ਸਿੱਖਿਆ ਵਿਭਾਗ ਵਲੋਂ ਲਗਾਏ ਜਾ ਰਹੇ ਪੁਸਤਕਾਂ ਦੇ ਲੰਗਰ ਦਾ ਮਾਪੇ ਕਰ ਰਹੇ ਸਵਾਗਤ : ਮਨਿੰਦਰ ਕੌਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 24 ਜੁਲਾਈ 2021 - ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੋੜਨ ਲਈ ਅਤੇ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਅੰਦਰ ਪੜਨ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਾਹਿਤਕ ਰਚਨਾਵਾਂ ਨਾਲ ਜੋੜਨ ਦੇ ਮਕਸਦ ਨਾਲ ਕੀਤੇ ਜਾ ਰਹੇ ਅਨੇਕਾਂ ਉਪਰਾਲਿਆਂ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਫ਼ਰੀਦਕੋਟ ਜ਼ਿਲੇ ਅੰਦਰ ਪੁਸਤਕ ਲੰਗਰ ਲਹਿਰ ਚਲਾਈ ਜਾ ਰਹੀ ਹੈ | ਇਸ ਤਹਿਤ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਵਲੋਂ ਵੱਖ-2 ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਜਾ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪੁਸਤਕਾਂ ਪੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਸਰਕਾਰੀ ਪ੍ਰਾਇਮਰੀ ਸੁਰਗਾਪੁਰੀ 'ਚ ਸਕੂਲ ਮੁਖੀ ਸੇਵਕ ਸਿੰਘ ਵਲੋਂ 826 ਕਿਤਾਬਾਂ ਦਾ ਪ੍ਰਦਰਸ਼ਨ ਸਕੂਲ ਦੇ ਵੱਖ-2 ਥਾਵਾਂ 'ਤੇ ਕੀਤਾ ਗਿਆ |
ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਮਾਪਿਆਂ ਅਤੇ ਅਧਿਆਪਕਾਂ ਨੇ ਸਕੂਲ ਮੁਖੀ ਮਨੀਸ਼ ਕੁਮਾਰ ਦੀ ਯੋਗ ਅਗਵਾਈ ਹੇਠ ਪੁਸਤਕ ਲੰਗਰ ਲਗਾਇਆ ਗਿਆ | ਸਰਕਾਰੀ ਪ੍ਰਾਇਮਰੀ ਵਾਰਡ ਨੰਬਰ-10 ਵਿਖੇ ਸਕੂਲ ਮੁਖੀ ਮਨਦੀਪ ਕੌਰ ਦੀ ਅਗਵਾਈ ਹੇਠ ਜਿਥੇ 300 ਤੋਂ ਵੱਧ ਮਾਪੇ ਅਤੇ ਬੱਚਿਆਂ ਨੇ 350 ਪੁਸਤਕਾਂ ਨੂੰ ਪੜਕੇ ਆਨੰਦ ਮਾਣਿਆ | ਬਲਾਕ ਫ਼ਰੀਦਕੋਟ-3 ਸਰਕਾਰੀ ਪ੍ਰਾਇਮਰੀ ਸਕੂਲ ਪਿੱਪਲੀ ਨਵੀਂ ਜਸਕੇਵਲ ਸਿੰਘ ਸਕੂਲ ਮੁਖੀ ਦੀ ਅਗਵਾਈ ਹੇਠ ਵਿਸ਼ਾਲ ਸਮਾਗਮ ਕੀਤਾ ਗਿਆ | ਪੁਸਤਕ ਲੰਗਰ ਦੇ ਸਬੰਧ 'ਚ ਗੁਰਮੀਤ ਸਿੰਘ ਬੀ.ਪੀ.ਈ.ਓ. ਫ਼ਰੀਦਕੋਟ-3, ਮਹਿੰਦਰਜੀਤ ਸਿੰਘ ਬਰਾੜ ਸਰਪੰਚ ਗ੍ਰਾਮ ਪੰਚਾਇਤ ਪਿਪਲੀ ਨਵੀਂ, ਐਸ.ਡੀ.ਓ.ਤਾਰਾ ਚੰਦ ਪੰਚਾਇਤੀ ਰਾਜ ਫ਼ਰੀਦਕੋਟ, ਰਵਿੰਦਰ ਕੌਰ ਹੈੱਡ ਮਿਸਟ੍ਰੈਸ, ਦਲਵਿੰਦਰ ਕੌਰ, ਮਨਿੰਦਰ ਕੌਰ ਅਤੇ ਰੁਚੀ ਸ਼ਰਮਾ ਨੇ ਸ਼ਮੂਲੀਅਤ ਕੀਤੀ |
ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਾਂਪੁਰਸ਼ ਨਜ਼ੀਕ ਸ਼ਾਹ ਘੁਗਿਆਣੇ ਵਾਲੇ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਜਿੱਥੇ ਲਾਇਬ੍ਰੇਰੀ ਲੰਗਰ ਤਹਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ ਉੱਥੇ ਸਿੱਖਿਆ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ 'ਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਨਿਵਾਜਿਆ ਗਿਆ | ਸਰਕਾਰੀ ਹਾਈ ਸਕੂਲ ਪਿੱਪਲੀ ਨਵੀਂ ਵਿਖੇ ਵੀ ਮਾਪਿਆਂ ਨੇ ਵੱਧ ਚੜਕੇ ਹਿੱਸਾ ਲਿਆ, ਨਰਸਰੀ ਕੇ.ਜੀ. ਸਰਕਾਰੀ ਪ੍ਰਾਇਮਰੀ ਵਿਖੇ ਨੀਤੂ ਗੁਪਤਾ ਸਕੂਲ ਮੁਖੀ ਅਤੇ ਸਟਾਫ਼ ਦੀ ਅਗਵਾਈ ਹੇਠ 307 ਕਿਤਾਬਾਂ ਦੇ ਪ੍ਰਦਰਸ਼ਨ ਦਾ 150 ਤੋਂ ਵੱਧ ਮਾਪੇ ਅਤੇ ਅਧਿਆਪਕਾਂ ਨੇ ਲੁਤਫ਼ ਉਠਾਇਆ | ਪੁਸਤਕ ਵੰਡਣ ਸਮੇਂ ਮਨਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦਿਆਂ ਜਿੱਥੇ ਸਕੂਲ ਮੁਖੀਆਂ ਵਲੋਂ ਆਪਣੇ ਪੱਧਰ 'ਤੇ ਠੋਸ ਯੋਜਨਾਬੰਦੀ ਤਹਿਤ ਪਹਿਲਕਦਮੀਆਂ ਕੀਤੀਆਂ ਗਈਆਂ ਉੱਥੇ ਉਨ੍ਹਾਂ ਨੇ ਐੱਨ.ਏ.ਐੱਸ. ਸਰਵੇਖਣ ਅਤੇ ਸਿੱਖਣ ਪਰਿਣਾਮਾਂ ਬਾਰੇ ਵੀ ਮਾਪਿਆਂ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਮਾਪਿਆਂ ਨੂੰ ਐੱਨ.ਏ.ਐੱਸ ਅਭਿਆਸ ਸ਼ੀਟਾਂ ਦੀ ਤਿਆਰੀ ਲਈ ਤਵੱਜੋਂ ਦੇਣ ਦੀ ਤਵੱਜੋਂ ਕੀਤੀ |
ਮਾਪਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਜਦੋਂ ਬੱਚੇ ਘਰ ਲਿਜਾਕੇ ਪੜਨਗੇ ਤਾਂ ਕਿਤਾਬਾਂ ਬਾਰੇ ਘੱਟੋ ਘੱਟ 80 ਤੋਂ 100 ਸ਼ਬਦਾਂ 'ਚ ਵਿਚਾਰ ਆਪਣੇ ਅਧਿਆਪਕਾਂ ਨੂੰ ਜ਼ਰੂਰ ਲਿਖਕੇ ਭੇਜਣ ਅਤੇ ਸਕੂਲ ਖੁੱਲਣ ਉਪਰੰਤ ਅਧਿਆਪਕ ਇਹ ਕਿਤਾਬ ਸਮੀਖਿਆ ਸਾਰੇ ਵਿਦਿਆਰਥੀਆਂ ਨਾਲ ਸਾਂਝਾ ਕਰਨਗੇ | ਪੁਸਤਕ ਲੰਗਰ ਦੇ ਇਸ ਸਫ਼ਰ ਸੁਰਜੀਤ ਸਿੰਘ ਬੀ.ਪੀ.ਈ.ਓ. ਕੋਟਕਪੂਰਾ, ਗੁਰਮੀਤ ਸਿੰਘ ਫ਼ਰੀਦਕੋਟ-3 ਅਤੇ ਸਕੂਲਾਂ ਦੇ ਸਟਾਫ਼ ਨੇ ਅਹਿਮ ਭੂਮਿਕਾ ਅਦਾ ਕੀਤੀ | ਸਮੁੱਚੀ ਮੁਹਿੰਮ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਖੁਸ਼ਵਿੰਦਰ ਸਿੰਘ ਕਲਰਕ ਨੇ ਕੀਤੀ |