ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਬਲਾਕ ਗਾਈਡੈਂਸ ਕੌਂਸਲਰਜ ਵੱਲੋਂ ਸਕੂਲਾਂ ਦੀਆਂ ਗਤੀਵਿਧੀਆਂ ਦੀ ਸਮੀਖਿਆ
ਰੋਹਿਤ ਗੁਪਤਾ
ਗੁਰਦਾਸਪੁਰ, 22 ਅਗਸਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਜੇਸ਼ ਕੁਮਾਰ ਸ਼ਰਮਾ ਸਟੇਟ ਅਵਾਰਡੀ ਦੀ ਦੇਖ-ਰੇਖ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਦੀ ਅਗਵਾਈ ਵਿੱਚ ਬਲਾਕ ਗਾਈਡੈਂਸ ਕੌਂਸਲਰਜ਼ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਗਾਈਡੈਂਸ ਅਤੇ ਵਿਦਿਆਰਥੀ-ਕੇਂਦਰਿਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਸਕੂਲ ਵਿਜ਼ਿਟ ਮੁਹਿੰਮ ਦੌਰਾਨ ਸਰਕਾਰੀ ਹਾਈ ਸਕੂਲ ਡੁਗਰੀ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੋਰਾਂਗਲਾ, ਬਲਾਕ ਦੋਰਾਂਗਲਾ; ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰੋਸੇ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਛੋਹਣ, ਬਲਾਕ ਕਲਾਨੌਰ; ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਾਂਗੋਆਨੀ, ਸਰਕਾਰੀ ਹਾਈ ਸਕੂਲ ਬਟੋਇਆ; ਸਰਕਾਰੀ ਮਿਡਲ ਸਕੂਲ ਦਬੁਰਜੀ ਸ਼ਾਮ ਸਿੰਘ, ਬਲਾਕ ਦੀਨਾਨਗਰ-1; ਸਰਕਾਰੀ ਹਾਈ ਸਕੂਲ ਬੱਬਰੀ, ਮੈਰੀਟੋਰੀਅਸ ਸਕੂਲ ਗੁਰਦਾਸਪੁਰ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੁੱਟਰ ਕਲਾਂ, ਬਲਾਕ ਕਾਦੀਆਂ-1 ਦਾ ਦੌਰਾ ਕੀਤਾ ਗਿਆ।
ਇਨ੍ਹਾਂ ਵਿਜ਼ਿਟਾਂ ਦੌਰਾਨ ਬਲਾਕ ਗਾਈਡੈਂਸ ਕੌਂਸਲਰਜ਼ ਹਰੀਸ਼ ਬਾਵਾ, ਜਸਬੀਰ ਸਿੰਘ, ਵੀਰ ਕਲਭੂਸ਼ਣ, ਅਸ਼ਵਨੀ ਅਤੇ ਸਾਹਿਲ ਕਲੋਤਰਾ ਵੱਲੋਂ ਆਪੋ-ਆਪਣੇ ਬਲਾਕਾਂ ਦੇ ਸਕੂਲਾਂ ਵਿੱਚ ਗਾਈਡੈਂਸ ਗਤੀਵਿਧੀਆਂ ਦੀ ਨਿਗਰਾਨੀ ਅਤੇ ਸਮੀਖਿਆ ਕੀਤੀ ਗਈ। ਟੀਮ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਗਾਈਡੈਂਸ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੇ ਸੁਝਾਅ ਵੀ ਦਿੱਤੇ ਗਏ।
ਵਿਜ਼ਿਟ ਦੌਰਾਨ ਸਕੂਲਾਂ ਵਿੱਚ ਚੱਲ ਰਹੀਆਂ ਕੈਰੀਅਰ ਗਾਈਡੈਂਸ ਅਤੇ ਕੌਂਸਲਿੰਗ ਗਤੀਵਿਧੀਆਂ, ਗਾਈਡੈਂਸ ਕਾਰਨਰਾਂ ਦੀ ਕਾਰਗੁਜ਼ਾਰੀ, ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਤੀਵਿਧੀਆਂ ਅਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ।
ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਮੁਕੇਸ਼ ਵਰਮਾ ਅਤੇ ਬਲਾਕ ਗਾਈਡੈਂਸ ਕੌਂਸਲਰਜ਼ ਵੱਲੋਂ ਉਨ੍ਹਾਂ ਨੂੰ ਆਪਣੀ ਰੁਚੀ, ਯੋਗਤਾ ਅਤੇ ਸਮਰੱਥਾ ਅਨੁਸਾਰ ਸਹੀ ਕੈਰੀਅਰ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਵੱਖ-ਵੱਖ ਕੈਰੀਅਰ ਮਾਰਗਾਂ ਅਤੇ ਭਵਿੱਖ ਵਿੱਚ ਉਪਲਬਧ ਰੋਜ਼ਗਾਰ ਦੇ ਮੌਕਿਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਨਸ਼ਾ ਵਿਰੋਧੀ ਜਾਗਰੂਕਤਾ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਨਸ਼ਾ-ਮੁਕਤ ਜੀਵਨ, ਸਕਾਰਾਤਮਕ ਸੋਚ, ਖੇਡਾਂ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਨਸ਼ਿਆਂ ਵਰਗੀ ਸਮਾਜਿਕ ਕੁਰੀਤੀ ਤੋਂ ਦੂਰ ਰਹਿ ਕੇ ਇੱਕ ਸਿਹਤਮੰਦ, ਸੁਰੱਖਿਅਤ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ।
ਮੁਕੇਸ਼ ਵਰਮਾ ਨੇ ਕਿਹਾ ਕਿ ਕੈਰੀਅਰ ਗਾਈਡੈਂਸ ਸਿਰਫ਼ ਵਿਦਿਆਰਥੀਆਂ ਨੂੰ ਰੋਜ਼ਗਾਰ ਦੀ ਦਿਸ਼ਾ ਦਿਖਾਉਣ ਤੱਕ ਸੀਮਿਤ ਨਹੀਂ, ਸਗੋਂ ਉਨ੍ਹਾਂ ਨੂੰ ਸਹੀ ਫੈਸਲੇ ਲੈਣ ਵਾਲੇ, ਆਤਮ-ਵਿਸ਼ਵਾਸੀ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਕੈਰੀਅਰ ਮਾਰਗਦਰਸ਼ਨ ਦੇ ਨਾਲ-ਨਾਲ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣਾ ਸਮੇਂ ਦੀ ਮੁੱਖ ਲੋੜ ਹੈ।
- Download Babushahi App
-
-