ਸੰਜੀਵ ਅਰੋੜਾ ਵੱਲੋਂ ਸੀਆਈਆਈ ਸਮਾਗਮ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ
- ਨੀਤੀ ਲਾਗੂਕਰਨ ਨੂੰ ਹੋਰ ਮਜ਼ਬੂਤ ਕਰਨ ਲਈ ਉਦਯੋਗਾਂ ਨੂੰ ਉਹਨਾਂ ਦੇ ਫੀਡਬੈਕ ਅਤੇ ਸਹਿਯੋਗ ਲਈ ਸੱਦਾ ਦਿੱਤਾ
- ਅਰੋੜਾ ਨੇ ਉਦਯੋਗਪਤੀਆਂ ਨੂੰ ਉਦਯੋਗਿਕ ਨੀਤੀ ਵਿੱਚ ਉਨ੍ਹਾਂ ਦੇ ਕੀਮਤੀ ਸੁਝਾਵਾਂ ਨੂੰ ਸ਼ਾਮਲ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ, 30 ਜੁਲਾਈ 2025: ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਪੰਜਾਬ ਨੇ ਅੱਜ ਪੰਜਾਬ ਸਰਕਾਰ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨਾਲ ਸੀਆਈਆਈ ਉੱਤਰੀ ਖੇਤਰ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਇੱਕ ਉੱਚ-ਪੱਧਰੀ ਇੰਟਰਐਕਟਿਵ ਸੈਸ਼ਨ ਕਰਵਾਇਆ। ਇਸ ਸੈਸ਼ਨ ਵਿੱਚ ਮੋਹਰੀ ਉਦਯੋਗ ਭਾਈਵਾਲਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਆਪਣੇ ਮੁੱਖ ਭਾਸ਼ਣ ਦੌਰਾਨ ਪੰਜਾਬ ਵਿੱਚ ਇੱਕ ਪ੍ਰਗਤੀਸ਼ੀਲ ਉਦਯੋਗਿਕ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਨੀਤੀ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਉਦਯੋਗਾਂ ਨੂੰ ਉਹਨਾਂ ਦੇ ਫੀਡਬੈਕ ਅਤੇ ਸਹਿਯੋਗ ਲਈ ਸੱਦਾ ਦਿੱਤਾ। ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇੱਕ ਮੋਹਰੀ ਨਿਵੇਸ਼ ਸਥਾਨ ਵਜੋਂ ਸਥਾਪਤ ਕਰਨ ਲਈ ਉਦਯੋਗਿਕ ਖੇਤਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਕਾਰੋਬਾਰ ਲਈ ਮਾਹੌਲ ਸਿਰਜਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਿਵੇਸ਼ਕ ਲੰਬੇ ਸਮੇਂ ਦੇ ਇਸ ਦ੍ਰਿਸ਼ਟੀਕੋਣ 'ਤੇ ਭਰੋਸਾ ਮਹਿਸੂਸ ਕਰ ਰਹੇ ਹਨ । ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੇ ਉਦਯੋਗਿਕ ਨੀਤੀ ਵਿੱਚ ਹੋਰ ਸੁਧਾਰ ਕਰਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਸੈਕਟਰਲ ਵਿਸ਼ੇਸ਼ ਕਮੇਟੀਆਂ ਦੇ ਗਠਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੁਆਰਾ ਲਏ ਗਏ ਪਿਛਲੇ ਫੈਸਲੇ ਜਿਵੇਂ ਕਿ ਵਨ ਟਾਈਮ ਸੈਟਲਮੈਂਟ ਸਕੀਮ ਅਤੇ ਲੀਜ਼ਹੋਲਡ ਤੋਂ ਫ੍ਰੀਹੋਲਡ ਉਦਯੋਗਿਕ ਪਲਾਟਾਂ ਕਰਨ ਆਦਿ ਦੀ ਵੀ ਸ਼ਲਾਘਾ ਕੀਤੀ ਅਤੇ ਪੰਜਾਬ ਵਿੱਚ ਏਅਰ ਕਾਰਗੋ ਸਹੂਲਤ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਸੰਜੀਵ ਅਰੋੜਾ ਨੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਵਿੱਚ ਏਅਰ ਕਾਰਗੋ ਸਹੂਲਤ ਖੋਲ੍ਹਣ ਲਈ ਸੁਹਿਰਦ ਯਤਨ ਕਰਨਗੇ।
