ਕਰੇਟਿਵ ਲੇਡੀਜ਼ ਕਲੱਬ ਸਮਰਾਲਾ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਪਰਮਿੰਦਰ ਵਰਮਾ
ਸਮਰਾਲਾ, 22 ਅਗਸਤ 2026- ਸਮਰਾਲਾ ਕਰੇਟਿਵ ਲੇਡੀਜ਼ ਕਲੱਬ ਸਮਰਾਲਾ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਸਮਰਾਲਾ ਦੇ ਖੰਨਾ ਰੋਡ ਸਥਿਤ ਸੰਘੂ ਸਵੀਟਸ ਵਿਖੇ ਕਰਵਾਇਆ ਗਿਆ, ਜਿਸ ਵਿੱਚ 125 ਦੇ ਕਰੀਬ ਮਹਿਲਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਕਲੱਬ ਦੀਆਂ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਤੀਆਂ ਦੀ ਰੌਣਕ ਨੂੰ ਚਾਰ ਚੰਨ ਲਗਾਏ। ਗਿੱਧਾ, ਬੋਲੀਆਂ ਅਤੇ ਲੋਕ ਗੀਤਾਂ ਨਾਲ ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਮਹਿਲਾਵਾਂ ਨੇ ਇੱਕ-ਦੂਜੇ ਨੂੰ ਤੀਆਂ ਦੀਆਂ ਵਧਾਈਆਂ ਦਿੰਦਿਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਕਲੱਬ ਦੀ ਪ੍ਰਧਾਨ ਮਿੱਤੂ ਵੱਲੋਂ ਮਹਿਲਾਵਾਂ ਨੂੰ ਪੁਰਾਣੇ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨਾਲ ਸਬੰਧਤ ਸਵਾਲ ਪੁੱਛੇ ਗਏ। ਸਹੀ ਜਵਾਬ ਦੇਣ ਵਾਲੀਆਂ ਮਹਿਲਾਵਾਂ ਨੂੰ ਕਲੱਬ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬੁਝਾਰਤਾਂ ਅਤੇ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਮਹਿਲਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਖੇਡਾਂ ਅਤੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਮੁਟਿਆਰਾਂ ਨੂੰ ਵੀ ਇਨਾਮ ਵੰਡੇ ਗਏ। ਕਲੱਬ ਦੀ ਪ੍ਰਧਾਨ ਮਿੱਤੂ ਨੇ ਦੱਸਿਆ ਕਿ ਤੀਆਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਮਹਿਲਾਵਾਂ ਲਈ ਡਿਨਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਸੀ ਮਿਲਵਰਤਣ ਦਾ ਮੌਕਾ ਦੇਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਰਵਾਇਤਾਂ ਨੂੰ ਜਿਊਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਲੱਬ ਮੈਂਬਰਾਂ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਅਨਮੋਲ ਹਿੱਸਾ ਹਨ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ, ਲੋਕ ਕਲਾਵਾਂ ਅਤੇ ਰਵਾਇਤਾਂ ਨਾਲ ਜੋੜਨ ਲਈ ਬੇਹੱਦ ਮਹੱਤਵਪੂਰਨ ਹਨ। ਸਮਾਗਮ ਦੌਰਾਨ ਮਹਿਲਾਵਾਂ ਨੇ ਖੂਬ ਮਨੋਰੰਜਨ ਕੀਤਾ ਅਤੇ ਪੂਰਾ ਮਾਹੌਲ ਖੁਸ਼ੀ, ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰ ਦੀ ਮਹਿਕ ਨਾਲ ਭਰਿਆ ਰਿਹਾ।
- Download Babushahi App
-
-