ਹਿੰਦੂਤਵੀ ਛੱਤਰੀ ਬਨਾਮ ਖੇਤਰੀ ਦਲ
-ਗੁਰਮੀਤ ਸਿੰਘ ਪਲਾਹੀ
ਜੰਮੂ ਕਸ਼ਮੀਰ ਵਿੱਚ "ਦਿ ਜੰਮੂ ਐਂਡ ਕਸ਼ਮੀਰ ਪੀਪਲਜ਼ ਡੈਮੋਕਰੇਟਿਕ ਪਾਰਟੀ” (ਪੀ.ਡੀ.ਪੀ.), ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ, ਬਿਹਾਰ ਵਿੱਚ ਜਨਤਾ ਦਲ (ਯੂਨਾਈਟਡ), ਉੱਤਰ ਪ੍ਰਦੇਸ਼ ਵਿੱਚ ਬਸਪਾ, ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ(ਜੇ.ਜੇ.ਪੀ.) ਆਂਧਰਾ ਪ੍ਰਦੇਸ਼ ਵਿੱਚ ਵਾਈ.ਏ.ਐੱਸ.ਆਰ., ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਲੋਕ ਦਲ(ਰਾਲੋਦ), ਕਰਨਾਟਕ ਵਿੱਚ ਜਨਤਾ ਦਲ (ਸੈਕੂਲਰ), ਇਹਨਾਂ ਸਾਰੀਆਂ ਸਿਆਸੀ ਧਿਰਾਂ ਨੂੰ ਲੱਗਿਆ ਸੀ ਕਿ ਹਿੰਦੂਤਵ ਦੀ ਛੱਤਰੀ ਦੀ ਛਾਂ ਪਾਉਣ ਤੋਂ ਬਾਅਦ ਉਹਨਾਂ ਦਾ ਖੇਤਰੀ ਖੇਤਰ ਬਚਿਆ ਰਹਿ ਸਕਦਾ ਹੈ, ਲੇਕਿਨ ਭਾਜਪਾ ਦੀ ਹਿੰਦੂਤਵ ਸਿਆਸਤ ਨੇ ਉਹਨਾਂ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ।
ਕਦੇ ਬਸਪਾ ਪ੍ਰਧਾਨ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਦੇ ਰੂਪ ’ਚ ਵੇਖਿਆ ਜਾਂਦਾ ਸੀ, ਮੁਲਾਇਮ ਸਿੰਘ ਯਾਦਵ ਦਾ ਅਕਸ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਘੜਿਆ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਦੇ ਪਹਿਲਾਂ ਨਤੀਸ਼ ਕੁਮਾਰ ਨੂੰ ਵਿਰੋਧੀ ਧਿਰ ਦਾ ਰਾਸ਼ਟਰੀ ਚਿਹਰਾ ਬਨਾਉਣ ਦੀ ਕਵਾਇਦ ਸ਼ੁਰੂ ਹੋਈ ਸੀ। ਨਤੀਸ਼ ਕੁਮਾਰ ਨੇ ਹਿੰਦੂਤਵ ਸਿਆਸਤ ਨੂੰ ਬਹੁਤ ਹੱਦ ਤੱਕ ਰੋਕਿਆ ਵੀ। ਲੇਕਿਨ ਆਪਣੀ ਖੇਤਰੀ ਪਾਰਟੀ ਨੂੰ ਬਚਾਉਣ ਲਈ ਹਿੰਦੂਤਵੀ ਸਿਆਸਤ ਨਾਲ ਜਾ ਖੜੇ ਅਤੇ ਉੱਥੇ ਹੀ ਵਲੀਨ ਹੋ ਗਏ। ਅੱਜ ਨਤੀਸ਼ ਕੁਮਾਰ ਕਿੱਥੇ ਹੈ?
