ਮਾਂ ਉਹ ਦੀਪਕ ਹੈ ਜੋ ਆਪਣੇ ਆਪ ਨੂੰ ਜਗਾ ਕੇ ਘਰ ਨੂੰ ਰੌਸ਼ਨ ਕਰਦੀ ਹੈ
ਡਾ. ਅਮਰਜੀਤ ਟਾਂਡਾ
ਮਾਂ ਰੱਬ ਦੀਆਂ ਦੁਆਵਾਂ ਦਾ ਜੀਉਂਦਾ ਦਰਿਆ, ਰੱਬ ਦੇ ਹੱਥਾਂ ਦੀ ਸਭ ਤੋਂ ਪਵਿੱਤਰ ਲਿਖਤ, ਦੁਆਵਾਂ ਦੇ ਚਾਨਣ ਨਾਲ ਭਰਿਆ ਅਸਮਾਨ, ਮਮਤਾ ਦੇ ਅਥਾਹ ਸਮੁੰਦਰ ਦੀ ਗੂੰਜ, ਰੂਹ ਦੀ ਪਹਿਲੀ ਅਰਦਾਸ, ਧਰਤੀ ਉੱਤੇ ਉਤਰਿਆ ਰੱਬ ਦਾ ਨੂਰ, ਤਿਆਗ ਦੇ ਚਾਨਣ ਨਾਲ ਜਗਦੀ ਕਾਇਨਾਤ,ਜੰਨਤ ਦੀ ਮਹਿਕ ਵਾਲੀ ਝੋਲੀ ਦਰਦਾਂ ਉੱਤੇ ਵਿਛੀ ਮਮਤਾ ਦੀ ਚਾਦਰ ਵਰਗੀ ਹੈ।
ਚੁੱਪ ਰਹਿ ਕੇ ਵੀ ਸਭ ਕੁਝ ਕਹਿ ਜਾਣ ਵਾਲੀ ਰੂਹ ਹੁੰਦੀ ਹੈ ਮਾਂ, ਅੱਖਾਂ ਵਿੱਚ ਵਸਦੀ ਦੁਆਵਾਂ ਦੀ ਗੰਗਾ, ਸਬਰ, ਸੇਵਾ ਤੇ ਸਨੇਹ ਦਾ ਵਗਦਾ ਦਰਿਆ ਜਾਂ
ਰੱਬੀ ਰਹਿਮਤਾਂ ਦਾ ਵਰਗਾ ਨਰਮ ਬੱਦਲ ਹੈ।
ਮਾਂ ਕੋਈ ਸ਼ਬਦ ਨਹੀਂ ਹੁੰਦੀ, ਉਹ ਤਾਂ ਅਰਦਾਸ ਦੇ ਅੱਖਰਾਂ ਵਿੱਚ ਵਸਦੀ ਉਹ ਰੌਸ਼ਨੀ ਹੁੰਦੀ ਹੈ ਜੋ ਮਨੁੱਖ ਦੇ ਹਨ੍ਹੇਰੇ ਅੰਦਰ ਤੱਕ ਚਾਨਣ ਕਰ ਜਾਂਦੀ ਹੈ।
ਮਾਂ ਧਰਤੀ ਦੇ ਸੀਨੇ ਉੱਤੇ ਤੁਰਦੀ ਉਹ ਮੌਨ ਗੁਰਬਾਣੀ ਹੈ ਜਿਸਦੀ ਹਰ ਧੁਨ ਵਿੱਚ ਮਮਤਾ ਦੀ ਮਹਿਕਦੀ ਹੋਈ ਰੂਹ ਸੁੱਤੀ ਪਈ ਹੁੰਦੀ ਹੈ।
ਉਹ ਚੰਨ ਦੀ ਠੰਢਕ ਤੋਂ ਵੀ ਨਰਮ, ਸੂਰਜ ਦੀ ਰੌਸ਼ਨੀ ਤੋਂ ਵੀ ਪਵਿੱਤਰ ਅਤੇ ਸਮੁੰਦਰ ਦੀਆਂ ਲਹਿਰਾਂ ਤੋਂ ਵੀ ਡੂੰਘੀ ਹੁੰਦੀ ਹੈ।
