ਪੰਜਾਬ - ਦੁਖਾਂਤ, ਮਾਣ ਅਤੇ ਸੰਘਰਸ਼/ ਗੁਰਮੀਤ ਸਿੰਘ ਪਲਾਹੀ
ਇਹ ਉਹੀ ਪੰਜਾਬ ਹੈ ਜਿਸਨੇ ਲਾਸ਼ਾਂ ਵੇਖੀਆਂ ਹਨ। ਲਾਸ਼ਾਂ ਜਿਹੇ ਲੋਕ ਵੇਖੇ ਹਨ। ਇਹ ਉਹੀ ਪੰਜਾਬ ਹੈ ਜੋ ਆਪਣੇ ਦੁੱਖਾਂ ਦੀਆਂ ਕਹਾਣੀਆਂ ਕਹਿੰਦੇ-ਕਹਿੰਦੇ ਥੱਕ ਚੁੱਕਾ ਹੈ। ਇਹ ਉਹੀ ਪੰਜਾਬ ਹੈ ਜਿਸਨੇ ਦੇਸ਼ ਦੀ ਵੰਡ ਵੇਲੇ ਵੱਡਾ ਦੁੱਖ ਆਪਣੇ ਪਿੰਡੇ ਤੇ ਝੱਲਿਆ ਅਤੇ ਇਹ ਉਹੀ ਪੰਜਾਬ ਹੈ ਜਿਹੜਾ ਉਨ੍ਹਾਂ ਦਿਨਾਂ ਨੂੰ ਜਦੋਂ ਯਾਦ ਕਰਦਾ ਹੈ, ਕੰਬ ਉੱਠਦਾ ਹੈ ਜਦੋਂ '47 ਵਾਪਰਿਆ ਜਦੋਂ '84 ਵਾਪਰਿਆ।
ਉਸ ਸਮੇਂ ਝੜਪਾਂ, ਝਗੜਿਆਂ, ਗੋਲੀਆਂ ਦੇ ਵਿਚਕਾਰ ਫੈਲਿਆ ਘੋਰ ਹਨੇਰਾ ਸਮੇਂ ਦੇ ਇਤਿਹਾਸ ਬਰਾਬਰ ਸੀ। ਦਿਨ ਹੋਏ ਜਾਂ ਰਾਤ ਹਵਾ ਇਸ ਤਰ੍ਹਾਂ ਸਾਂ-ਸਾਂ ਕਰਦੀ ਸੀ ਜਿਵੇਂ ਇਤਿਹਾਸ ਦੇ ਪੱਲੂ ਵਿੱਚ ਬੈਠ ਕੇ ਰੋ ਰਹੀ ਹੋਵੇ। ਇਹ ਪੰਜਾਬ ਉਹੀ ਹੈ ਜਿੱਥੇ ਦੁੱਖਾਂ ਦੇ ਦਰੱਖਤ ਉਸਦੇ ਸੀਨੇ ’ਚ ਉੱਗੇ ਸਨ। ਇਹ ਦਰੱਖਤ ਹਾਲੇ ਤੱਕ ਢਹੇ ਨਹੀਂ, ਡਿੱਗੇ ਵੀ ਨਹੀਂ। ਕਿਧਰੇ ਨਾ ਕਿਧਰੇ ਜਿਉਂਦੇ ਹਨ ਪੰਜਾਬ ਦੇ ਮਨ ਦੇ ਕਿਸੇ ਨਾ ਕਿਸੇ ਕੋਨੇ ’ਚ। ਪਰ ਕੀ ਕਦੇ ਕਿਸੇ ਇਸ ਦਰਦਾਂ ਭਰੇ, ਭਾਵਨਾ ਭਰਪੂਰ ਪੰਜਾਬ ਨੂੰ ਸਮਝਦਾਰੀ ਤੇ ਗੰਭੀਰਤਾ ਨਾਲ ਦੇਖਿਆ?