ਇੱਕ ਸਵਾਲ ਦੇ ਜਵਾਬ ਵਿੱਚ ਸੰਜੀਵ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਦੀਆਂ ਹੱਦਾਂ ਤੋਂ ਬਾਹਰ ਇਮਾਰਤਾਂ ਲਈ ਸਮਰੱਥ ਅਥਾਰਟੀ ਦੀ ਲੋੜ ਨਹੀਂ ਕਿਉਂਕਿ ਫੈਕਟਰੀ ਵਿਭਾਗ ਦੁਆਰਾ ਪੂਰੀ ਤਰ੍ਹਾਂ ਢਾਂਚਾਗਤ ਤਸਦੀਕ ਤੋਂ ਬਾਅਦ ਜਾਰੀ ਕੀਤਾ ਗਿਆ ਸਥਿਰਤਾ ਸਰਟੀਫਿਕੇਟ ਇਸੇ ਉਦੇਸ਼ ਦੀ ਪੂਰਤੀ ਕਰਦਾ ਹੈ ਅਤੇ ਇਸਨੂੰ ਜਾਇਜ ਮੰਨਿਆ ਜਾਣਾ ਚਾਹੀਦਾ ਹੈ। ਰਾਜ ਸਰਕਾਰ ਨੇ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਕਨਵੈਨਸ਼ਨ ਸੈਂਟਰ ਤਿਆਰ ਕਰਨ ਦੀ ਪ੍ਰਕਿਰਿਆ ਅਧੀਨ ਹੈ ਅਤੇ ਇੱਕ ਆਨਲਾਈਨ ਸੀਆਰਓ ਸ਼ੁਰੂ ਕੀਤਾ ਹੈ ਜੋ 15 ਕੰਮਕਾਜੀ ਦਿਨਾਂ ਦੇ ਅੰਦਰ ਪ੍ਰਦਾਨ ਕੀਤਾ ਜਾਵੇਗਾ।
ਸੀਆਈਆਈ ਪੰਜਾਬ ਦੇ ਚੇਅਰਮੈਨ ਅਤੇ ਸ਼ਿੰਗੋਰਾ ਟੈਕਸਟਾਈਲਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਜੈਨ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਉਦਯੋਗ-ਸਰਕਾਰ ਗੱਲਬਾਤ ਨੂੰ ਸੁਚਾਰੂ ਬਣਾਉਣ ਵਿੱਚ ਸੀਆਈਆਈ ਦੀ ਭੂਮਿਕਾ 'ਤੇ ਚਾਨਣਾ ਪਾਇਆ। ਇਸ ਸੈਸ਼ਨ ਵਿੱਚ ਇਨਵੈਸਟ ਪੰਜਾਬ ਦੇ ਸੀਈਓ ਸ੍ਰੀ ਅਮਿਤ ਢਾਕਾ ਨੇ ਮੁੱਖ ਭਾਸ਼ਣ ਦਿੱਤਾ, ਜਿਨ੍ਹਾਂ ਨੇ ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਲਈ ਸਰਕਾਰ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ।
ਇਸ ਉਪਰੰਤ ਓਪਨ ਹਾਊਸ ਨੇ ਮੈਂਬਰਾਂ ਨੂੰ ਮੰਤਰੀ ਤੇ ਸੀਨੀਅਰ ਅਧਿਕਾਰੀਆਂ ਨਾਲ ਆਪਣੇ ਸੁਝਾਅ, ਚੁਣੌਤੀਆਂ ਅਤੇ ਸੁਝਾਅ ਸਿੱਧੇ ਸਾਂਝੇ ਕਰਨ ਦੇ ਯੋਗ ਬਣਾਇਆ। ਮੈਂਬਰਾਂ ਨੇ ਸੁਝਾਅ ਦਿੱਤਾ ਕਿ ਉਦਯੋਗਿਕ ਨੀਤੀ ਤਹਿਤ ਲੇਬਰ ਕਲੋਨੀਆਂ ਨੂੰ ਪ੍ਰੋਤਸਾਹਨ ਲਈ ਵਿਚਾਰਿਆ ਜਾਵੇ।
ਇਸ ਸਮਾਗਮ ਦਾ ਸਮਾਪਨ ਹਰਪ੍ਰੀਤ ਸਿੰਘ ਨਿੱਬਰ, ਵਾਈਸ ਚੇਅਰਮੈਨ, ਸੀਆਈਆਈ ਪੰਜਾਬ ਅਤੇ ਸੀਐਮਡੀ, ਪ੍ਰੀਤਿਕਾ ਇੰਡਸਟਰੀਜ਼ ਲਿਮਟਿਡ ਦੁਆਰਾ ਧੰਨਵਾਦ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ।