ਪਹਿਲਾਂ ਦੁਕਾਨਾਂ ਦੇ ਬਾਹਰ ਦੀਆਂ ਤੋੜੀਆਂ ਲਾਈਟਾਂ ਤੇ ਫਿਰ ਇੱਕੋ ਰਾਤ ਦੋ ਦੁਕਾਨਾਂ ਵਿੱਚ ਚੋਰਾਂ ਨੇ ਕੀਤੀ ਵੱਡੀ ਚੋਰੀ
ਮੇਲੇ ਲਈ ਬੱਚਿਆਂ ਦੇ ਖਿਡੋਣੇ ਲਿਆਉਣ ਲਈ ਰੱਖੀ ਨਕਦੀ ਤੇ ਲੱਖਾਂ ਦਾ ਸਮਾਨ ਚੋਰਾਂ ਨੇ ਕੀਤਾ ਗਾਇਬ,ਚੋਰਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੋਣ ਦਾ ਸ਼ੱਕ ,
ਰੋਹਿਤ ਗੁਪਤਾ
ਗੁਰਦਾਸਪੁਰ
ਨਜ਼ਦੀਕੀ ਪਿੰਡ ਵਰਸੋਲਾ ਵਿੱਚ ਇੱਕ ਰਾਤ ਵਿੱਚ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਤੋਂ ਰਿਪੇਅਰ ਲਈ ਆਏ ਕਈ ਮੋਬਾਈਲ ਅਤੇ ਅਸੈਸਰੀਜ ਦੇ ਨਾਲ ਨਾਲ ਦੂਜੀ ਦੁਕਾਨ ਤੋਂ 77 ਹਜਾਰ ਦੇ ਕਰੀਬ ਨਕਦੀ ਤੇ ਇਕ ਲੱਖ ਰੁਪਏ ਤੋਂ ਵੱਧ ਕੀਮਤ ਦਾ ਮਨਿਆਰੀ ਦਾ ਸਮਾਨ ਕਰੀਮਾ, ਸੈਂਟ ਆਦਿ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨਦਾਰਾਂ ਅਨੁਸਾਰ ਸੀਸੀਟੀਵੀ ਫੁਟੇਜ ਦੇਖਣ ਤੇ ਸ਼ੱਕ ਹੁੰਦਾ ਹੈ ਕਿ ਚੋਰਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ।
ਮਨਿਆਰੀ ਦੀ ਦੁਕਾਨ ਦੇ ਮਾਲਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਚੱਕ ਅਰਾਈਆਂ ਦਾ ਰਹਿਣ ਵਾਲਾ ਹੈ ਅਤੇ ਪਿੰਡ ਵਰਸੋਲਾ ਅੱਡੇ ਤੇ ਮਨਿਆਰੀ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਸਵੇਰੇ 6:30ੇ ਵਜੇ ਦੇ ਕਰੀਬ ਕਿਸੇ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ । ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਰੱਖੀ ਕਰੀਬ 77,000 ਦੀ ਨਕਦੀ ਅਤੇ ਮਨਿਆਰੀ ਦਾ ਲੱਖਾਂ ਰੁਪਏ ਦਾ ਸਮਾਨ ਜਿਸ ਵਿੱਚ ਕਰੀਮਾਂ, ਸੈਂਟ ਆਦਿ ਸ਼ਾਮਿਲ ਸੀ ਚੋਰੀ ਹੋ ਗਿਆ ਸੀ। ਉਸਨੇ ਦੱਸਿਆ ਕਿ ਪਿੰਡ ਵਿੱਚ ਕੁਝ ਦਿਨਾਂ ਬਾਅਦ ਮੇਲਾ ਲੱਗਣ ਜਾ ਰਿਹਾ ਹੈ ਜਿਸ ਦੇ ਲਈ ਉਸ ਨੇ ਬੱਚਿਆਂ ਦੇ ਖਿਡੋਣੇ ਲਿਆਉਣ ਲਈ ਇਹ ਨਕਦੀ ਜਮਾ ਕੀਤੀ ਸੀ ਅਤੇ ਗਲਤੀ ਨਾਲ ਦੁਕਾਨ ਤੇ ਹੀ ਰੱਖ ਗਿਆ ਸੀ ਜੋ ਚੋਰਾਂ ਵੱਲੋਂ ਚੋਰੀ ਕਰ ਲਈ ਗਈ । ਸੀਸੀਟੀਵੀ ਦੇਖਣ ਤੇ ਪਤਾ ਲੱਗਦਾ ਹੈ ਕਿ ਚੋਰਾਂ ਨੇ ਪਹਿਲਾਂ ਦੁਕਾਨ ਦੇ ਬਾਹਰ ਲੱਗੇ ਬਲਬ ਤੋੜੇ ਤਾਂ ਜੋ ਰੋਸ਼ਨੀ ਨਾ ਰਹੇ । ਉਹਨਾਂ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਵੀ ਸਨ। ਹਾਲਾਂਕਿ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸਨ ਤਾਂ ਜੋ ਉਹਨਾਂ ਦੀ ਪਹਿਚਾਨ ਨਾ ਹੋ ਸਕੇ ਪਰ ਇੰਝ ਲੱਗਦਾ ਹੈ ਕਿ ਉਹਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਉਸ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਸਮਾਨ ਅਤੇ ਨਗਦੀ ਵਾਪਸ ਦਵਾਈ ਜਾਏ।
ਉੱਥੇ ਹੀ ਮਾਮਲੇ ਦੇ ਜਾਂਚ ਅਧਿਕਾਰੀ ਰਜੇਸ਼ ਕੁਮਾਰ ਥਾਣਾ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਸਬੰਧਤ ਸੀਸੀ ਟੀਵੀ ਫੁਟੇਜ ਅਤੇ ਹੋਰ ਸਬੂਤ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਚੋਰੀ ਦੀ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- Download Babushahi App
-
-