ਦੇਸ਼ ਦੀ ਹਰ ਵੱਡੀ-ਛੋਟੀ ਸਿਆਸੀ ਧਿਰ ਨੇ ਵੋਟਾਂ ਦੀ ਖਾਤਰ ਇਸਦਾ ਮੁੱਲ ਲਾਇਆ। ਕਿਸੇ ਨੇ ਨਾ ਇਸਦੀ ਬਾਤ ਪੁੱਛੀ ਨਾ ਇਸਨੂੰ ਪੁਚਕਾਰਿਆ। ਜਦੋਂ ਕਦੇ ਇਸ ਆਪਣੇ ਦੁੱਖ ਉਜਾਗਰ ਕਰਨੇ ਚਾਹੇ ਸੱਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨੂੰ ਪੀੜਿਆ ਜਾ ਰਿਹਾ ਹੈ, ਉਹ ਦੇਸ਼ ਧ੍ਰੋਹੀ ਅਖਵਾਇਆ।
ਪੰਜਾਬ ਦੇ ਪਿੰਡੇ 'ਚੋਂ ਉੱਠਿਆ ਕਿਸਾਨ ਅੰਦੋਲਨ ਪੰਜਾਬ ਦੇ ਲੋਕਾਂ ਦੀ ਸਹਿਮਤੀ ਦਾ ਅੰਦੋਲਨ ਸੀ। ਪੰਜਾਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦਾ ਪਿੰਡਾ ਚੀਰਿਆ ਜਾ ਰਿਹਾ। ਉਸਨੇ ਇਹ ਸਮਝਾਉਣ ਦਾ ਯਤਨ ਵੀ ਕੀਤਾ ਕਿ ਸੱਤਾ ’ਚ ਅਸਹਿਮਤੀ ਦੇਸ਼ ਧ੍ਰੋਹੀ ਨਹੀਂ ਹੁੰਦਾ ਤੇ ਸੱਤਾ ਵਿੱਚ ਸਹਿਮਤੀ ਦੇਸ਼ ਭਗਤੀ ਵੀ ਨਹੀਂ ਹੁੰਦੀ। ਪਰ ਉਨ੍ਹਾਂ ਦੀ ਗੱਲ ਕਿਸਨੇ ਸੁਣੀ?
ਉਹ ਖਾਲਿਸਤਾਨੀ ਤੇ ਅੰਦੋਲਨ ਜੀਵੀ ਅਖਵਾਏ। ਇਹ ਵਿਖਾ ਕੇ ਉਹ ਘਰਾਂ ਨੂੰ ਪਰਤ ਆਏ ਕਿ ਪੰਜਾਬ ਕਦੇ ਹਾਰਦਾ ਨਹੀਂ, ਝੁਕਦਾ ਨਹੀਂ। ਅਤੇ ਆਪਣੇ ਹੱਕਾਂ ਖਾਤਰ ਮਰਨ ਦਾ ਹੌਸਲਾ ਰੱਖਦਾ ਹੈ ਅਤੇ ਅਸੰਭਵ ਨੂੰ ਸੰਭਵ ਕਰਨ ਦੀ ਤਾਕਤ ਉਸਦੀ ਮਿੱਟੀ ’ਚ ਹਾਲੇ ਵੀ ਹੈ ਜਿਹੜੀ ਸਦੀਆਂ ਤੋਂ ਉਸਨੂੰ ਅਨੋਖੀ ਤਾਕਤ ਬਖਸ਼ਦੀ ਰਹੀ ਹੈ। ਸੇਵਾ, ਸਮਰਪਣ, ਕੁਰਬਾਨੀ ਦੀ ਤਾਕਤ।
ਖੋਲੀਏ ਇਤਿਹਾਸ ਦੇ ਪੰਨੇ, ਦੇਖੀਏ ਲਹੂ ਲੁਹਾਨ ਪੰਜਾਬ ਦਾ ਇੱਕ ਪਾਸਾ। ਇਨ੍ਹਾਂ ਪੰਨਿਆਂ ’ਚ ਛੁਪਿਆ ਸੱਚ ਪੰਜਾਬ ਦਾ ਦੁਖਾਂਤ ਵੀ ਹੈ ਤੇ ਪੰਜਾਬ ਦਾ ਮਾਣ ਵੀ।
1947 ਵਿੱਚ ਵਾਪਰੇ ਬਟਵਾਰੇ ਦਾ ਖ਼ੂਨੀ ਦੁਖਾਂਤ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਹੈ। ਇਸ ਵੰਡ ਦੀ ਸਭ ਤੋਂ ਭਾਰੀ ਕੀਮਤ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੀਆਂ ਜਾਨਾਂ, ਮਕਾਨ ਅਤੇ ਜ਼ਮੀਨਾਂ ਗੁਆ ਕੇ ਚੁਕਾਉਣੀ ਪਈ।