ਦੇਸ਼ ਭਾਰਤ ਦੀ ਆਜ਼ਾਦੀ ਤੋਂ ਬਾਅਦ ਮੁੱਖ ਤੌਰ ’ਤੇ ਕਾਂਗਰਸ ਸੱਤਾ ਵਿੱਚ ਆਈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਾਂਗਰਸ ਨੇ ਆਪਣਾ ਹੱਕ ਜਿਤਾ ਲਿਆ। ਦੇਸ਼ ਦਾ ਹਰ ਸਿਆਸੀ ਫ਼ੈਸਲਾ ਦਿੱਲੀ ਤੋਂ ਹੋਣ ਲੱਗਾ। ਇਸ ਸਮੇਂ ਦੇਸ਼ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਲੱਗਾ ਕਿ ਦਿੱਲੀ ਉਹਨਾਂ ਲਈ ਦੂਰ ਹੈ। ਉਹਨਾਂ ਦੇ ਮਨਾਂ ’ਚ ਇਹ ਗੱਲ ਘਰ ਕਰ ਗਈ ਕਿ ਉਹਨਾਂ ਦੇ ਹੱਕਾਂ ਦੇ ਫ਼ੈਸਲੇ ਇੰਨੀ ਦੂਰ ਦਿੱਲੀ ਤੋਂ ਨਹੀਂ ਹੋ ਸਕਦੇ।
ਇਹੋ ਕਾਰਨ ਸੀ ਕਿ ਕਾਂਗਰਸ ਵਿਰੁੱਧ ਦੇਸ਼-ਵਿਆਪੀ ਰੋਸ ਜਾਗਿਆ। ਬਿਹਾਰ ਤੋਂ ਜੈ ਪ੍ਰਕਾਸ਼ ਨਰਾਇਣ ਨੇ ਦਿੱਲੀ ਤਾਨਾਸ਼ਾਹੀ ਵਿਰੁੱਧ ਅਵਾਜ਼ ਚੁੱਕੀ। ਦੇਸ਼ ਦੇ ਕਈ ਛੋਟੇ, ਵਿਰੋਧੀ ਖੇਤਰੀ ਵਿਚਾਰਧਾਰਾ ਵਾਲੇ ਦਲ ਇਕੱਠੇ ਹੋਏ। ਭਾਰਤੀ ਲੋਕ ਦਲ, ਕਾਂਗਰਸ(ੳ), ਜਨਸੰਘ, ਸੋਸ਼ਲਿਸਟ ਪਾਰਟੀ ਨੂੰ ਨਾਲ ਲੈਕੇ ਜੈ ਪ੍ਰਕਾਸ਼ ਨਰਾਇਣ ਨੇ ਮੁੱਠੀ ਤਾਣੀ। ਵੱਖੋ-ਵੱਖਰੀ ਵਿਚਾਰਧਾਰਾ ਦੇ ਲੋਕ ਇੱਕੋ ਪਲੇਟਫਾਰਮ ’ਤੇ ਇਕੱਠੇ ਹੋਏ।
ਜੈ ਪ੍ਰਕਾਸ਼, ਜਿਹੜੇ ਕਦੇ ਦਲਾਂ ਰਹਿਤ ਲੋਕਤੰਤਰ ਦੇ ਮੁਦੱਈ ਸਨ, ਉਹਨਾਂ ਨੇ ਇਲਾਕਾਈ ਪਾਰਟੀਆਂ ਦੀ ਇੱਕ ਨਰਸਰੀ ਸਥਾਪਿਤ ਕਰ ਦਿੱਤੀ। ਦੇਸ਼ ਦੇ ਕੋਨੇ-ਕੋਨੇ, ਕਾਂਗਰਸ ਤੋਂ ਨਰਾਜ਼ ਲੋਕ, ਆਪੋ-ਆਪਣੇ ਖੇਤਰਾਂ ’ਚ ਲੋਕਾਂ ਨੂੰ ਇਕੱਠੇ ਕਰਨ ਲਈ ਜੁੱਟੇ। ਜੈ ਪ੍ਰਕਾਸ਼ ਇਸੇ ਨਰਸਰੀ ਦੀ ਪੈਦਾਇਸ਼ ਹਨ: ਲਾਲੂ ਪ੍ਰਸ਼ਾਦ ਯਾਦਵ(ਬਿਹਾਰ), ਨਤੀਸ਼ ਕੁਮਾਰ(ਬਿਹਾਰ), ਮੁਲਾਇਮ ਸਿੰਘ ਯਾਦਵ(ਯੂਪੀ)। ਇਹਨਾਂ ਨੇ ਆਪਣੇ -ਆਪਣੇ ਖੇਤਰਾਂ ’ਚੋਂ ਦਿੱਲੀ ਨੂੰ ਚੁਣੌਤੀ ਦਿੱਤੀ। ਇਹੋ ਉਹ ਦੌਰ ਸੀ, ਜਿਸ ਨੇ ਗਠਬੰਧਨ ਸਰਕਾਰਾਂ ਨੂੰ ਦੇਸ਼ ਭਾਰਤ ਵਿੱਚ ਜਨਮ ਦਿੱਤਾ। ਦਿੱਲੀ ਸਰਕਾਰ ਦੀ ਤਾਕਤ ਨੂੰ ਇਹਨਾਂ ਖੇਤਰੀ ਨੇਤਾਵਾਂ ਨੇ ਵੰਗਾਰਿਆ ਅਤੇ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ।
ਭਾਰਤ ਦੀ ਵੱਡੀ ਭੂਗੋਲਿਕ ਸਥਿਤੀ ਨੇ ਹੀ ਖੇਤਰੀ ਸਿਆਸਤ ਦੀ ਜ਼ਰੂਰਤ ਪੈਦਾ ਕੀਤੀ। ਪਹਾੜ ਦੀ ਆਬਾਦੀ ਅਤੇ ਮੈਦਾਨ ਦੀ ਆਬਾਦੀ ਦੋਨਾਂ ਦੀਆਂ ਜ਼ਰੂਰਤਾਂ ਅਲੱਗ ਸਨ ਅਤੇ ਹਨ। ਆਦਿਵਾਸੀ ਇਲਾਕੇ ਚਾਹੁੰਦੇ ਸਨ ਕਿ ਮੁਖ ਧਾਰਾ ਦੇ ਹਮਲਾਵਰ ਰੁਖ ਤੋਂ ਉਹਨਾਂ ਦੀ ਰੱਖਿਆ ਹੋਵੇ। ਉਹਨਾਂ ਦੀ ਇਸ ਚਾਹਤ ਨੇ ਦੇਸ਼ ’ਚ ਕਈ ਅੰਦੋਲਨ ਖੜੇ ਕੀਤੇ। ਨੇਤਾ ਸ਼ਿਬੂ ਸੋਰੇਨ ਉਦਾਹਰਨ ਹੈ। ਜਿਸਨੇ ਦਿੱਲੀ ਤੱਕ ਆਪਣੀ ਹੋਂਦ ਦਰਸਾਈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਲਗਾਈ ਐਮਰਜੈਂਸੀ ਦੌਰਾਨ ਖੜੇ ਅੰਦੋਲਨ ’ਚ ਵਿਸ਼ੇਸ਼ ਭੂਮਿਕਾ ਨਿਭਾਈ। ਦਿੱਲੀ ਨਾਲ ਵੱਡਾ ਇੱਟ-ਖੜਿੱਕਾ ਅਤੇ ਆਢਾ ਲਾਈ ਰੱਖਿਆ। ਅਸਲ ’ਚ ਖੇਤਰੀ ਪਾਰਟੀਆਂ ਭਾਸ਼ਾ ਅਤੇ ਸਭਿਆਚਾਰ ਨੂੰ ਢਾਲ ਵਾਂਗ ਵਰਤਦੀਆਂ ਰਹੀਆਂ।
ਜੈ ਪ੍ਰਕਾਸ਼ ਦੀ 1970 ਦੀ ਸੰਪੂਰਨ ਕ੍ਰਾਂਤੀ ਨੇ ਦੇਸ਼ ਦੀ ਸਿਆਸਤ ਦਾ ਚਿਹਰਾ-ਮੋਹਰਾ ਅਤੇ ਚਰਿੱਤਰ ਹੀ ਬਦਲ ਦਿੱਤਾ ਸੀ। ਕਾਂਗਰਸ ਹੀ ’ਇਕੋ-ਇੱਕ’ ਪ੍ਰਭਾਵ ਨੂੰ ਬਦਲ ਕੇ ਖੇਤਰੀ ਦਲਾਂ ਦੀ ਪੈਦਾਇਸ਼ ’ਤੇ ਪ੍ਰਭਾਵ ਵਧਿਆ। ਬਿਹਾਰ ਤੋਂ ਸੰਪੂਰਨ ਕ੍ਰਾਂਤੀ ਦੀ ਟਰੇਨ ਚੱਲੀ, ਜੋ ਦਿੱਲੀ ਪੁੱਜਦੀ ਹੈ।
ਪਰ ਹੁਣ ਇਸ ਸੰਪੂਰਨ ਕ੍ਰਾਂਤੀ ਦਾ ਇੰਜਨ ਬਦਲ ਗਿਆ ਹੈ। ਹੁਣ ਇੰਜਨ ਹਿੰਦੂਤਵ ਦਾ ਹੈ। 2014 ਦੇ ਬਾਅਦ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਲਗਾਤਾਰ ਜਿੱਤ ਦੇ ਮੱਦੇਨਜ਼ਰ ਮੌਕੇ ਦੇ ਭਾਜਪਾ ਪ੍ਰਧਾਨ ਨੇ ਕਿਹਾ ਸੀ ਕਿ ਬਹੁਤ ਛੇਤੀ ਖੇਤਰੀ ਦਲਾਂ ਦੀ ਹੋਂਦ ਖ਼ਤਮ ਹੋ ਜਾਏਗੀ। 70ਦੇ ਦਹਾਕੇ ’ਚ ਸੰਪੂਰਨ ਕ੍ਰਾਂਤੀ ਦੇ ਜਰੀਏ ਜਨਤਾ ਨੇ ਕਾਂਗਰਸ ਦੇ ਪੂਰੇ ਭਾਰਤ ਦੇ ਸਿਆਸੀ ਠੁੱਕ ਨੂੰ ਨਿਕਾਰਿਆ ਤੇ ਇੱਕੀਵੀ ਸਦੀ ਦੀ ਸੰਪੂਰਨ ਕ੍ਰਾਂਤੀ ਦੇ ਬਾਅਦ ਭਾਜਪਾ ਦੇ ਅਖਿਲ ਭਾਰਤੀ ਪ੍ਰਭਾਵ ਨੂੰ ਸਵੀਕਾਰ ਕਰ ਰਹੇ ਹਨ। ਹੁਣ ਤਾਂ ਸਥਿਤੀ ਇਹ ਹੈ ਕਿ ਜਿਹੜੇ ਖੇਤਰੀ ਦਲ ਤਾਂ ਭਾਜਪਾ ਦੀ ਝੋਲੀ ਡਿੱਗ ਚੁੱਕੇ ਹਨ, ਜਾਂ ਉਸ ਨਾਲ ਜੁੜਨ ਦੇ ਚਾਹਵਾਨ ਹਨ, ਉਹ ਹੁਣ ਗੱਡੀ ਦੇ ਇੰਜਨ ਦੀ ਮਰਜ਼ੀ ਹੈ ਕਿ ਕਦੋਂ ਤੱਕ ਇਹਨਾਂ ਡੱਬਿਆਂ ਨੂੰ ਆਪਣੇ ਨਾਲ ਜੋੜੀ ਰੱਖਦੇ ਹਨ।
ਜੈ ਪ੍ਰਕਾਸ਼ ਨਰਾਇਣ ਨੇ 5 ਜੂਨ 1947 ਨੂੰ ਗਾਂਧੀ ਮੈਦਾਨ ਦੀ ਇੱਕ ਵਿਸ਼ਾਲ ਜਨ ਸਭਾ ਵਿੱਚ ਸੰਪੂਰਨ ਕ੍ਰਾਂਤੀ ਦਾ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਸੀ, “ਸੰਪੂਰਨ ਕ੍ਰਾਂਤੀ ਹੁਣ ਨਾਹਰਾ ਹੈ, ਭਵਿੱਖੀ ਇਤਿਹਾਸ ਹਮਾਰਾ ਹੈ” ਸੰਪੂਰਨ ਕ੍ਰਾਂਤੀ ਦੇ ਉਦੇਸ਼ਾਂ ਵਿੱਚ ਚੋਣ ਸੁਧਾਰ ਅਹਿਮ ਸੀ। ਨਾਲ ਹੀ ਭ੍ਰਿਸ਼ਟਾਚਾਰ ਖ਼ਤਮ ਕਰਨਾ, ਲੋਕ ਤੰਤਰ ਨੂੰ ਮਜ਼ਬੂਤ ਕਰਨਾ, ਜਨਤਾ ਦੀ ਭਾਗੀਦਾਰੀ ਵਧਾਉਣਾ ਅਤੇ ਸੱਤਾ ਦਾ ਵਿਕੇਂਦਰੀਕਰਨ ਅੰਦੋਲਨ ਦਾ ਉਦੇਸ਼ ਸੀ। ਪਰ ਮੌਜੂਦਾ ਹਿੰਦੂਤਵੀ ਸੰਪੂਰਨ ਕ੍ਰਾਂਤੀ ਦਾ ਉਦੇਸ਼, ਦੇਸ਼ ’ਚ ਇੱਕੋ ਪਾਰਟੀ ਦਾ ਰਾਜ ਸਥਾਪਤ ਕਰਨਾ ਹੈ, ਜਿਹੜੀ ਵਿਰੋਧੀ ਰਾਸ਼ਟਰੀ ਪਾਰਟੀਆਂ ਨੂੰ ਤਾਂ ਖੂੰਜੇ ਲਾਉਣ ਲਈ ਯਤਨਸ਼ੀਲ ਹੈ ਹੀ, ਉਹ ਖੇਤਰੀ ਪਾਰਟੀਆਂ ਦੀ ਹੋਂਦ ਨੂੰ ਖ਼ਤਮ ਕਰਨ ਦੇ ਰਾਹ ਹੈ।