ਜਦੋਂ ਦੁਨੀਆਂ ਆਪਣੀਆਂ ਕਰੜੀਆਂ ਉਂਗਲਾਂ ਨਾਲ ਮਨੁੱਖ ਦੇ ਸੁਪਨਿਆਂ ਨੂੰ ਤੋੜਦੀ ਹੈ, ਉਸ ਵੇਲੇ ਮਾਂ ਆਪਣੇ ਪਿਆਰ ਦੇ ਰੇਸ਼ਮੀ ਪਰਾਂ ਨਾਲ ਉਸਦੀ ਟੁੱਟੀ ਰੂਹ ਨੂੰ ਢਕ ਲੈਂਦੀ ਹੈ।
ਉਹ ਦਰਦਾਂ ਦੀ ਧੁੱਪ ਵਿੱਚ ਛਾਂ ਬਣ ਜਾਂਦੀ ਹੈ, ਭੁੱਖੇ ਦਿਨਾਂ ਵਿੱਚ ਟੁੱਕ ਦੀ ਖੁਸ਼ਬੂ ਬਣ ਜਾਂਦੀ ਹੈ, ਤੇ ਅੰਧੇਰੇ ਵੇਲਿਆਂ ਵਿੱਚ ਦੀਵੇ ਦੀ ਲੋਅ ਵਾਂਗ ਕੰਬਦੀ ਹੋਈ ਵੀ ਘਰ ਨੂੰ ਰੌਸ਼ਨ ਰੱਖਦੀ ਹੈ।
ਮਾਂ ਦਾ ਦਿਲ ਉਹ ਅਸਮਾਨ ਹੈ ਜਿੱਥੇ ਮਾਫ਼ੀ ਦੇ ਬੱਦਲ ਕਦੇ ਖਤਮ ਨਹੀਂ ਹੁੰਦੇ।
ਉਹ ਆਪਣੇ ਬੱਚਿਆਂ ਲਈ ਆਪਣੇ ਸੁਪਨਿਆਂ ਦੀਆਂ ਚੂੜੀਆਂ ਤੱਕ ਵੇਚ ਦਿੰਦੀ ਹੈ, ਪਰ ਚਿਹਰੇ ਉੱਤੇ ਮੁਸਕਰਾਹਟ ਦਾ ਦੀਵਾ ਬੁੱਝਣ ਨਹੀਂ ਦਿੰਦੀ।
ਉਸ ਦੀਆਂ ਅੱਖਾਂ ਵਿੱਚ ਅਜਿਹੇ ਅਥਾਹ ਸਮੁੰਦਰ ਵੱਸਦੇ ਹਨ ਜਿੱਥੇ ਦੁੱਖ ਵੀ ਡੁੱਬ ਕੇ ਸੁਕੂਨ ਬਣ ਜਾਂਦੇ ਹਨ।
ਮਾਂ ਉਹ ਸੁੱਚੀ ਵੇਣੀ,ਬਹੁਤ ਸੁੰਦਰਤਾ, ਨਰਮੀ ਵਾਲੀ ਬਰਖਾ ਹੁੰਦੀ ਹੈ
ਜੋ ਮਨੁੱਖ ਦੇ ਅੰਦਰ ਸੁੱਕ ਰਹੇ ਇਨਸਾਨ ਨੂੰ ਮੁੜ ਹਰਿਆ ਕਰ ਦਿੰਦੀ ਹੈ।
ਉਹ ਪਿਪਲ ਦੀ ਛਾਂ ਵਰਗੀ ਠੰਢੀ,
ਸਵੇਰ ਦੀ ਪਹਿਲੀ ਅਰਦਾਸ ਵਰਗੀ ਪਵਿੱਤਰ,
ਅਤੇ ਮੰਦਰ ਦੀ ਘੰਟੀ ਵਿੱਚ ਲੁਕਿਆ ਉਹ ਕੰਬਦਾ ਹੋਇਆ ਨਾਦ ਹੈ ਜੋ ਰੂਹ ਨੂੰ ਜਗਾ ਦਿੰਦਾ ਹੈ।
ਇਸ ਸੰਸਾਰ ਦੀ ਹਰ ਮਹਾਨਤਾ ਦੇ ਪਿੱਛੇ ਮਾਂ ਦੇ ਤਿਆਗ ਦੀ ਕੋਈ ਅਣਲਿਖੀ ਇਬਾਰਤ ਹੁੰਦੀ ਹੈ।
ਕੋਈ ਵੀ ਪੁੱਤਰ ਜੇ ਆਸਮਾਨ ਨੂੰ ਛੂਹ ਲੈਂਦਾ ਹੈ ਤਾਂ ਉਸਦੇ ਪੈਰਾਂ ਹੇਠ ਮਾਂ ਦੀਆਂ ਅਣਗਿਣਤ ਜਾਗੀਆਂ ਰਾਤਾਂ ਦੀਆਂ ਪੌੜੀਆਂ ਹੁੰਦੀਆਂ ਹਨ।
