Documentary Filmmaker! ਡਾਕੂਮੈਂਟਰੀ ਫਿਲਮਸਾਜ਼ ਵਿਸ਼ਾਲ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ- ਜਮਹੂਰੀ ਫਰੰਟ
ਚੰਡੀਗੜ੍ਹ, 4 ਅਗਸਤ 2026-
ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਕੇ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ .ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ ਪਾਲ ਨੇ ਡਾਕੂਮੈਂਟਰੀ ਫਿਲਮਸਾਜ਼ ਅਤੇ ਕਾਰਕੁਨ ਵਿਸ਼ਾਲ ਸਿੰਘ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਜੀਵਨ ਸਾਥਣ ਰੇਬੇਕਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲਖਨਊ ਸਾਜ਼ਿਸ਼ ਕੇਸ ਵਿੱਚ ਜੂਨ 2025 ਤੋਂ ਹਿਰਾਸਤ ਵਿਚ ਵਿਸ਼ਾਲ ਸਿੰਘ ਦੀ ਸਿਹਤ ਬਹੁਤ ਗੰਭੀਰ ਹੈ। 34 ਸਾਲਾ ਵਿਸ਼ਾਲ ਸਿੰਘ ਪਹਿਲਾਂ ਤੋਂ ਹੀ ਮਾਈਗ੍ਰੇਨ ਦੀ ਸਮੱਸਿਆ ਨਾਲ ਪੀੜਤ ਸਨ, ਪਰ ਜੇਲ੍ਹ ਵਿੱਚ ਰਹਿਣ ਦੌਰਾਨ ਉਨ੍ਹਾਂ ਦੀ ਹਾਲਤ ਤੇਜ਼ੀ ਨਾਲ ਵਿਗੜ ਗਈ ਹੈ। ਉਨ੍ਹਾਂ ਨੂੰ ਹਰ ਦੋ-ਤਿੰਨ ਦਿਨਾਂ ਬਾਅਦ ਮਾਈਗ੍ਰੇਨ ਦਾ ਦੌਰਾ ਪੈਂਦਾ ਹੈ ਅਤੇ ਉਹ ਬਿਨਾਂ ਮਾਹਰ ਡਾਕਟਰੀ ਇਲਾਜ ਜਾਂ ਲੋੜੀਂਦੀ ਡਾਕਟਰੀ ਨਿਗਰਾਨੀ ਦੇ ਸਿਰਫ਼ ਆਰਜ਼ੀ ਦਵਾਈਆਂ ਦੇ ਸਹਾਰੇ ਵਕਤ ਗੁਜ਼ਾਰ ਰਹੇ ਹਨ।
ਮਾਰਚ ਵਿੱਚ ਉਨ੍ਹਾਂ ਨੂੰ ਦੌਰੇ ਵਰਗੀ ਗੰਭੀਰ ਮੈਡੀਕਲ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਦਾ ਇੱਕ ਪਾਸਾ ਸੁੰਨ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਖ਼ਤਰਨਾਕ ਪੱਧਰ ਤੱਕ ਵਧ ਜਾਣ ਕਾਰਨ ਲਗਾਤਾਰ ਉਲਟੀਆਂ ਆ ਰਹੀਆਂ ਹਨ, ਚਿਹਰੇ ਅਤੇ ਲੱਤਾਂ ਵਿੱਚ ਸੋਜ ਹੈ, ਬਿਨਾਂ ਸਹਾਰੇ ਤੁਰਨ ਵਿਚ ਵੀ ਮੁਸ਼ਕਲ ਆ ਰਹੀ ਹੈ ਅਤੇ ਨਜ਼ਰ ਇੰਨੀ ਘੱਟ ਹੋ ਗਈ ਹੈ ਕਿ ਉਹ ਨੇੜੇ ਖੜ੍ਹੇ ਵਿਅਕਤੀ ਨੂੰ ਵੀ ਪਛਾਣ ਨਹੀਂ ਸਕਦੇ। ਰੇਬੇਕਾ ਨੇ ਦੱਸਿਆ ਕਿ 22 ਜੁਲਾਈ ਨੂੰ ਮੁਲਾਕਾਤ ਦੌਰਾਨ ਵਿਸ਼ਾਲ ਆਪਣੀ ਉਸ ਨੂੰ ਇੱਕ ਫੁੱਟ ਦੂਰੀ ਤੋਂ ਵੀ ਨਹੀਂ ਪਛਾਣ ਸਕੇ। ਵਿਸ਼ਾਲ ਆਪਣੇ ਆਪ ਬਾਥਰੂਮ ਜਾਣ ਦੇ ਯੋਗ ਵੀ ਨਹੀਂ ਰਹੇ ਅਤੇ ਉਨ੍ਹਾਂ ਦਾ ਲੋੜੀਂਦਾ ਇਲਾਜ ਕਰਾਉਣ ਦੀ ਬਜਾਏ ਪੰਜ ਦਿਨ ਜੇਲ੍ਹ ਦੀ ਓ.