ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਐਸ.ਜੀ.ਪੀ.ਸੀ ਪ੍ਰਧਾਨ ਨੂੰ ਕਿਸ ਹੈਸੀਅਤ ਵਿੱਚ ਹਦਾਇਤ ਕਰ ਰਹੀ ਹੈ - ਰਵੀਇੰਦਰ ਸਿੰਘ
ਚੰਡੀਗੜ੍ਹ-: 12 ਮਈ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਅਤੇ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਇਕ ਪਾਸੇ ਅਕਾਲੀ ਦਲ ਬਾਦਲ ਦਾਅਵਾ ਕਰਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਿੱਚ ਦਖਲ ਅੰਦਾਜ਼ੀ ਨਹੀ ਕਰਦਾ, ਦੂਜੇ ਪਾਸੇ ਕੋਰ ਕਮੇਟੀ ਦੀ ਬੈਠਕ ਵਿੱਚ ਚੰਡੀਗੜ੍ਹ ਤੋਂ ਸ ਹਰਜਿੰਦਰ ਸਿੰਘ ਧਾਮੀ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਵਿੱਚ ਸੋਧ ਕਰਾਉਣ ਲਈ ਮਾਹਿਰਾਂ ਦਾ ਪੈਨਲ ਬਣਾ ਕੇ ਮਸਲਾ ਚੁੱਕਣ। ਅਕਾਲੀ ਦਲ ਦੇ ਇਕ ਸਦੀ ਦੇ ਇਤਿਹਾਸ ਵਿੱਚ ਇਹ ਉਲਟੀ ਗੰਗਾ ਵਹਿ ਰਹੀ ਹੈ ਜਦੋਂ ਬਾਦਲ ਦਲ ਆਪਣਾ ਸੰਕਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਗਲ ਪਾ ਰਿਹਾ ਹੈ। ਜਦਕਿ ਕੌਮ 'ਤੇ ਜਦੋਂ ਵੀ ਕੋਈ ਧਾਰਮਿਕ ਸੰਕਟ ਆਉਂਦਾ ਸੀ ਤਾਂ ਉਸਦੀ ਲੜਾਈ ਖੁਦ ਅਕਾਲੀ ਦਲ ਲੜਦਾ ਸੀ।
ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ ਬਾਦਲ ਨੇ ਪਤਾ ਨਹੀਂ ਕਿਸ ਲਾਲਚ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰ ਦੇ ਨਾਲ ਸਿੱਧੇ ਟਕਰਾਅ ਵਿੱਚ ਪਾ ਦਿੱਤਾ, ਜਿਸਦੇ ਨਤੀਜੇ ਪੂਰੀ ਕੌਮ ਲਈ ਘਾਤਕ ਹੋ ਸਕਦੇ ਹਨ। ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਤਾਕਤ ਸ਼੍ਰੋਮਣੀ ਕਮੇਟੀ ਹੈ, ਇਸ ਲਈ ਇਸ ਮਸਲੇ ਦੇ ਹੱਲ ਲਈ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਨੂੰ ਇਸ ਲੜਾਈ ਲਈ ਆਪਣੀ ਰਾਜਸੀ ਤਾਕਤ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਕਰਨਾ ਚਾਹੀਦਾ ਸੀ। ਪਰ ਇਕ ਪਾਸੇ ਤਾਂ ਜਥੇਦਾਰ ਸਾਹਿਬ ਸਰਕਾਰ ਨੂੰ ਪੰਦਰਾਂ ਦਿਨ ਦਾ ਅਲਟੀਮੇਟਮ ਦੇ ਚੁੱਕੇ ਹਨ। ਜਿਸਦੇ ਜਵਾਬ ਵਿੱਚ ਮੁੱਖ ਮੰਤਰੀ ਕਹਿ ਚੁੱਕਿਆ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਹੁਣ ਕਾਨੂੰਨ ਨਹੀਂ ਬਦਲਿਆ ਜਾਵੇਗਾ। ਇਸ ਤਰਾਂ ਦੋਹਾਂ ਧਿਰਾਂ ਵਿੱਚ ਟਕਰਾਅ ਵਾਲੀ ਸਥਿਤੀ ਬਣ ਜਾਣ ਤੋਂ ਬਾਦ ਬਾਦਲ ਦਲ ਦੀ ਕੋਰ ਕਮੇਟੀ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਾਹਿਰਾਂ ਦਾ ਪੈਨਲ ਬਣਾ ਕੇ ਮਸਲਾ ਹੱਲ ਕਰਨ ਬਾਰੇ ਕਹਿ ਰਹੀ ਹੈ। ਇਸ ਗੱਲ ਤੋਂ ਇੰਝ ਲਗਦਾ ਹੈ ਕਿ ਜਿਵੇਂ ਸ ਸੁਖਬੀਰ ਸਿੰਘ ਨੂੰ ਯਾਦ ਵੀ ਨਾ ਹੋਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਕਾਰ ਨਾਲ ਸਿੱਧੇ ਟਕਰਾਅ ਵਿੱਚ ਆ ਚੁੱਕਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹ ਵੀ ਯਾਦ ਨਹੀਂ ਕਿ ਇਸ ਐਕਟ ਦੀ ਸ਼ਬਦਾਵਲੀ ਉਹਨਾਂ ਦੀ ਹੀ ਤਿਆਰ ਕਰਵਾਈ ਹੋਈ ਹੈ, ਜਿਸ ਤੋਂ ਹੁਣ ਵਿਵਾਦ ਖੜੇ ਕੀਤੇ ਜਾ ਰਹੇ ਹਨ।
ਸ ਰਵੀਇੰਦਰ ਸਿੰਘ ਨੇ ਸਮੂਹ ਸਿੱਖ ਚਿੰਤਕਾਂ, ਬੁੱਧੀਜੀਵੀਆਂ, ਸਾਬਕਾ ਸਿੰਘ ਸਹਿਬਾਨ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਕਾਰ ਵਿਚਕਾਰ ਬਣ ਰਹੇ ਇਸ ਟਕਰਾਅ ਨੂੰ ਟਾਲਣ ਦੇ ਯਤਨ ਕਰਨ। ਭਾਵੇਂ ਕਿ ਇਹ ਟਕਰਾਅ ਬਣਾਉਣ ਵਿੱਚ ਅਕਾਲੀ ਦਲ ਬਾਦਲ ਦੀ ਖੁਦਗਰਜ਼ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਦੀ ਗੁਲਾਮ ਮਾਨਸਿਕਤਾ ਜਿੰਮੇਵਾਰ ਹੈ, ਪਰ ਇਸਦੇ ਨਤੀਜੇ ਪੂਰੀ ਕੌਮ ਲਈ ਘਾਤਕ ਹੋ ਸਕਦੇ ਹਨ। ਪ੍ਰੈੱਸ ਬਿਆਨ ਨੂੰ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
- Download Babushahi App
-
-