ਕੀਹਦੀ ਸਰਕਾਰ ਬਣੇਗੀ 2027 ਵਿੱਚ? ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਹੌਲੀ-ਹੌਲੀ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਹਰ ਪਾਰਟੀ ਆਪਣਾ ਵਜੂਦ ਬਚਾਉਣ ਅਤੇ ਲੋਕਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਨਵੇਂ ਦਾਅ-ਪੇਚ ਅਜ਼ਮਾ ਰਹੀ ਹੈ। ਪੰਜਾਬ ਦੀ ਸਿਆਸਤ ਇਸ ਵੇਲੇ ਇੱਕ ਅਜਿਹੇ ਮੋੜ ‘ਤੇ ਖੜੀ ਹੈ, ਜਿੱਥੇ ਕੋਈ ਵੀ ਪਾਰਟੀ ਪੂਰੀ ਤਰ੍ਹਾਂ ਨਿਸ਼ਚਿੰਤ ਨਹੀਂ ਦਿਖਾਈ ਦਿੰਦੀ।
ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਆਪਣੇ ਸਭ ਤੋਂ ਕਮਜ਼ੋਰ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪਾਰਟੀ ਦਾ ਮਹਿਜ ਇੱਕ ਵਿਧਾਇਕ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਹੋਇਆ ਹੈ, ਜਦਕਿ ਦੂਜੇ ਪਾਸੇ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ “ਸੁਧਾਰ ਲਹਿਰ” ਅਕਾਲੀ ਰਾਜਨੀਤੀ ਵਿੱਚ ਨਵਾਂ ਰੁਝਾਨ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੁਧਾਰ ਲਹਿਰ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਮਝੌਤਿਆਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਜੇਕਰ ਅਕਾਲੀ ਦਲ ਬਾਦਲ ਅਤੇ ਸੁਧਾਰ ਲਹਿਰ ਵੱਖ-ਵੱਖ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਬਾਦਲ ਨੂੰ ਹੀ ਹੋ ਸਕਦਾ ਹੈ।
ਦੂਜੇ ਪਾਸੇ ਭਾਜਪਾ ਪੰਜਾਬ ਵਿੱਚ ਆਪਣਾ ਵੱਖਰਾ ਆਧਾਰ ਖੜਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ ਅਤੇ ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਨੂੰ ਆਪਣੇ ਨਾਲ ਜੋੜਨ ਵਿੱਚ ਲੱਗੀ ਹੋਈ ਹੈ। ਹਾਲਾਂਕਿ ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ ਕਿ ਇਹ ਦਲਬਦਲੂ ਚਿਹਰੇ ਭਾਜਪਾ ਨੂੰ ਪੰਜਾਬ ਵਿੱਚ ਮਜ਼ਬੂਤੀ ਦਵਾ ਸਕਣਗੇ ਜਾਂ ਸਿਰਫ “ਚੱਲੇ ਹੋਏ ਤੀਰ” ਹੀ ਸਾਬਤ ਹੋਣਗੇ।
ਆਮ ਆਦਮੀ ਪਾਰਟੀ ਇਸ ਵੇਲੇ ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਚੱਲ ਰਹੀ ਹੈ। ਪੰਜਾਬ ਦੇ ਲੋਕਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੈਕੇ ਕਾਫੀ ਨਾਰਾਜ਼ਗੀ ਵੀ ਵੇਖਣ ਨੂੰ ਮਿਲਦੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣਨ ਦੇ ਤਰੀਕੇ, ਵੱਖ-ਵੱਖ ਵਿਭਾਗਾਂ ‘ਤੇ “ਅਬਜ਼ਰਵਰ” ਲਗਾਉਣੇ, ਪੰਜਾਬ ਦੇ ਖ਼ਜ਼ਾਨੇ ਦੇ ਪੈਸੇ ਨੂੰ ਹੋਰ ਸੂਬਿਆਂ ਵਿੱਚ ਇਸ਼ਤਿਹਾਰਾਂ ‘ਤੇ ਖਰਚ ਕਰਨ ਅਤੇ ਪੰਜਾਬ ਪੁਲਿਸ ਦੀ ਵਰਤੋਂ ਨੂੰ ਲੈਕੇ ਵਿਰੋਧੀ ਲਗਾਤਾਰ ਸਵਾਲ ਚੁੱਕਦੇ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨੂੰ ਲੈਕੇ ਵੀ ਵਿਰੋਧੀਆਂ ਨੇ ਨਿਸ਼ਾਨੇ ਸਾਧੇ ਹਨ।
ਪਰ ਇਸ ਸਾਰੀ ਸਿਆਸੀ ਆਲੋਚਨਾ ਦੇ ਬਾਵਜੂਦ ਭਗਵੰਤ ਮਾਨ ਦੀ ਨਿੱਜੀ ਲੋਕਪ੍ਰਿਯਤਾ ਅਜੇ ਵੀ ਕਾਫੀ ਹੱਦ ਤੱਕ ਕਾਇਮ ਦਿਖਾਈ ਦਿੰਦੀ ਹੈ। ਭਗਵੰਤ ਮਾਨ ਦੀ ਹਾਜ਼ਰ-ਜਵਾਬੀ, ਸਟੇਜੀ ਪੇਸ਼ਕਾਰੀ ਅਤੇ ਲੱਛੇਦਾਰ ਭਾਸ਼ਣ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ। ਉਹ ਹਰ ਰੈਲੀ ਵਿੱਚ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਹਨ — ਸੱਠ ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ, ਕਈ ਟੋਲ ਪਲਾਜ਼ੇ ਬੰਦ ਕਰਵਾਉਣਾ, 600 ਯੂਨਿਟ ਮੁਫ਼ਤ ਬਿਜਲੀ, ਦੱਸ ਲੱਖ ਤੱਕ ਦਾ ਸਿਹਤ ਬੀਮਾ, ਮਹੱਲਾ ਕਲੀਨਿਕ, ਸਰਕਾਰੀ ਸਕੂਲਾਂ ਦੀ ਸੁਧਰੀ ਹਾਲਤ, ਔਰਤਾਂ ਲਈ ਆਰਥਿਕ ਸਹਾਇਤਾ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਕਿਸਾਨਾਂ ਲਈ ਦਿਨ ਵੇਲੇ ਬਿਜਲੀ, ਨਹਿਰੀ ਪਾਣੀ ਅਤੇ ਸੜਕਾਂ ਦੇ ਨਿਰਮਾਣ ਵਰਗੇ ਮੁੱਦੇ ਉਹ ਲਗਾਤਾਰ ਉਭਾਰਦੇ ਰਹਿੰਦੇ ਹਨ।
ਹਾਲਾਂਕਿ ਵਿਰੋਧੀ ਧਿਰ ਸਰਕਾਰ ਨੂੰ ਕਰਜ਼ੇ ਦੇ ਵਧਦੇ ਬੋਝ, ਨਸ਼ਿਆਂ, ਗੈਂਗਸਟਰਵਾਦ ਅਤੇ ਗੈਰਕਾਨੂੰਨੀ ਮਾਈਨਿੰਗ ਵਰਗੇ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ‘ਤੇ ਇਹ ਦੋਸ਼ ਵੀ ਲੱਗਦਾ ਹੈ ਕਿ ਜਿਸ ਕਰਜ਼ੇ ਨੂੰ ਲੈਕੇ ਪਹਿਲਾਂ ਪਿਛਲੀਆਂ ਸਰਕਾਰਾਂ ਨੂੰ ਨਾਕਾਮ ਕਿਹਾ ਜਾਂਦਾ ਸੀ, ਅੱਜ ਉਹੀ ਰਾਹ ਆਪ ਸਰਕਾਰ ਅਪਣਾ ਰਹੀ ਹੈ। ਇਸਦੇ ਜਵਾਬ ਵਿੱਚ ਭਗਵੰਤ ਮਾਨ ਅਕਸਰ ਕਹਿੰਦੇ ਹਨ ਕਿ “ਕਰਜ਼ੇ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਚੱਲਦੀ” ਅਤੇ ਉਹ ਦਲੀਲ ਦਿੰਦੇ ਹਨ ਕਿ ਕਰਜ਼ਾ ਪੰਜਾਬ ਦੇ ਵਿਕਾਸ ਲਈ ਲਿਆ ਗਿਆ ਹੈ, ਨਾ ਕਿ ਨਿੱਜੀ ਲਾਭ ਲਈ।