ਪੀ.ਡੀ. ਵਿੱਚ ਹੀ ਰੱਖਿਆ ਗਿਆ।
ਵਿਸ਼ਾਲ ਸਿੰਘ ਨੂੰ ਐੱਨਆਈਏ ਨੇ 2023 ਵਿੱਚ ਕੀਤੀਆਂ ਗ੍ਰਿਫ਼ਤਾਰੀਆਂ ਤੇ ਛਾਪੇਮਾਰੀਆਂ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਵਿੱਚ ਕਈ ਰਾਜਾਂ ਦੇ ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਵਕੀਲਾਂ, ਵਿਦਿਆਰਥੀਆਂ ਅਤੇ ਮਜ਼ਦੂਰ ਆਗੂਆਂ ਨੂੰ ਸੀ.ਪੀ.ਆਈ. (ਮਾਓਵਾਦੀ) ਦੇ ਓਵਰ ਗਰਾਊਂਡ ਵਰਕਰ ਹੋਣ ਦਾ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਭੀਮਾ ਕੋਰੇਗਾਓਂ ਸਾਜ਼ਿਸ਼ ਮਾਮਲੇ ਦੀ ਤਰਜ਼ ’ਤੇ ਲੋਕਪੱਖੀ ਅਤੇ ਜਮਹੂਰੀ ਕਾਰਕੁਨਾਂ ਨੂੰ “ਅਰਬਨ ਨਕਸਲ” ਜਾਂ “ਓਵਰ ਗਰਾਊਂਡ ਵਰਕਰ” ਦਾ ਠੱਪਾ ਲਗਾ ਕੇ ਉਨ੍ਹਾਂ ਦੀ ਲੰਮਾ ਸਮਾਂ ਜੇਲ੍ਹਬੰਦੀ ਨੂੰ ਜਾਇਜ਼ ਠਹਿਰਾਉਣ ਦੀ ਸਾਜ਼ਿਸ਼ ਹੈ।
ਅਜਿਹੇ ਕੇਸਾਂ ਨੂੰ ਕਈ ਕਈ ਸਾਲ ਅਦਾਲਤਾਂ ਵਿਚ ਵਿਚਾਰ ਅਧੀਨ ਰੱਖਕੇ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਸਾੜਿਆ ਜਾ ਰਿਹਾ ਹੈ। ਗ੍ਰਿਫ਼ਤਾਰੀ ਤੋਂ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਐੱਨਆਈਏ ਨੇ ਅਜੇ ਤੱਕ ਵਿਸ਼ਾਲ ਸਿੰਘ ਵਿਰੁੱਧ ਚਾਰਜਸ਼ੀਟ ਵੀ ਦਾਇਰ ਨਹੀਂ ਕੀਤੀ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਝੂਠਾ ਲਖਨਊ ਸਾਜ਼ਿਸ਼ ਕੇਸ ਰੱਦ ਕੀਤਾ ਜਾਵੇ, ਵਿਸ਼ਾਲ ਸਿੰਘ ਸਮੇਤ ਇਸ ਕੇਸ ਵਿਚ ਜੇਲ੍ਹਬੰਦ ਸਾਰੇ ਕਾਰਕੁਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਜਬਰ ਦਾ ਸੰਦ ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ।