ਡੰਡੇ ਦਾ ਪਰਤਾਪ
ਅਮਨਦੀਪ ਕੌਰ
ਸਾਲ 1996 ਵਿੱਚ ਮੈਂ ਪਿੰਡ ਦੇ ਸਕੂਲ ਵਿੱਚ ਦਸਵੀਂ ਕਲਾਸ ਦੀ ਵਿਦਿਆਰਥਣ ਸਾਂ। ਚੰਗੇ ਵਿਦਿਆਰਥੀਆਂ ਵਿੱਚ ਅਕਸਰ ਹੀ ਮੇਰੇ ਅਧਿਆਪਕ ਮੈਨੂੰ ਸ਼ੁਮਾਰ ਕਰਦੇ ਸਨ। ਮੇਰੇ ਪਿਤਾ ਅਧਿਆਪਕ ਹੋਣ ਕਾਰਨ ਸਾਰੇ ਅਧਿਆਪਕਾਂ ਨਾਲ ਉਹਨਾਂ ਦੀ ਜਾਣ-ਪਛਾਣ ਸੀ। ਮੈਨੂੰ ਵੀ ਅਜੀਬ ਜਿਹਾ ਇੱਕ ਡਰ ਬਣਿਆ ਰਹਿੰਦਾ ਸੀ ਕਿ ਮੈਂ ਕੋਈ ਕੁਤਾਹੀ ਨਾ ਕਰਾਂ। ਹਰੇਕ ਟੈਸਟ ਦੀ ਵਧੀਆ ਤਿਆਰੀ ਕਰਨੀ ਅਤੇ ਜ਼ੁਬਾਨੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਮੇਰੀ ਆਦਤ ਸੀ।
ਪਰ ਸਾਲ ਦੇ ਅੱਧ ਵਿੱਚ ਜਾ ਕੇ ਮੇਰੀ ਕਲਾਸ ਦੀਆਂ ਕੁਝ ਉਹਨਾਂ ਵਿਦਿਆਰਥਣਾਂ ਵੱਲ ਮੇਰਾ ਝੁਕਾਅ ਹੋ ਗਿਆ, ਜਿਨ੍ਹਾਂ ਦੀ ਆਰਥਿਕ ਹਾਲਤ ਮੇਰੇ ਨਾਲੋਂ ਕਿਤੇ ਚੰਗੀ ਸੀ, ਪਰ ਪੜ੍ਹਾਈ ਵਿੱਚ ਉਹ ਬਿਲਕੁਲ ਨਲਾਇਕ ਸਨ। ਉਹਨਾਂ ਦੇ ਬੈਗ ਵਿੱਚ ਲਕੋ ਕੇ ਰੱਖੀਆਂ ਨੇਲ ਪਾਲਿਸ਼ਾਂ ਮੈਨੂੰ ਚੰਗੀਆਂ ਲੱਗਣ ਲੱਗੀਆਂ। ਸਕੂਲ ਵਿੱਚ ਸਿਰ ਸਧਾਰਨ ਤਰੀਕੇ ਨਾਲ ਵਾਹੁਣ ਦਾ ਹੁਕਮ ਸੀ, ਪਰ ਉਹ ਅਕਸਰ ਮੀਢੀਆਂ ਅਤੇ ਹੋਰ ਨਵੇਂ ਢੰਗ ਨਾਲ ਵਾਲ ਬਣਾ ਕੇ ਆਉਂਦੀਆਂ। ਸਵੇਰ ਦੀ ਸਭਾ ਵਿੱਚ ਡਾਂਟ ਖਾਂਦੀਆਂ, ਪਰ ਫਿਰ ਵੀ ਅਗਲੇ ਦਿਨ ਉਹੀ ਕਰਦੀਆਂ। ਮੈਨੂੰ ਪਤਾ ਨਹੀਂ ਕਿਉਂ, ਪਰ ਉਹ ਫਿਰ ਵੀ ਚੰਗੀਆਂ ਲੱਗਦੀਆਂ।
ਹਰੇਕ ਪੀਰੀਅਡ ਦੀ ਘੰਟੀ ਹੋਣ 'ਤੇ ਕਦੇ ਉਹ ਪਾਣੀ ਪੀਣ ਲਈ ਜਾਂਦੀਆਂ, ਕਦੇ ਵਾਸ਼ਰੂਮ ਦੇ ਬਹਾਨੇ ਗੇੜੀ ਲਾਉਂਦੀਆਂ। ਮੈਂ ਵੀ ਉਹਨਾਂ ਨਾਲ ਹੋ ਤੁਰਦੀ। ਕਈ ਦਿਨ ਇਉਂ ਹੀ ਬਿਨਾਂ ਗੱਲੋਂ ਹੱਸ-ਹੱਸ ਕੇ ਗੇੜੀਆਂ ਲਗਦੀਆਂ ਰਹੀਆਂ। ਮੇਰੀ ਅਧਿਆਪਕਾ ਮੈਡਮ ਮੈਨੂੰ ਅਕਸਰ ਹੀ ਨੋਟ ਕਰਦੇ ਸਨ। ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਸਨ। ਉਹਨਾਂ ਨੂੰ ਮੇਰੀਆਂ ਇਹ ਹਰਕਤਾਂ ਠੀਕ ਨਾ ਲੱਗੀਆਂ।
ਚੌਥੇ ਜਾਂ ਸ਼ਾਇਦ ਪੰਜਵੇਂ ਦਿਨ ਮੈਡਮ ਜੀ ਕਲਾਸ ਰੂਮ ਦੇ ਦਰਵਾਜ਼ੇ ਅੱਗੇ ਖੜੇ ਸਨ। ਮੈਂ ਨਵੀਆਂ ਸਹੇਲੀਆਂ ਨਾਲ ਹੱਸਦੀ ਹੋਈ ਵਰਾਂਡੇ ਦੀਆਂ ਪੌੜੀਆਂ ਚੜ੍ਹ ਰਹੀ ਸਾਂ। ਮੈਡਮ ਨੂੰ ਦੇਖ ਕੇ ਮੈਂ ਡਰ ਗਈ। ਸਾਨੂੰ ਪੰਜਾਂ ਜਣਿਆਂ ਨੂੰ ਮੈਡਮ ਨੇ ਡੰਡੇ ਲਗਾਏ—ਬਾਕੀਆਂ ਨੂੰ ਇੱਕ-ਇੱਕ ਅਤੇ ਮੈਨੂੰ ਦੋ।
ਮੈਂ ਸਕੂਲ ਵਿੱਚ ਆਪਣੀ ਅਜਿਹੀ ਹਾਲਤ ਪਹਿਲੀ ਵਾਰ ਮਹਿਸੂਸ ਕੀਤੀ। ਮੇਰੀ ਬੇਇਜ਼ਤੀ ਹੋਈ ਸੀ। ਸ਼ਰਮਿੰਦਗੀ ਨਾਲ ਮੈਂ ਮਰਦੀ ਜਾ ਰਹੀ ਸਾਂ। ਰੋ-ਰੋ ਕੇ ਮੇਰਾ ਬੁਰਾ ਹਾਲ ਸੀ ਕਿ ਵਧੀਆ ਪੜ੍ਹਨ ਵਾਲੀ ਮੈਂ, ਜਿਸ ਨੇ ਕਦੇ ਅਧਿਆਪਕ ਤੋਂ ਜ਼ੁਬਾਨੀ ਡਾਂਟ ਵੀ ਨਹੀਂ ਸੀ ਖਾਧੀ, ਅੱਜ ਇਹ ਕੀ ਹੋ ਗਿਆ।
ਬਾਕੀ ਕੁੜੀਆਂ ਕਲਾਸ ਰੂਮ ਵਿੱਚ ਚਲੀਆਂ ਗਈਆਂ ਤੇ ਮੈਂ ਉੱਥੇ ਹੀ ਸੁੰਨ ਖੜੀ ਰਹੀ। ਫਿਰ ਮੈਡਮ ਜੀ ਦਾ ਸਵਾਲ ਆਇਆ, "ਤੈਨੂੰ ਪਤਾ ਤੈਨੂੰ ਚਾਰ ਡੰਡੇ ਕਿਉਂ ਪਏ?" ਮੈਂ ਨਾਂਹ ਵਿੱਚ ਸਿਰ ਹਿਲਾਇਆ।
ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, "ਉਹ ਨਾ ਵੀ ਪੜ੍ਹਣਗੀਆਂ ਤਾਂ ਸਰ ਜਾਵੇਗਾ, ਕਿਉਂਕਿ ਉਹਨਾਂ ਨੂੰ ਹੋਰ ਬਥੇਰਾ ਕੁਝ ਮਿਲ ਜਾਣਾ। ਤੇਰੇ ਪਿਤਾ ਕੋਲ ਇੱਕੋ ਸਰਕਾਰੀ ਨੌਕਰੀ ਹੈ, ਜਿਸ ਦੀ ਕਮਾਈ ਦਸਾਂ ਨਹੁੰਆਂ ਦੀ ਹੈ। ਉਸ ਨੇ ਤੁਹਾਨੂੰ ਜੀਵਨ ਸੁਧਾਰਨ ਦਾ ਮੌਕਾ ਦਿੱਤਾ ਹੈ। ਜੇ ਇਹ ਗਵਾ ਲਿਆ ਤਾਂ ਫਿਰ ਕੁਝ ਵੀ ਪੱਲੇ ਨਹੀਂ ਰਹਿਣਾ। ਨਾਲਾਇਕਾਂ ਨੂੰ ਡਾਂਟਣਾ ਗੁੱਸਾ ਜ਼ਾਹਰ ਕਰਨਾ ਹੁੰਦਾ ਹੈ, ਪਰ ਹੁਸ਼ਿਆਰ ਵਿਦਿਆਰਥੀ ਨੂੰ ਕੁੱਟਣਾ ਮਨ ਦਾ ਅਤਿ ਦੁਖੀ ਹੋਣਾ ਹੁੰਦਾ ਹੈ। ਮੈਂ ਦੁਖੀ ਹਾਂ, ਪਰ ਤੈਨੂੰ ਸਹੀ ਰਾਹ ਦਿਖਾਉਣ ਲਈ ਇਹ ਅੱਜ ਮੈਨੂੰ ਜ਼ਰੂਰੀ ਲੱਗਾ। ਦੋ ਵੱਧ ਡੰਡਿਆਂ ਨੇ ਹੀ ਤੈਨੂੰ ਉਹਨਾਂ ਸਾਰੀਆਂ ਨਾਲੋਂ ਵੱਖਰੀ ਕਰਨਾ ਹੈ। ਵੱਖਰੀ ਦਿਖਾਉਣਾ ਹੈ। ਇਹਨਾਂ ਡੰਡਿਆਂ ਦਾ ਪਰਤਾਪ ਇੱਕ ਦਿਨ ਜ਼ਰੂਰ ਦਿਖਾਈ ਦੇਵੇਗਾ।"
ਫਿਰ ਉਂਗਲੀ ਦੇ ਇਸ਼ਾਰੇ ਨਾਲ ਮੈਨੂੰ ਕਲਾਸ ਰੂਮ ਵੱਲ ਭੇਜ ਦਿੱਤਾ।
ਸਾਰੀ ਘਟਨਾ ਘਰ ਆ ਕੇ ਦੱਸੀ। ਮੇਰੇ ਪਿਤਾ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ, "ਸ਼ੁਕਰ ਹੈ! ਅਜਿਹੇ ਅਧਿਆਪਕ ਮੇਰੀ ਧੀ ਨੂੰ ਪੜ੍ਹਾਉਂਦੇ ਹਨ।"
ਫਿਰ ਸਮਾਂ ਬੀਤਦਾ ਗਿਆ। ਮੈਨੂੰ ਹਰ ਵੇਲੇ ਇੱਕੋ ਗੱਲ ਮਹਿਸੂਸ ਹੁੰਦੀ ਰਹੀ ਕਿ ਹੁਣ ਕੁਝ ਬਣ ਕੇ ਹੀ ਮੈਂ ਵਾਪਸ ਆਪਣੀ ਅਧਿਆਪਕਾ ਨੂੰ ਮਿਲਾਂ।
ਸਕੂਲ ਉਪਰੰਤ ਬੀ.ਏ. ਕੀਤੀ, ਬੀ.ਐਡ. ਕੀਤੀ, ਐਮ.ਏ. ਕੀਤੀ, ਯੂ.ਜੀ.ਸੀ. ਦੀ ਪ੍ਰੀਖਿਆ ਦੇ ਕੇ ਜੇ.ਆਰ.ਐਫ. (ਜੂਨੀਅਰ ਰਿਸਰਚ ਫੈਲੋਸ਼ਿਪ) ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ.ਐੱਚ.ਡੀ. ਵਿੱਚ ਦਾਖਲਾ ਲਿਆ।
ਮੇਰੇ ਪਿੰਡ ਦੀ ਮੈਂ ਪਹਿਲੀ ਲੜਕੀ ਸਾਂ ਜੋ ਇੱਥੋਂ ਤੱਕ ਪਹੁੰਚੀ ਅਤੇ ਮੇਰੇ ਵਰਗੇ ਮੱਧਵਰਗੀ ਪਰਿਵਾਰ ਵਿੱਚੋਂ ਸਰਕਾਰੀ ਨੌਕਰੀ ਵਿੱਚ ਬਤੌਰ ਲੈਕਚਰਾਰ ਭਰਤੀ ਹੋਈ।
ਸਰਕਾਰੀ ਸਰਵਿਸ ਵਿੱਚ ਆਉਣ ਉਪਰੰਤ ਮੇਰਾ ਆਪਣੀ ਅਧਿਆਪਕਾ ਨਾਲ ਮੁੜ ਮੇਲ ਹੋਇਆ। ਉਹ ਮਿਲਣੀ ਸ਼ਬਦਾਂ ਵਿੱਚ ਬਿਆਨ ਕਰਨੀ ਸੰਭਵ ਹੀ ਨਹੀਂ।
ਮੈਡਮ ਪ੍ਰਿੰਸੀਪਲ ਬਣ ਚੁੱਕੇ ਸਨ ਅਤੇ ਮੈਂ ਨਾਲ ਦੇ ਪਿੰਡ ਦੇ ਸਕੂਲ ਵਿੱਚ ਇੰਚਾਰਜ ਵਜੋਂ ਕੰਮ ਕਰ ਰਹੀ ਸਾਂ। ਇਕੱਠੇ ਜ਼ਿਲ੍ਹੇ ਦੀ ਮੀਟਿੰਗ ਅਟੈਂਡ ਕਰਨ ਗਏ ਤਾਂ ਮੈਡਮ ਨੇ ਬੜੇ ਮਾਣ ਨਾਲ ਸਾਥੀ ਪ੍ਰਿੰਸੀਪਲਾਂ ਨੂੰ ਦੱਸਿਆ, "ਇਹ ਬੇਟੀ ਮੇਰੀ ਵਿਦਿਆਰਥਣ ਹੈ। ਮੈਨੂੰ ਇਸ 'ਤੇ ਬਹੁਤ ਮਾਣ ਹੈ ਕਿ ਅੱਜ 'ਅਸੀਂ' ਇੱਥੇ ਖੜੇ ਹਾਂ।"
ਮੈਡਮ ਦੇ ਬਿਲਕੁਲ ਇੱਕ ਕਦਮ ਪਿੱਛੇ ਖੜੀ ਮੈਂ ਵਰਾਂਡੇ ਦਾ ਉਹ ਦ੍ਰਿਸ਼ ਯਾਦ ਕਰ ਰਹੀ ਸਾਂ ਅਤੇ ਮਨ ਹੀ ਮਨ ਸੋਚ ਰਹੀ ਸਾਂ—ਇਹ ਸਭ ਕੁਝ ਉਸੇ ਡੰਡੇ ਦਾ ਹੀ ਪਰਤਾਪ ਹੈ, ਜੋ ਅੱਜ ਸੱਚਮੁੱਚ ਦਿਖਾਈ ਦੇ ਰਿਹਾ ਹੈ।
ਲੇਖਕ : ਅਮਨਦੀਪ ਕੌਰ
ਸਰਕਾਰੀ ਅਧਿਆਪਕਾ
ਸੀਨੀਅਰ ਸੈਕੰਡਰੀ ਸਕੂਲ ਕੰਨਿਆ, ਜੈਤੋ (ਫ਼ਰੀਦਕੋਟ)

-
ਅਮਨਦੀਪ ਕੌਰ, ਸਰਕਾਰੀ ਅਧਿਆਪਕਾ
mandeep
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.