ਕਿਧਰ ਹੈ ਹੁਣ ਨਵੀਨ ਪਟਨਾਇਕ? ਲੋਜਪਾ ਦੇ ਰਾਮਵਿਲਾਸ ਪਾਸਵਨ ਕਦੇ ਸਿਆਸੀ ਮੌਸਮ ਵਿਗਿਆਨੀ ਦਾ ਦਰਜਾ ਰੱਖਦਾ ਸੀ, ਜਿਧਰ ਤਾਕਤ ਉਧਰਲਾ ਰੁਖ। ਅੱਜ ਉਸਦਾ ਪੁੱਤਰ ਆਪਣੀ ਪਾਰਟੀ ਦੀ ਹੋਂਦ ਬਚਾਈ ਰੱਖਣ ਲਈ ਭਾਜਪਾ ਖੇਮੇ ’ਚ ਹੈ। ਹਰਿਆਣਾ ਦੇ ‘ਲਾਲ’ ਭਗਵਾ ਦੇ ਅੱਗੇ ਗੋਡੇ ਟੇਕ ਚੁੱਕੇ ਹਨ। ਪਰ ਬਿਨਾਂ ਸ਼ੱਕ ਬੰਗਾਲ ਦੀ ਮਮਤਾ ਬੈਨਰਜੀ ਨੇ ਬਹੁਤ ਮਜ਼ਬੂਤੀ ਨਾਲ ਆਪਣੀ ਪਛਾਣ ਬਣਾਈ ਰੱਖੀ ਹੈ ਅਤੇ ਰਾਹੇ-ਵਗਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਵੀ ਉਭਰੀ।
ਭਾਜਪਾ ਦਾ ਹਿੰਦੂਤਵੀ ਸੰਪੂਰਨ ਕ੍ਰਾਂਤੀ ਦਾ ਸਫ਼ਰ 2014 ਵਿੱਚ ਹਰਿਆਣਾ ਅਤੇ ਮਹਾਂਰਾਸ਼ਟਰ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਅਸਾਮ (2016) ਅਰੁਣਾਚਲ ਪ੍ਰਦੇਸ਼(2016), ਮਨੀਪੁਰ (2017) ਤ੍ਰਿਪੁਰਾ(2018), ਉੜੀਸਾ(2024), ਬਿਹਾਰ (2026) ਅਤੇ ਹੁਣ ਪੱਛਮੀ ਬੰਗਾਲ ਵਿੱਚ ਭਾਜਪਾ ਨੇ ਹਰ ਹਰਬਾ ਵਰਤਕੇ ਆਪਣਾ ਰਾਜ-ਭਾਗ ਸਥਾਪਤ ਕਰ ਲਿਆ। ਹਰਿਆਣਾ ’ਚ ਭਾਜਪਾ ਨੇ ਪਹਿਲੀ ਵੇਰ ਆਪਣੇ ਦਮ-ਖਮ ’ਤੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਇਆ। ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਬਾਅਦ ਗਠਬੰਧਨ ਸਰਕਾਰ ਬਣਾਈ। ਤ੍ਰਿਪੁਰਾ ਖੱਬੀਆਂ ਧਿਰਾਂ ਤੋਂ ਖੋਹਿਆ। ਉੜੀਸਾ ’ਚ ਬੀਜੂ ਪਟਨਾਇਕ ਦਲ ਤੋਂ ਸੱਤਾ ਹਥਿਆਈ ਅਤੇ ਨਵੀਨ ਪਟਨਾਇਕ ਦਾ 