ਪੰਜਾਬ ਬਟਵਾਰੇ ਵੇਲੇ ਉਹਨਾਂ ਸਿਆਸਤਦਾਨਾਂ ਦੀਆਂ ਸ਼ੈਤਾਨੀਆਂ ਦਾ ਸ਼ਿਕਾਰ ਹੋਇਆ, ਜਿਹੜੇ ਲੋਕਾਂ ’ਤੇ ਹਕੂਮਤ ਕਰਨੀ ਚਾਹੁੰਦੇ ਸਨ। ਇਹਨਾਂ ਸਿਆਸਤਦਾਨਾਂ ਨੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਰਕੇ ਲੋਕਾਂ ’ਤੇ ਬਟਵਾਰਾ ਠੋਸਿਆ ਸੀ। ਇਸਦੀ ਕੀਮਤ ਉਹਨਾਂ ਲੋਕਾਂ ਨੂੰ ਭੁਗਤਣੀ ਪਈ, ਜਿਹਨਾਂ ਆਮ ਲੋਕਾਂ ਦੀ ਮੰਗ ਬਟਵਾਰਾ ਕਦੇ ਵੀ ਨਹੀਂ ਸੀ।
ਇਸ ਹੌਲਨਾਕ ਵਰਤਾਰੇ ਵਿੱਚ ਲੱਖਾਂ ਪੰਜਾਬੀ ਬੇਰਹਿਮੀ ਨਾਲ ਮਾਰੇ ਗਏ, ਅਣਗਿਣਤ ਜ਼ਖ਼ਮੀ ਹੋਏ ਅਤੇ ਲਗਭਗ 8 ਲੱਖ ਤੋਂ ਵੱਧ ਲੋਕ ਰਾਤੋ-ਰਾਤ ਆਪਣੇ ਘਰ-ਬਾਰ, ਜੱਦੀ-ਪੁਸ਼ਤੀ ਜ਼ਮੀਨਾਂ ਤੇ ਪੂੰਜੀ ਗੁਆ ਕੇ ਉੱਜੜਨ ਲਈ ਮਜਬੂਰੀ ਵੱਸ ਨਿਕਲ ਪਏ। ਇਸ ਵੱਡੇ ਉਜਾੜੇ ਅਤੇ ਜਾਨੀ-ਮਾਲੀ ਨੁਕਸਾਨ ਦੇ ਬਾਵਜੂਦ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ। ਪਾਕਿਸਤਾਨ ਤੋਂ ਉੱਜੜ ਕੇ ਆਏ ਇਹ ਮਿਹਨਤੀ ਪੰਜਾਬੀ ਦਿੱਲੀ, ਉੱਤਰ ਪ੍ਰਦੇਸ਼ ਦੇ ‘ਤਰਾਈ’ ਖੇਤਰ (ਜਿਵੇਂ ਪੀਲੀਭੀਤ, ਲਖੀਮਪੁਰ ਖੀਰੀ), ਹਰਿਆਣਾ, ਰਾਜਸਥਾਨ ਅਤੇ ਦੇਸ਼ ਦੇ ਹੋਰਾਂ ਸੂਬਿਆਂ ਵਿੱਚ ਜਾ ਕੇ ਵੱਸੇ। ਜਿੱਥੇ ਵੀ ਉਹ ਗਏ, ਉੱਥੇ ਬੰਜਰ ਜ਼ਮੀਨਾਂ ਨੂੰ ਵੀ ਆਪਣੀ ਅਣਥੱਕ ਮਿਹਨਤ ਨਾਲ ਜਰਖੇਜ਼ ਬਣਾ ਕੇ ਮੁੜ ਪੈਰਾਂ ’ਤੇ ਖੜ੍ਹੇ ਹੋਏ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਰਹੀ ਹੈ ਕਿ ਇਹ ਹਮੇਸ਼ਾ ਖ਼ੁਦਗਰਜ਼ ਸਿਆਸਤਦਾਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੁੰਦਾ ਰਿਹਾ, ਜੋ ਕੇਵਲ ਸੱਤਾ ਦੀ ਕੁਰਸੀ ਹਾਸਲ ਕਰਨਾ ਚਾਹੁੰਦੇ ਸਨ। ਦੇਸ਼ ਦੀ ਆਜ਼ਾਦੀ ਵੇਲੇ ਸਿਆਸਤਦਾਨਾਂ ਨੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ’ਤੇ ਵੰਡ ਦਾ ਕੁਹਾੜਾ ਚਲਾਇਆ। ਇਸ ਤੋਂ ਬਾਅਦ, 1984 ਦਾ ਕਾਲਾ ਦੌਰ, ਸੰਤਾਪ ਅਤੇ ਖਾੜਕੂਵਾਦ ਦਾ ਭਿਆਨਕ ਦੌਰ ਵੀ ਪੰਜਾਬੀਆਂ ਦੇ ਹਿੱਸੇ ਹੀ ਆਇਆ। ਅੱਜ ਵੀ ਹਾਲਾਤ ਇਹ ਹਨ ਕਿ ਰਾਜਨੀਤਕ ਅਤੇ ਆਰਥਿਕ ਅਸਥਿਰਤਾ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਮਜਬੂਰੀ ਵੱਸ, ਚੰਗੇ ਭਵਿੱਖ, ਰੋਜ਼ਗਾਰ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਆਪਣੀ ਜਨਮ ਭੂਮੀ ਛੱਡ ਕੇ ਪ੍ਰਵਾਸ ਦਾ ਦਰਦ ਹੰਢਾਉਣਾ ਪੈ ਰਿਹਾ ਹੈ।
