ਹੌਸਲੇ ਦੀ ਰਫ਼ਤਾਰ ਨੇ ਲਿਖਿਆ ਇਤਿਹਾਸ; ਕਿਸਾਨ ਦੇ ਪੁੱਤ ਦਿਲੀਪ ਮਹਾਦੂ ਗਾਵਿਤ ਨੇ ਗਲਾਸਗੋ 'ਚ ਲਹਿਰਾਇਆ ਤਿਰੰਗਾ, ਸੋਨ ਤਗਮਾ ਜਿੱਤਿਆ
ਸੁਖਮਿੰਦਰ ਭੰਗੂ
ਜਦੋਂ ਮਨੁੱਖ ਦੇ ਹੌਸਲੇ ਅਸਮਾਨ ਤੋਂ ਵੀ ਉੱਚੇ ਹੋ ਜਾਣ ਤਾਂ ਸਰੀਰ ਦੀ ਕੋਈ ਵੀ ਕਮੀ ਉਸ ਦੇ ਸੁਪਨਿਆਂ ਨੂੰ ਰੋਕ ਨਹੀਂ ਸਕਦੀ। ਭਾਰਤ ਦੇ 23 ਸਾਲਾ ਪੈਰਾ ਐਥਲੀਟ ਦਿਲੀਪ ਮਹਾਦੂ ਗਾਵਿਤ ਨੇ ਇਹ ਗੱਲ ਇੱਕ ਵਾਰ ਫਿਰ ਸਾਬਤ ਕਰ ਦਿੱਤੀ। ਸਕਾਟਲੈਂਡ ਦੇ ਗਲਾਸਗੋ ਵਿੱਚ ਚੱਲ ਰਹੀਆਂ 2026 ਕਾਮਨਵੈਲਥ ਖੇਡਾਂ ਵਿੱਚ ਦਿਲੀਪ ਨੇ ਪੁਰਸ਼ਾਂ ਦੀ 100 ਮੀਟਰ T47 ਦੌੜ ਵਿੱਚ 10.71 ਸਕਿੰਟ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਜਿੱਤ ਸਿਰਫ਼ ਉਸ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਭਾਰਤੀ ਪੈਰਾ ਐਥਲੈਟਿਕਸ ਲਈ ਇੱਕ ਸੁਨਹਿਰੀ ਅਧਿਆਇ ਹੈ। ਉਹ ਕਾਮਨਵੈਲਥ ਖੇਡਾਂ ਦੇ ਪੈਰਾ ਐਥਲੈਟਿਕਸ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਬਣਿਆ, ਅਤੇ ਕੁੱਲ ਮਿਲਾ ਕੇ ਗਲਾਸਗੋ ਵਿੱਚ ਸ਼ਰਮਿਲਾ ਧਨਖੜ (ਸ਼ਾਟ ਪੁੱਟ F57) ਤੋਂ ਬਾਅਦ ਸੋਨ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਪੈਰਾ ਐਥਲੀਟ।
ਇਸ ਦੌੜ ਦਾ ਸਭ ਤੋਂ ਮਾਣ ਵਾਲਾ ਪਲ ਉਹ ਸੀ ਜਦੋਂ ਭਾਰਤ ਦੇ ਹੀ ਮੁਹੰਮਦ ਬਾਸਿਲ ਮੋਰਸਿੰਗਨਕਾਥੀ ਨੇ 10.83 ਸਕਿੰਟ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਲਈ ਇਤਿਹਾਸਕ ਗੋਲਡ-ਸਿਲਵਰ ਫਿਨਿਸ਼ ਪੂਰੀ ਕੀਤੀ। ਦਿਲਚਸਪ ਗੱਲ ਇਹ ਹੈ ਕਿ ਕਾਮਨਵੈਲਥ ਖੇਡਾਂ ਦੇ ਚੋਣ ਟਰਾਇਲਾਂ ਵਿੱਚ ਬਾਸਿਲ ਨੇ ਗਾਵਿਤ ਨੂੰ ਹਰਾਇਆ ਸੀ, ਪਰ ਗਲਾਸਗੋ ਦੇ ਮੁੱਖ ਮੁਕਾਬਲੇ ਵਿੱਚ ਦੋਵਾਂ ਨੇ ਮਿਲ ਕੇ ਭਾਰਤ ਨੂੰ ਪਹਿਲੇ ਦੋ ਸਥਾਨ ਦਿਵਾਏ।
ਪਿੰਡ ਦੀ ਮਿੱਟੀ ਤੋਂ ਵਿਸ਼ਵ ਮੰਚ ਤੱਕ ਦਾ ਸਫ਼ਰ
21 ਅਪ੍ਰੈਲ 2003 ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤੋਰਣ ਡੋਂਗਰੀ ਵਿੱਚ ਜਨਮੇ ਦਿਲੀਪ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪੰਜ-ਛੇ ਸਾਲ ਦੀ ਉਮਰ ਵਿੱਚ ਇੱਕ ਅੰਬ ਦੇ ਦਰੱਖਤ ਤੋਂ ਡਿੱਗਣ ਕਾਰਨ ਹੋਏ ਹਾਦਸੇ ਵਿੱਚ ਉਸ ਦੀ ਸੱਜੀ ਬਾਂਹ ਕੋਹਣੀ ਤੋਂ ਹੇਠਾਂ ਕੱਟਣੀ ਪਈ। ਪਰ ਦਿਲੀਪ ਨੇ ਇਸ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ।
ਦਿਲੀਪ ਨੇ ਆਪਣੀ ਸਕੂਲੀ ਸਿੱਖਿਆ ਸ਼ਹੀਦ ਭਗਤ ਸਿੰਘ ਸਕੂਲ, ਸੁਰਗਾਣਾ (ਨਾਸਿਕ) ਤੋਂ ਪ੍ਰਾਪਤ ਕੀਤੀ। ਉਸ ਨੇ ਬਾਕਾਇਦਾ ਐਥਲੈਟਿਕਸ ਦੀ ਸ਼ੁਰੂਆਤ ਸਿਰਫ਼ 17 ਸਾਲ ਦੀ ਉਮਰ ਵਿੱਚ ਕੀਤੀ, ਜਦੋਂ ਇੱਕ ਸਥਾਨਕ ਮੁਕਾਬਲੇ ਦੌਰਾਨ ਰਾਸ਼ਟਰੀ ਕੋਚ ਵੈਜਨਾਥ ਕਾਲੇ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ। ਕੋਚ ਕਾਲੇ ਨੇ ਹੀ ਉਸ ਨੂੰ ਗੰਭੀਰ ਸਿਖਲਾਈ ਵੱਲ ਤੋਰਿਆ, ਅਤੇ ਅੱਜ ਵੀ ਦਿਲੀਪ ਉਨ੍ਹਾਂ ਦੀ ਹੀ ਦੇਖ-ਰੇਖ ਹੇਠ ਅਭਿਆਸ ਕਰਦਾ ਹੈ।
400 ਮੀਟਰ ਦਾ ਮਾਹਿਰ, 100 ਮੀਟਰ ਵਿੱਚ ਬਣਿਆ ਚੈਂਪੀਅਨ
ਦਿਲੀਪ ਦਾ ਮੁੱਖ ਈਵੈਂਟ 400 ਮੀਟਰ T47 ਹੈ — ਇਸੇ ਈਵੈਂਟ ਵਿੱਚ ਉਸ ਨੇ 2022 ਏਸ਼ੀਆਈ ਪੈਰਾ ਖੇਡਾਂ (ਹਾਂਗਝੂ) ਵਿੱਚ ਸੋਨ ਤਗਮਾ ਜਿੱਤਿਆ ਸੀ। ਪਰ ਕਾਮਨਵੈਲਥ ਖੇਡਾਂ ਵਿੱਚ 400 ਮੀਟਰ T47 ਸ਼ਾਮਲ ਨਾ ਹੋਣ ਕਾਰਨ ਉਸ ਨੇ 100 ਮੀਟਰ ਵਿੱਚ ਉਤਰਣ ਦਾ ਫੈਸਲਾ ਕੀਤਾ। ਲੇਨ 7 ਵਿੱਚ ਦੌੜਦਿਆਂ ਉਸ ਨੇ ਆਖਰੀ 30 ਮੀਟਰ ਵਿੱਚ ਜ਼ਬਰਦਸਤ ਰਫ਼ਤਾਰ ਫੜ੍ਹ ਕੇ ਨਾ ਸਿਰਫ਼ ਖ਼ੁਦ ਨੂੰ ਨਵੇਂ ਈਵੈਂਟ ਵਿੱਚ ਢਾਲਿਆ, ਸਗੋਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨਾ ਵੀ ਜਿੱਤ ਲਿਆ। ਇਹ ਉਸ ਦੀ ਕਾਬਲੀਅਤ ਅਤੇ ਮਾਨਸਿਕ ਮਜ਼ਬੂਤੀ ਦੀ ਸਭ ਤੋਂ ਵੱਡੀ ਮਿਸਾਲ ਹੈ।
ਦਿਲੀਪ ਦੀਆਂ ਮੁੱਖ ਉਪਲਬਧੀਆਂ ਵਿਚ
2026 ਕਾਮਨਵੈਲਥ ਖੇਡਾਂ – 100 ਮੀਟਰ T47 ਸੋਨ ਤਗਮਾ (10.71 ਸਕਿੰਟ, ਨਵਾਂ ਗੇਮਜ਼ ਰਿਕਾਰਡ)
2022 ਏਸ਼ੀਆਈ ਪੈਰਾ ਖੇਡਾਂ (ਹਾਂਗਝੂ) – 400 ਮੀਟਰ T47 ਸੋਨ ਤਗਮਾ
2023 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ (ਪੈਰਿਸ) ਵਿੱਚ 2024 ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ
2024 ਪੈਰਿਸ ਪੈਰਾਲੰਪਿਕਸ ਵਿੱਚ ਆਪਣੇ ਪਲੇਠੇ ਈਵੈਂਟ ਵਿੱਚ ਹਿੱਸਾ ਲਿਆ, ਪਰ 400 ਮੀਟਰ T47 ਫਾਈਨਲ ਵਿੱਚ 49.99 ਸਕਿੰਟ ਦੇ ਸਮੇਂ ਨਾਲ 8ਵੇਂ (ਆਖਰੀ) ਸਥਾਨ 'ਤੇ ਰਿਹਾ — ਇਹ ਤਜਰਬਾ ਉਸ ਨੇ ਆਪਣੇ ਸ਼ਬਦਾਂ ਵਿੱਚ ਸਿੱਖਣ ਦਾ ਮੌਕਾ ਦੱਸਿਆ।
Olympic Gold Quest ਦਾ ਸਹਿਯੋਗ
ਦਿਲੀਪ ਨੂੰ Olympic Gold Quest (OGQ), ਇੱਕ ਖੇਡ NGO, ਦਾ ਸਹਿਯੋਗ ਮਿਲਦਾ ਹੈ, ਜਿਸ ਨੇ ਉਸ ਦੀ ਉੱਚ ਪੱਧਰੀ ਸਿਖਲਾਈ ਅਤੇ ਅੰਤਰਰਾਸ਼ਟਰੀ ਤਿਆਰੀ ਵਿੱਚ ਯੋਗਦਾਨ ਪਾਇਆ ਹੈ। ਆਰਥਿਕ ਤੰਗੀ-ਪਿੰਡ ਤੋਂ ਅੰਤਰਰਾਸ਼ਟਰੀ ਮੰਚ ਤੱਕ ਦੇ ਔਖੇ ਸਫ਼ਰ ਤੇ ਬਚਪਨ ਦੇ ਹਾਦਸੇ ਕਾਰਨ ਸਰੀਰਕ ਚੁਣੌਤੀ ਅਤੇ ਸੀਮਤ ਸਹੂਲਤਾਂ ਵਿੱਚ ਸਖ਼ਤ ਅਭਿਆਸ ਨਾਲ ਕਾਰਨ ਪੈਰਿਸ ਪੈਰਾਲੰਪਿਕਸ ਦੀ ਹਾਰ ਤੋਂ ਸਿੱਖ ਕੇ ਹੋਰ ਮਜ਼ਬੂਤ ਬਣਿਆ। ਇਨ੍ਹਾਂ ਸਾਰੀਆਂ ਚੁਣੌਤੀਆਂ ਨੇ ਦਿਲੀਪ ਨੂੰ ਕਮਜ਼ੋਰ ਨਹੀਂ ਕੀਤਾ, ਸਗੋਂ ਇੱਕ ਵਿਸ਼ਵ ਪੱਧਰੀ ਚੈਂਪੀਅਨ ਬਣਾਇਆ।
ਯਾਦਗਾਰੀ ਪਲ
ਗਲਾਸਗੋ ਦੇ ਟਰੈਕ 'ਤੇ ਜਿਵੇਂ ਹੀ ਦਿਲੀਪ ਨੇ ਫਿਨਿਸ਼ ਲਾਈਨ ਪਾਰ ਕੀਤੀ, ਸਕੋਰਬੋਰਡ 'ਤੇ 10.71 ਸਕਿੰਟ – ਨਵਾਂ ਗੇਮਜ਼ ਰਿਕਾਰਡ ਚਮਕ ਉੱਠਿਆ। ਕੁਝ ਹੀ ਪਲਾਂ ਬਾਅਦ ਮੁਹੰਮਦ ਬਾਸਿਲ ਨੇ ਚਾਂਦੀ ਜਿੱਤ ਕੇ ਭਾਰਤ ਲਈ ਇਤਿਹਾਸਕ ਗੋਲਡ-ਸਿਲਵਰ ਫਿਨਿਸ਼ ਪੂਰੀ ਕੀਤੀ। ਤਿਰੰਗਾ ਸਭ ਤੋਂ ਉੱਚਾ ਲਹਿਰਾ ਰਿਹਾ ਸੀ ਅਤੇ ਹਰ ਭਾਰਤੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ। ਇਹ ਪਲ ਭਾਰਤੀ ਪੈਰਾ ਖੇਡਾਂ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ।

-
ਸੁਖਮਿੰਦਰ ਭੰਗੂ, ਲੇਖਕ
bhangoo1164@gmail.com
9815752449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.