24 ਸਾਲ ਦਾ ਸਾਸ਼ਨ ਸਮਾਪਤ ਕੀਤਾ। ਹੁਣ ਸਥਿਤੀ ਇਹ ਹੈ ਕਿ ਦੇਸ਼ ਭਰ ਵਿੱਚ ਲਗਭਗ 72 ਫ਼ੀਸਦੀ ਭਾਰਤੀ ਖਿੱਤੇ ਉਤੇ ਭਾਜਪਾ ਰਾਜ ਕਰ ਰਹੀ ਹੈ। ਹੁਣ ਭਾਜਪਾ-ਸਰਕਾਰ 21-22 ਸਰਕਾਰਾਂ ਉੱਤੇ ਕਾਬਜ਼ ਹੈ। ਅਸਲ ’ਚ ਭਾਜਪਾ ਉਹਨਾਂ ਭੂਗੋਲਿਕ ਖੇਤਰਾਂ ’ਚ ਪ੍ਰਬੰਧ ਕਰ ਚੁੱਕੀ ਹੈ, ਜਿੱਥੇ ਕਦੀ ਪਾਰਟੀ ਲਈ ਪਹੁੰਚਣਾ ਕਠਿਨ ਮੰਨਿਆ ਜਾਂਦਾ ਸੀ।
ਭਾਜਪਾ ਦੀ ਸੰਪੂਰਨ ਕ੍ਰਾਂਤੀ ਯਾਤਰਾ, ਦਾ ਮਕਸਦ ਸਿੱਧੇ ਰੂਪ ’ਚ ਭਾਰਤੀ ਸੰਘਵਾਦ ਦਾ ਖ਼ਾਤਮਾ ਕਰਨਾ, ਹਿੰਦੂਤਵ ਨੂੰ ਭਾਰਤ ’ਚ ਪ੍ਰਮੁੱਖ ਵਿਚਾਰਧਾਰਾ ਬਣਾਉਣਾ, ਭਾਵ ਧਰਮ ਨਿਰਪੱਖਤਾ ਦਾ ਖ਼ਾਤਮਾ ਕਰਨਾ ਕਲਿਆਣਕਾਰੀ ਰਾਜ ਖ਼ਤਮ ਕਰਕੇ ਪੂੰਜੀਵਾਦ ਨੂੰ ਆਰਥਿਕ ਮਾਡਲ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਨਾਲ-ਨਾਲ ਲੋਕਤੰਤਰ ਦਾ ਖ਼ਾਤਮਾ ਕਰਕੇ ਇੱਕ ਦਲੀ ਰਾਸ਼ਟਰ ਸਥਾਪਤ ਕਰਨਾ ਹੈ।
ਇਸੇ ਲਈ ਭਾਸ਼ਾਈ ਅਤੇ ਖੇਤਰੀ ਪਛਾਣ ’ਤੇ ਟਿਕੀਆਂ ਸਿਆਸੀ ਪਾਰਟੀਆਂ ਲਈ ਹਿੰਦੂਤਵ ਦੀ ਵਿਆਪਕ ਪਛਾਣ ਦੇ ਸਾਹਮਣੇ ਆਪਣਾ ਵਜੂਦ ਬਚਾਉਣਾ ਹੁਣ ਇਕ ਵੱਡੀ ਚੁਣੌਤੀ ਬਣ ਗਿਆ ਹੈ। ਜਿਸ ਦਿੱਲੀ ਨੂੰ ਕਦੇ ਖੇਤਰੀ ਤਾਕਤਾਂ ਨੇ ਦੂਰ ਰਹਿਕੇ ਨਕਾਰ ਦਿੱਤਾ ਸੀ, ਅੱਜ ਉਸੇ ਦਿੱਲੀ ਨੇ ਉਹਨਾਂ ਸਭ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਹੈ।
ਹਿੰਦੂਤਵ ਦੀ ਸਿਆਸਤ ਨੇ ਦਿੱਲੀ ਵਿੱਚ ਇਕ ਅਜਿਹਾ ਵਿਸ਼ਾਲ ਬਜ਼ਾਰ ਸਜਾ ਦਿੱਤਾ ਹੈ, ਜਿਥੇ ਇਕੋ ਛੱਤ ਹੇਠ੍ਹ ਉੱਤਰ ਦੇ ਰਾਸ਼ਨ ਤੋਂ ਲੈ ਕੇ ਦੱਖਣ ਦੇ ਪਾਇਸਸ (ਖੀਰ) ਤੱਕ ਸਭ ਕੁੱਝ ਮੌਜੂਦ ਹੈ। ਭਾਵ ਭਾਜਪਾ ਨੇ ਇਕ ਅਜਿਹੀ ਸਿਆਸੀ ਵਿਵਸਥਾ ਤਿਆਰ ਕਰ ਦਿੱਤੀ ਹੈ, ਜਿਸ ਵਿੱਚ ਹਰ ਖੇਤਰ ਦੀ ਸਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਹਿੰਦੂਤਵ ਦੇ ਇਕ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਖੇਤਰੀ ਪਾਰਟੀਆਂ ਦੀ ਆਪਣੀ ਵੱਖਰੀ ਹੋਂਦ ਗੁਆਚੀ ਜਾ ਰਹੀ ਹੈ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਭਾਜਪਾ ਦੀ ਰਣਨੀਤੀ ਸਿਰਫ਼ ਸੱਤਾ ਪਾਉਣਾ ਨਹੀਂ, ਸਗੋਂ ਇੱਕੋ-ਇਕ ਵੱਡੀ ਤਾਕਤ ਬਨਣਾ ਹੈ। ਇਸ ਪ੍ਰੀਕਿਰਿਆ ਵਿੱਚ ਜਿਹੜੀਆਂ ਪਾਰਟੀਆਂ ਭਾਜਪਾ ਦੇ ਨਾਲ ਗਈਆਂ, ਉਹ ਹੌਲੀ-ਹੌਲੀ ਆਪਣੀ ਵੱਖਰੀ ਪਛਾਣ ਗੁਆ ਬੈਠੀਆਂ ਅਤੇ ਭਾਜਪਾ ਨੇ ਉਹਨਾਂ ਦਾ ਵੋਟ ਬੈਂਕ ਵੀ ਹਥਿਆ ਲਿਆ। ਭਾਜਪਾ ਦਾ ਹਿੰਦੂਤਵ ਸਿਰਫ਼ ਇਕ ਧਾਰਮਿਕ ਏਜੰਡਾ ਨਹੀਂ ਹੈ, ਸਗੋਂ ਇਕ ਸਿਆਸੀ ਵੈਕਿਊਮ ਕਲੀਨਰ ਹੈ, ਜੋ ਸਾਰੀਆਂ ਖੇਤਰੀ ਵਿਚਾਰਧਾਰਾਵਾਂ ਨੂੰ ਆਪਣੇ ਅੰਦਰ ਖਿੱਚ ਰਿਹਾ ਹੈ। ਭਾਜਪਾ ਦੀ ਰਾਜਨੀਤੀ ਕੇਂਦਰੀਕਰਨ ਦੀ ਹੈ। ਜਦੋਂ ਰਾਸ਼ਟਰੀ ਮੁੱਦੇ ਭਾਰੂ ਹੋ ਜਾਂਦੇ ਹਨ, ਤਾਂ ਖੇਤਰੀ ਮੁੱਦੇ ਜਿਵੇਂ ਪਾਣੀ ਦੇ ਮਸਲੇ, ਬੋਲੀ ਜਾਂ ਸਥਾਨਕ ਹੱਕ ਪਿੱਛੇ ਰਹਿ ਜਾਂਦੇ ਹਨ। ਇਹ ਖੇਤਰੀ ਪਾਰਟੀਆਂ ਦੀ ਮੌਤ ਦੇ ਬਰਾਬਰ ਹੈ। ਕੀ ਅੱਜ ਦੇ ਦੌਰ ਵਿਚ ਖੇਤਰੀ ਦਲ ਸਚਮੁੱਚ ਡਰੇ ਹੋਏ ਹਨ ਜਾਂ ਉਹ ਆਪਣੀ ਸਿਆਸੀ ਪ੍ਰਸੰਗਿਕਤਾ ਗੁਆ ਚੁੱਕੇ ਹਨ? ਇਹ ਇਕ ਗੰਭੀਰ ਸਵਾਲ ਹੈ।