ਮਾਂ ਆਪਣੀ ਨੀਂਦ ਵੇਚ ਕੇ ਬੱਚਿਆਂ ਲਈ ਸੁਪਨੇ ਖਰੀਦਦੀ ਹੈ।
ਉਹ ਆਪਣੀ ਉਮਰ ਦੀ ਰੌਸ਼ਨੀ ਗਲਾ ਕੇ ਬੱਚਿਆਂ ਦੇ ਰਾਹਾਂ ਵਿੱਚ ਚਾਨਣ ਬੀਜਦੀ ਹੈ।
ਕਈ ਵਾਰੀ ਲੱਗਦਾ ਹੈ ਕਿ ਮਾਂ ਧਰਤੀ ਉੱਤੇ ਰੱਬ ਦਾ ਉਹ ਰੂਪ ਹੈ
ਜਿਸਨੂੰ ਮਨੁੱਖ ਛੂਹ ਸਕਦਾ ਹੈ, ਗਲੇ ਲਾ ਸਕਦਾ ਹੈ, ਰੋ ਕੇ ਆਪਣਾ ਦਰਦ ਸੁਣਾ ਸਕਦਾ ਹੈ।
ਰੱਬ ਸ਼ਾਇਦ ਹਰ ਥਾਂ ਨਾ ਪਹੁੰਚ ਸਕਿਆ ਹੋਵੇ,
ਇਸ ਲਈ ਉਸਨੇ ਮਾਂ ਬਣਾਈ ਹੋਵੇਗੀ।
ਮਾਂ ਦੀਆਂ ਦੁਆਵਾਂ ਉਹ ਅਦ੍ਰਿਸ਼ਟ ਪਰਿੰਦੇ ਹਨ ਜੋ ਬੱਚਿਆਂ ਦੇ ਸਿਰ ਉੱਤੇ ਉੱਡਦੇ ਰਹਿੰਦੇ ਹਨ।
ਜਦੋਂ ਜ਼ਿੰਦਗੀ ਦੀਆਂ ਹਨੇਰੀਆਂ ਆਂਧੀਆਂ ਸਭ ਕੁਝ ਉਜਾੜਣ ਲੱਗਦੀਆਂ ਹਨ,
ਉਹੀ ਦੁਆਵਾਂ ਚੁੱਪਚਾਪ ਇਕ ਅਦਿੱਖ ਕੰਧ ਬਣ ਕੇ ਮਨੁੱਖ ਨੂੰ ਟੁੱਟਣ ਤੋਂ ਬਚਾ ਲੈਂਦੀਆਂ ਹਨ।
ਮਦਰ ਡੇ ਸਿਰਫ਼ ਇੱਕ ਦਿਨ ਨਹੀਂ,
ਇਹ ਤਾਂ ਉਸ ਅਨੰਤ ਮਮਤਾ ਅੱਗੇ ਨਿਵਣ ਦਾ ਦਿਨ ਹੈ ਜਿਸਨੇ ਸਾਨੂੰ ਤੁਰਨਾ ਸਿਖਾਇਆ, ਬੋਲਣਾ ਸਿਖਾਇਆ, ਇਨਸਾਨ ਬਣਨਾ ਸਿਖਾਇਆ।
ਮਾਂ ਦੇ ਪੈਰਾਂ ਦੀ ਧੂੜ ਵਿੱਚ ਜੰਨਤ ਦੀ ਮਹਿਕ ਹੁੰਦੀ ਹੈ।
ਉਸਦੀ ਝੋਲੀ ਉਹ ਕਾਇਨਾਤ ਹੈ ਜਿੱਥੇ ਹਰ ਥੱਕੀ ਰੂਹ ਨੂੰ ਆਖ਼ਿਰਕਾਰ ਸੁਕੂਨ ਮਿਲ ਜਾਂਦਾ ਹੈ।
ਅੱਜ ਦੇ ਇਸ ਮਦਰ ਡੇ ਉੱਤੇ
ਆਓ ਮਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਲੁਕੇ ਤਿਆਗ ਨੂੰ ਪੜ੍ਹੀਏ,
