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ ਅਤੇ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਪ੍ਰਨੀਤ ਆਯੁਰਵੈਦਿਕ ਮੈਡੀਕਲ ਅਫ਼ਸਰ , ਯੋਗਾ ਇੰਸਟ੍ਰਕਟਰ ਅਰਸ਼ਦੀਪਸਿੰਘ ਅਤੇ ਗੁਨੀਤ ਕੌਰ ਨੇ ਹਾਜ਼ਰ ਕਰਮਚਾਰੀਆਂ ਨੂੰ ਵੱਖ ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਦੀਆਂ ਕ੍ਰਿਆਵਾਂ ਦਾ ਅਭਿਆਸ ਕਰਵਾਇਆ।
ਇਸ ਪ੍ਰੋਗਰਾਮ ਵਿੱਚ ਕੋਰਟ ਕੰਪਲੈਕਸ ਦੇ ਸਮੂਹ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦੇਸ਼ “ਤੰਦਰੁਸਤ ਬੁਢਾਪੇ ਲਈ ਯੋਗ” ਨੂੰ ਅਪਣਾਉਣ ਦਾ ਸੰਕਲਪ ਲਿਆ।
- Download Babushahi App
-
-