ਇੱਕ ਸਮਾਂ ਸੀ ਜਦੋਂ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਨੇ ਖੇਤਰੀ ਤਾਕਤਾਂ ਨੂੰ ਇਕ ਮੁੱਠ ਕਰਕੇ ਕਾਂਗਰਸ ਦੇ ਇੱਕ-ਛਤਰ ਰਾਜ ਨੂੰ ਨਾ ਸਿਰਫ਼ ਚੁਣੌਤੀ ਦਿੱਤੀ ਸੀ, ਸਗੋਂ ਉਸਨੂੰ ਪਛਾੜ ਕੇ ਰੱਖ ਦਿੱਤਾ ਸੀ। ਉਸ ਦੇਰ ਵਿੱਚ ਖੇਤਰੀ ਪਾਰਟੀਆਂ ਲੋਕਤੰਤਰ ਦੇ ਮਜ਼ਬੂਤ ਥੰਮ ਵਜੋਂ ਉਭਰੀਆਂ ਸਨ।
ਪਰ ਅੱਜ ਤਸਵੀਰ ਬਿਲਕੁਲ ਉਲਟ ਹੈ। ਭਾਜਪਾ ਨੇ ਸੱਤਾ ਦਾ ਇਕ ਅਜਿਹਾ ਸ਼ਕਤੀਸ਼ਾਲੀ ਹਿੰਦੂਤਵ ਇੰਜਣ ਤਿਆਰ ਕਰ ਦਿੱਤਾ ਹੈ, ਜਿਸ ਦੇ ਪਿੱਛੇ ਵੱਖ-ਵੱਖ ਖੇਤਰੀ ਦਲਾਂ ਦੇ ਡੱਬੇ ਇੱਕ-ਇੱਕ ਕਰਕੇ ਜੁੜਦੇ ਜਾ ਰਹੇ ਹਨ। ਆਪਣੀ ਹੋਂਦ ਬਚਾਉਣ ਦੀ ਜਦੋ-ਜਹਿਦ, ਅੰਦਰੂਨੀ ਡਰ ਅਤੇ ਸੱਤਾ ਲਈ ਕੀਤੇ ਸਮਝੌਤਿਆਂ ਨੇ ਇਹਨਾਂ ਖੇਤਰੀ ਧਿਰਾਂ ਨੂੰ ਹੋਰ ਵੀ ਨਿਤਾਣਾ ਕਰ ਦਿਤਾ ਹੈ। ਦਿੱਲੀ ਨੇ ਉਸਦੀ ਢਾਲ ਭਾਸ਼ਾ ਅਤੇ ਸਭਿਆਚਾਰ ਨੂੰ ਸੱਤਾ ਦੇ ਬਜ਼ਾਰ ਵਿੱਚ ਇੱਕ ਉਤਪਾਦ ਬਣਾਕੇ ਰੱਖ ਦਿਤਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਫਿਲਹਾਲ ਖੇਤਰੀ ਦਲਾਂ ਦੇ ਵਿਰੁੱਧ ਭਾਜਪਾ ਦੀ ਸੰਪੂਰਨ ਕ੍ਰਾਂਤੀ ਵਾਲੀ ਨੀਤੀ ਸਫ਼ਲ ਹੁੰਦੀ ਦਿਖਾਈ ਦੇ ਰਹੀ ਹੈ। ਖੇਤਰੀ ਪਾਰਟੀਆਂ ਦੇ ਕੰਮਜ਼ੋਰ ਹੋਣ ਨਾਲ ਦੇਸ਼ ਵਿੱਚ ‘ਇਕ ਦੇਸ਼-ਇਕ ਪਾਰਟੀ’ ਦਾ ਜੋ ਮਾਹੌਲ ਸਿਰਜਿਆ ਗਿਆ ਹੈ, ਉਹ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਇਸ ਹਾਲਤ ਨੂੰ ਦੇਖਦੇ ਹੋਏ ਇਹ ਸਪਸ਼ਟ ਦਿਸਦਾ ਹੈ ਕਿ ਭਵਿੱਖ ਵਿਚ ਮੌਜੂਦਾ ਸੱਤਾ ਦੇ ਸਾਹਮਣੇ ਜੋ ਵੀ ਚੁਣੌਤੀ ਖੜੀ ਹੋਵੇਗੀ, ਉਸਦਾ ਚਿਹਰਾ ਖੇਤਰੀ ਨਹੀਂ ਸਗੋਂ ਲਾਜ਼ਮੀ ਤੌਰ ’ਤੇ ਰਾਸ਼ਟਰੀ ਹੋਏਗਾ।
-ਗੁਰਮੀਤ ਸਿੰਘ ਪਲਾਹੀ
-9815802070

-
-ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.