ਕਾਂਗਰਸ ਪਾਰਟੀ ਇਸ ਵੇਲੇ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੋਲ ਤਾਂ ਨਿਭਾਉਂਦੀ ਦਿਖਾਈ ਦਿੰਦੀ ਹੈ, ਪਰ ਅੰਦਰੂਨੀ ਖਿੱਚੋਤਾਣ ਅਤੇ ਹਰੇਕ ਲੀਡਰ ਦੀ ਮੁੱਖ ਮੰਤਰੀ ਬਣਨ ਦੀ ਚਾਹਨਾ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਕਦੇ ਰਾਜਾ ਵੜਿੰਗ, ਕਦੇ ਪ੍ਰਤਾਪ ਸਿੰਘ ਬਾਜਵਾ, ਕਦੇ ਸੁਖਪਾਲ ਖਹਿਰਾ ਅਤੇ ਕਦੇ ਪਰਗਟ ਸਿੰਘ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਕਜੁੱਟ ਰਣਨੀਤੀ ਦੀ ਕਮੀ ਸਪਸ਼ਟ ਨਜ਼ਰ ਆਉਂਦੀ ਹੈ।
ਭਗਵੰਤ ਮਾਨ ਦੀ ਇੱਕ ਵੱਡੀ ਤਾਕਤ ਇਹ ਵੀ ਹੈ ਕਿ ਉਹ ਵਿਰੋਧੀਆਂ ਦੇ ਹਮਲਿਆਂ ਦਾ ਤੁਰੰਤ ਅਤੇ ਤਿੱਖਾ ਜਵਾਬ ਦੇਣ ਵਿੱਚ ਮਾਹਿਰ ਮੰਨੇ ਜਾਂਦੇ ਹਨ। ਜੇ ਵਿਰੋਧੀ ਨਸ਼ਿਆਂ ਦੀ ਗੱਲ ਕਰਦੇ ਹਨ ਤਾਂ ਉਹ “ਯੁੱਧ ਨਸ਼ਿਆਂ ਵਿਰੁੱਧ” ਦੀ ਗੱਲ ਕਰਦੇ ਹਨ। ਜੇ ਗੈਂਗਸਟਰਵਾਦ ਦਾ ਮੁੱਦਾ ਉਠਦਾ ਹੈ ਤਾਂ “ਆਪ੍ਰੇਸ਼ਨ ਪਰਹਾਰ” ਦਾ ਜ਼ਿਕਰ ਹੁੰਦਾ ਹੈ। ਜੇ ਭ੍ਰਿਸ਼ਟਾਚਾਰ ਦੀ ਗੱਲ ਹੁੰਦੀ ਹੈ ਤਾਂ ਉਹ ਆਪਣੇ ਹੀ ਮੰਤਰੀਆਂ ਅਤੇ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਗੱਲ ਕਰਦੇ ਹਨ।
ਇਸ ਵੇਲੇ ਦੇ ਹਾਲਾਤਾਂ ਨੂੰ ਵੇਖਦੇ ਹੋਏ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬਾਕੀ ਪਾਰਟੀਆਂ ਦੇ ਮੁਕਾਬਲੇ ਭਗਵੰਤ ਮਾਨ ਸਰਕਾਰ ਦਾ ਪੱਲੜਾ ਕੁਝ ਭਾਰੀ ਦਿਖਾਈ ਦਿੰਦਾ ਹੈ। ਲੋਕਾਂ ਵਿੱਚ ਇਹ ਚਰਚਾ ਆਮ ਹੈ ਕਿ ਜੇ ਅਰਵਿੰਦ ਕੇਜਰੀਵਾਲ ਪੰਜਾਬ ਦੀ ਰਾਜਨੀਤੀ ਵਿੱਚ ਘੱਟ ਦਖ਼ਲ ਦੇਣ ਤਾਂ ਭਗਵੰਤ ਮਾਨ ਸਰਕਾਰ ਦੁਬਾਰਾ ਸੱਤਾ ਵਿੱਚ ਆ ਸਕਦੀ ਹੈ।
ਹਾਲਾਂਕਿ ਪੰਜਾਬ ਦੀ ਸਿਆਸਤ ਵਿੱਚ ਹਾਲਾਤ ਬਹੁਤ ਤੇਜ਼ੀ ਨਾਲ ਬਦਲਦੇ ਹਨ। ਆਉਣ ਵਾਲੇ ਮਹੀਨਿਆਂ ਵਿੱਚ ਜੋੜ-ਤੋੜ, ਗਠਜੋੜ, ਦਲ-ਬਦਲੀ ਅਤੇ ਇੱਕ-ਦੂਜੇ ‘ਤੇ ਇਲਜ਼ਾਮਬਾਜ਼ੀ ਦਾ ਦੌਰ ਹੋਰ ਤੇਜ਼ ਹੋਵੇਗਾ। ਇਹ ਵੀ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਵਿਰੋਧੀ ਧਿਰ ਕੋਈ ਅਜਿਹਾ ਵੱਡਾ ਮੁੱਦਾ ਖੜਾ ਕਰ ਸਕਦੀ ਹੈ ਜੋ ਪੰਜਾਬ ਦੇ ਵੋਟਰ ਨੂੰ ਪ੍ਰਭਾਵਿਤ ਕਰ ਸਕੇ।
ਫਿਲਹਾਲ ਤਾਂ ਪੰਜਾਬ ਦੀ ਸਿਆਸਤ “ਵੇਟ ਐਂਡ ਵਾਚ” ਵਾਲੇ ਮੋੜ ‘ਤੇ ਖੜੀ ਦਿਖਾਈ ਦਿੰਦੀ ਹੈ।

-
ਗੁਰਿੰਦਰਜੀਤ ਸਿੰਘ, writer
gptrucking134@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.