ਪੰਜਾਬ ਦੀ ਮੌਜੂਦਾ ਆਰਥਿਕਤਾ ਦੇ ਹਾਲਾਤ ਬੇਹੱਦ ਚਿੰਤਾਜਨਕ ਹਨ। ਦੇਸ਼ ਦਾ ਪੇਟ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਖ਼ੁਦ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇੱਕ ਅਨੁਮਾਨ ਮੁਤਾਬਕ ਪੰਜਾਬ ਦੇ 80% ਤੋਂ ਵੱਧ ਕਿਸਾਨੀ ਪਰਿਵਾਰ ਕਰਜ਼ਾਈ ਹਨ, ਜਿਨ੍ਹਾਂ ਵਿੱਚੋਂ ਬਹੁਤਾਤ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਹੈ, ਜਿਨ੍ਹਾਂ ਕੋਲ ਜ਼ਮੀਨਾਂ ਦੇ ਨਾਂ ’ਤੇ ਮਹਿਜ਼ ਢਾਈ ਤੋਂ ਪੰਜ ਏਕੜ ਹੀ ਬਚੇ ਹਨ। ਦੂਜੇ ਪਾਸੇ, ਸੂਬੇ ਸਿਰ ਕੁੱਲ ਕਰਜ਼ਾ 3.5 ਲੱਖ ਕਰੋੜ ਰੁਪਏ ਤੋਂ ਵੀ ਪਾਰ ਲੰਘ ਚੁੱਕਾ ਹੈ।
ਪੰਜਾਬ ਵਿੱਚ ਖੇਤੀ ’ਤੇ ਅਧਾਰਿਤ ਉਦਯੋਗਾਂ ਅਤੇ ਕਾਰਖਾਨਿਆਂ ਦੀ ਪਹਿਲਾਂ ਹੀ ਭਾਰੀ ਘਾਟ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਸਿਆਸਤਦਾਨਾਂ ਦੀਆਂ ਨਿਕੰਮੀਆਂ ਨੀਤੀਆਂ ਅਤੇ ਅਣਗਹਿਲੀ ਕਾਰਨ ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਹੇ ਸਥਾਪਿਤ ਉਦਯੋਗ ਵੀ ਦਮ ਤੋੜ ਗਏ। ਜਲੰਧਰ ਦਾ ਵਿਸ਼ਵ ਪ੍ਰਸਿੱਧ ਖੇਡਾਂ ਦਾ ਉਦਯੋਗ (ਸਪੋਰਟਸ ਗੁੱਡਜ਼), ਲੁਧਿਆਣੇ ਤੇ ਅੰਮ੍ਰਿਤਸਰ ਦੇ ਕਢਾਈ ਤੇ ਟੈਕਸਟਾਈਲ ਦੇ ਕਾਰਖਾਨੇ ਅਤੇ ਮਾਲਵੇ ਦੀਆਂ ਕੋਟਨ ਮਿੱਲਾਂ ਸਿਆਸੀ ਅਣਦੇਖੀ ਕਾਰਨ ਹੌਲੀ-ਹੌਲੀ ਪੰਜਾਬ ਵਿੱਚੋਂ ਬਾਹਰ ਦੂਜੇ ਸੂਬਿਆਂ ਵੱਲ ਪਲਾਇਨ ਕਰ ਗਈਆਂ। ਇਸ ਸਨੱਅਤੀ ਉਜਾੜੇ ਨੇ ਪੰਜਾਬ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਕੇ ਰੱਖ ਦਿੱਤੀ ਹੈ ਅਤੇ ਲੱਖਾਂ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਲਿਆ ਹੈ। ਪਰ ਸਾਡੇ ਰਾਜਨੇਤਾ ਇਸ ਭਿਆਨਕ ਆਰਥਿਕ ਤੇ ਉਦਯੋਗਿਕ ਸੰਕਟ ਤੋਂ ਪੂਰੀ ਤਰ੍ਹਾਂ ਮੁੱਖ ਮੋੜੀ ਬੈਠੇ ਹਨ ਅਤੇ ਫੋਕੇ ਲਾਰੇ ਲਾ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ।
ਸਮੇਂ-ਸਮੇਂ ’ਤੇ ਕਾਂਗਰਸ, ਅਕਾਲੀ-ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਨੇ ਸੱਤਾ ਦੇ ਸੁਖ ਭੋਗੇ, ਪਰ ਈਰਖਾ, ਦਵੈਤ ਅਤੇ ਵੋਟ-ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਨੂੰ ਛੱਲਣੀ ਕਰ ਦਿੱਤਾ। ਸ਼ੁਰੂਆਤੀ ਦੌਰ ਵਿੱਚ ਖੇਤਰੀ ਪਾਰਟੀਆਂ ਨੇ ਸੂਬਾਈ ਸਵੈ-ਮੁਖਤਿਆਰੀ ਅਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਵੱਡੀ ਭੂਮਿਕਾ ਨਿਭਾਈ ਸੀ, ਪਰ ਸਮੇਂ ਦੇ ਨਾਲ-ਨਾਲ ਸੱਤਾ ਦੀ ਭੁੱਖ ਨੇ ਇਹਨਾਂ ਖੇਤਰੀ ਤਾਕਤਾਂ ਨੂੰ ਵੀ ਕਮਜ਼ੋਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ, ਜੋ ਕਦੇ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਪੰਥਕ ਸੋਚ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਅੱਜ ਕਈ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਇੱਕ ਪਾਸੇ ਬਾਦਲ ਪਰਿਵਾਰ ਦੇ ਕਬਜ਼ੇ ਵਾਲਾ ਅਕਾਲੀ ਦਲ ਹੈ ਜੋ ਪਰਿਵਾਰਵਾਦ ਅਤੇ ਮੌਕਾਪ੍ਰਸਤੀ ਦੀ ਰਾਜਨੀਤੀ ਕਾਰਨ ਆਮ ਪੰਜਾਬੀਆਂ ਦੇ ਵਿਸ਼ਵਾਸ ਤੋਂ ਦੂਰ ਹੋ ਚੁੱਕਾ ਹੈ; ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ/ਮਾਨ) ਅਤੇ ਹੋਰ ਅਕਾਲੀ ਧੜੇ ਹਨ, ਜੋ ਆਪਣੀਆਂ ਵੱਖੋ-ਵੱਖਰੀਆਂ ਸਰਗਰਮੀਆਂ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਤਾਂ ਪੈਦਾ ਕਰਦੇ ਹਨ, ਪਰ ਇੱਕਮੁੱਠ ਆਗੂਪੁਣੇ ਦੀ ਘਾਟ ਕਾਰਨ ਲੋਕਾਂ ਨੂੰ ਕੋਈ ਠੋਸ ਵਿਕਲਪ ਨਹੀਂ ਦੇ ਪਾ ਰਹੇ। ਇਹ ਸਾਰੇ ਧੜੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਦੀਆਂ ਵੱਖ-ਵੱਖ ਮਿਸਲਾਂ ਦੇ ਆਪਸੀ ਨਿਘਾਰ ਦੀ ਯਾਦ ਦਿਵਾਉਂਦੇ ਹਨ, ਜਿਨ੍ਹਾਂ ਦੀ ਫੁੱਟ ਦਾ ਫ਼ਇਦਾ ਅੰਗਰੇਜ਼ਾਂ ਨੇ ਉਠਾਇਆ ਸੀ।
ਅੱਜ ਵੀ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਆਪਣੀ ਜ਼ਮੀਨ ਤਲਾਸ਼ਣ ਲਈ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਨਾਲ ਮਿਲਾ ਕੇ ਖੇਤਰੀ ਤਾਕਤਾਂ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਹੈ। ਉਹ ਪੰਜਾਬ ਦੇ ਲਹਿਣੇਦਾਰਾਂ, ਢੁੱਠਾਂ ਵਾਲੇ ਨੇਤਾਵਾਂ ’ਚੋ ਗੱਦਾਰ ਲੱਭ ਰਹੀ ਹੈ, ਤਾਂ ਕਿ ਪੰਜਾਬ ਨੂੰ ਹਰ ਹੀਲੇ ਕਾਬੂ ਕੀਤਾ ਜਾਏ। ਦੂਜੇ ਪਾਸੇ, ਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨਾਂ ਨੂੰ ਭਾਜਪਾ ਨੇਤਾਵਾਂ ਵੱਲੋਂ ‘ਅੰਦੋਲਨਜੀਵੀ’ ਆਖਣਾ, ਜਾਗਰੂਕ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੂੰ ‘ਦਿਮਾਗੀ ਨਕਸਲੀ’ ਜਾਂ ‘ਸ਼ਹਿਰੀ ਨਕਸਲ’ ਵਰਗੇ ਖ਼ਿਤਾਬ ਦੇਣਾ ਅਸਲ ਵਿੱਚ ਉਨ੍ਹਾਂ ਨੇਤਾਵਾਂ ਦੀ ਸੰਕੁਚਿਤ ਅਤੇ ਗੋਹਾ-ਦਿਮਾਗ ਮਾਨਸਿਕਤਾ ਦੀ ਹੀ ਉਪਜ ਹੈ। ਆਪਣੇ ਹੀ ਦੇਸ਼ ਦੇ ਮਿਹਨਤੀ ਅੰਨਦਾਤੇ ਅਤੇ ਸੂਝਵਾਨ ਲੋਕਾਂ ਅਤੇ ਬੁੱਧੀਜੀਵੀਆਂ ਦਾ ਅਪਮਾਨ ਕਰਕੇ ਸੱਤਾਧਾਰੀ ਆਗੂ ਆਪਣੀ ਬੌਧਿਕ ਕੰਗਾਲੀ ਦਾ ਪ੍ਰਗਟਾਵਾ ਕਰਦੇ ਹਨ।
ਪਰ ਇਸ ਤ੍ਰਾਸਦੀ ਅਤੇ ਸੰਕਟ ਦੇ ਵਿਚਕਾਰ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਮਾਣ ਵਾਲਾ ਪੱਖ ਵੀ ਹੈ। ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਆਪਣੀ ਅਣਥੱਕ ਮਿਹਨਤ ਨਾਲ ਅਜਿਹੇ ਦਿਸਹੱਦੇ ਸਿਰਜੇ ਕਿ ਭੁੱਖਮਰੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪੂਰੇ ਭਾਰਤ ਦਾ ਪੇਟ ਭਰ ਕੇ ‘ਦੇਸ਼ ਦੇ ਅੰਨਦਾਤੇ’ ਦਾ ਖ਼ਿਤਾਬ ਹਾਸਲ ਕੀਤਾ। ਪੰਜਾਬ ਨੇ ਆਪਣੇ ਜਲ ਅਤੇ ਜ਼ਮੀਨ ਦੇ ਸਰੋਤਾਂ ਦਾ ਲੇਖਾ ਲਾ ਕੇ ਵੀ ਪੂਰੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਇਆ, ਜੋ ਹਰ ਪੰਜਾਬੀ ਲਈ ਇੱਕ ਬੇਮਿਸਾਲ ਗੌਰਵ ਦੀ ਗੱਲ ਹੈ। ਇਸ ਤੋਂ ਇਲਾਵਾ, ਭਾਵੇਂ ਪੰਜਾਬ ਦੇ ਲੋਕਾਂ ਨੂੰ ਮਜਬੂਰੀ ਵੱਸ ਪ੍ਰਵਾਸ ਦਾ ਦਰਦ ਹੰਢਾਉਣਾ ਪਿਆ, ਪਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂਰਪ ਸਮੇਤ ਦੁਨੀਆ ਭਰ ਵਿੱਚ ਜਾ ਕੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਕੈਨੇਡਾ ਤੇ ਅਮਰੀਕਾ ਵਿੱਚ ਪੰਜਾਬੀ ਅੱਜ ਖੇਤੀਬਾੜੀ ਦੇ ਬਾਦਸ਼ਾਹ ਮੰਨੇ ਜਾਂਦੇ ਹਨ, ਜਿੱਥੇ ਉਨ੍ਹਾਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਵਿੱਚ ਬੇਮਿਸਾਲ ਮੱਲਾਂ ਮਾਰੀਆਂ ਹਨ। ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਪੰਜਾਬੀਆਂ ਨੇ ਵੱਡੇ-ਵੱਡੇ ਉਦਯੋਗ ਅਤੇ ਵਪਾਰ ਸਥਾਪਿਤ ਕੀਤੇ ਹਨ। ਅਗਲੀ ਪੀੜ੍ਹੀ ਦੇ ਪੰਜਾਬੀ ਨੌਜਵਾਨ ਸਿਆਸਤ, ਪ੍ਰਸ਼ਾਸਨ, ਵਿਗਿਆਨ, ਵਪਾਰ ਅਤੇ ਤਕਨਾਲੋਜੀ ਦੇ ਹਰ ਖੇਤਰ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਇਨ੍ਹਾਂ ਵੱਡੀਆਂ ਆਰਥਿਕ ਤੇ ਰਾਜਨੀਤਕ ਪ੍ਰਾਪਤੀਆਂ ਤੋਂ ਵੀ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਸੀ ਪੰਜਾਬੀਆਂ ਨੇ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਆਪਣੀ ਮਾਂ-ਬੋਲੀ ਪੰਜਾਬੀ, ਵਿਰਸੇ, ਪਹਿਰਾਵੇ ਅਤੇ ਸੱਭਿਆਚਾਰ ਨੂੰ ਪੂਰੀ ਸ਼ਾਨ ਨਾਲ ਜਿਊਂਦਾ ਰੱਖਿਆ ਹੋਇਆ ਹੈ। ਉਹ ਦੁਨੀਆ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਪੰਜਾਬੀ ਸੋਚ, ਦਿੱਖ ਅਤੇ ਪਛਾਣ ਦਾ ਲੋਹਾ ਮਨਵਾ ਰਹੇ ਹਨ, ਜਿਸ ’ਤੇ ਹਰ ਪੰਜਾਬੀ ਮਾਣ ਕਰਦਾ ਹੈ।
ਪਰ ਅੱਜ ਵੀ ਪੰਜਾਬ ਦੇ ਆਮ ਲੋਕ ਢਿੱਡ ਨੂੰ ਝੁਲਕਾ ਦੇਣ ਲਈ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਹਨ, ਉਹ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ। ਸਿੱਖਿਆ, ਸਿਹਤ ਸਹੂਲਤਾਂ ਤੋਂ ਵਿਰਵੇ ਹਨ। ਉਹ ਕਿਸੇ ਅਜਿਹੀ ਉਮੀਦ ਦੀ ਕਿਰਨ ਦੀ ਤਲਾਸ਼ ਵਿੱਚ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆ ਸਕੇ। ਪਰ ਸਰਕਾਰਾਂ ਕੋਲ ਕੋਈ ਠੋਸ ਨੀਤੀ ਜਾਂ ਵਿਜ਼ਨ ਨਹੀਂ ਹੈ; ਬੱਸ ਮੁਫ਼ਤ ਦੀਆਂ ਰੇਵੜੀਆਂ, ਬਿਜਲੀ ਬਿੱਲ ਮਾਫ਼ੀ ਅਤੇ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਕਰਨ ਦੀ ਰਣਨੀਤੀ ਹੀ ਚੱਲ ਰਹੀ ਹੈ।
ਇਨ੍ਹਾਂ ਤਮਾਮ ਚੁਣੌਤੀਆਂ ਅਤੇ ਦੁਖਾਂਤਾਂ ਦੇ ਬਾਵਜੂਦ, ਪੰਜਾਬ ਦੀ ਧਰਤੀ ਅੱਜ ਵੀ ਜਰਖੇਜ਼ ਹੈ ਅਤੇ ਇਸ ਦਾ ਇਤਿਹਾਸ ਤੇ ਸੱਭਿਆਚਾਰ ਮਾਣਮੱਤਾ ਹੈ। ਪੰਜਾਬੀਆਂ ਨੂੰ ਆਪਣੇ ਸੰਘਰਸ਼ੀ ਇਤਿਹਾਸ ’ਤੇ ਗੌਰਵ ਹੈ। ਇਹ ਉਹੀ ਪੰਜਾਬੀ ਹਨ ਜਿਨ੍ਹਾਂ ਨੇ ਐਮਰਜੈਂਸੀ ਵੇਲੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਅਗਵਾਈ ਕੀਤੀ, ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕੀਤੀ ਅਤੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਇੱਕਮੁੱਠ ਹੋ ਕੇ ਦਿੱਲੀ ਦੀਆਂ ਹਿੱਕਾਂ ’ਤੇ ਗੱਡ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬ ਭਾਰੀ ਕਰਜ਼ੇ, ਨਸ਼ਿਆਂ ਦੀ ਮਾਰ, ਜਵਾਨੀ ਦੇ ਪ੍ਰਵਾਸ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਵਰਗੇ ਗੰਭੀਰ ਚੈਲੇਂਜਾਂ ਦਾ ਸਾਹਮਣਾ ਕਰ ਰਿਹਾ ਹੈ। ਪਰ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਸ ਧਰਤੀ ਨੇ ਹਮੇਸ਼ਾ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਗੱਦਾਰਾਂ ਨੂੰ ਸਦਾ ਫਿਟਕਾਰਿਆ ਹੈ। ਅੱਜ ਵੀ ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਸੂਝਵਾਨ, ਸੰਜੀਦਾ ਅਤੇ ਰੋਸ਼ਨ ਖ਼ਿਆਲ ਲੋਕ ਇੱਕ ਨਵੀਂ ਸਵੇਰ ਦੀ ਤਲਾਸ਼ ਵਿੱਚ ਸੰਘਰਸ਼ ਦੇ ਰਾਹ ’ਤੇ ਅੱਗੇ ਵਧ ਰਹੇ ਹਨ।
-ਗੁਰਮੀਤ ਸਿੰਘ ਪਲਾਹੀ
-9815802070
.JPG)
-
ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.