ਉਸ ਦੀਆਂ ਝੁਰੜੀਆਂ ਵਿੱਚ ਸੁੱਤੇ ਸੰਘਰਸ਼ਾਂ ਨੂੰ ਸਮਝੀਏ,
ਅਤੇ ਉਸਦੇ ਚਿਹਰੇ ਉੱਤੇ ਖਿੜਦੀ ਮੁਸਕਰਾਹਟ ਨੂੰ ਸਿਰਫ਼ ਆਦਤ ਨਹੀਂ, ਇਕ ਮਹਾਨ ਕੁਰਬਾਨੀ ਦਾ ਚਾਨਣ ਮੰਨੀਏ।
ਕਿਉਂਕਿ —
ਮਾਂ ਉਹ ਕਵਿਤਾ ਹੈ ਜੋ ਕਦੇ ਪੂਰੀ ਨਹੀਂ ਲਿਖੀ ਜਾ ਸਕਦੀ।
ਉਹ ਉਹ ਦਰਿਆ ਹੈ ਜੋ ਕਦੇ ਸੁੱਕਦਾ ਨਹੀਂ।
ਉਹ ਉਹ ਰੱਬੀ ਸੁਰ ਹੈ ਜੋ ਮਨੁੱਖ ਦੇ ਅੰਦਰ ਹਮੇਸ਼ਾਂ ਵੱਜਦਾ ਰਹਿੰਦਾ ਹੈ।
ਅਤੇ ਸੱਚ ਤਾਂ ਇਹ ਹੈ —
ਜਿਸ ਘਰ ਵਿੱਚ ਮਾਂ ਹੱਸਦੀ ਹੋਵੇ,
ਉਥੇ ਰੱਬ ਖੁਦ ਦੀਵੇ ਜਗਾਉਂਦਾ ਹੈ।
ਮਾਂ ਸੁੱਕੇ ਮਨਾਂ ਉੱਤੇ ਵਰ੍ਹਦੀ ਪਿਆਰ ਦੀ ਬਰਖਾ, ਜ਼ਿੰਦਗੀ ਦੇ ਹਨ੍ਹੇਰਿਆਂ ਵਿੱਚ ਜਗਦਾ ਚਿਰਾਗ਼, ਮੌਨ ਵਿੱਚ ਵੱਜਦੀ ਰੱਬੀ ਬਾਂਸਰੀ, ਝੁਰੜੀਆਂ ਵਿੱਚ ਲੁਕੀਆਂ ਕੁਰਬਾਨੀਆਂ ਦੀ ਮਹਾਂਕਾਵਿ, ਪੈਰਾਂ ਹੇਠਾਂ ਵਸਦੀ ਜੰਨਤ ਦਾ ਨੂਰ, ਉਹ ਛਾਂ ਜੋ ਧੁੱਪਾਂ ਤੋਂ ਪਹਿਲਾਂ ਆ ਖੜ੍ਹਦੀ ਹੈ।
ਮਾਂ : ਇਸ਼ਕ, ਇਬਾਦਤ ਤੇ ਇਨਸਾਨੀਅਤ ਦਾ ਮਿਲਾਪ,ਧੜਕਣਾਂ ਵਿੱਚ ਵੱਜਦੀ ਮਮਤਾ ਦੀ ਰਾਗਨੀ, ਅਣਕਹੇ ਦਰਦਾਂ ਦੀ ਮੁਸਕਰਾਉਂਦੀ ਤਸਵੀਰ, ਘਰ ਦੇ ਆਂਗਣ ਵਿੱਚ ਖਿੜਿਆ ਰੱਬੀ ਚੰਨ, ਸਮੇਂ ਦੇ ਮੱਥੇ ਉੱਤੇ ਲਿਖਿਆ ਪਿਆਰ ਦਾ ਸ਼ਲੋਕ ਜਾਂ
ਉਹ ਅਮਰ ਰੌਸ਼ਨੀ ਜੋ ਕਦੇ ਨਹੀਂ ਬੁੱਝਦੀ।
ਫੋਟੋ: ਸਾਡੇ ਬੀਜੀ, ਜੋ ਕਈ ਸਾਲ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਤੇ ਕੁਝ ਚੀਜ਼ਾਂ ਜਿਨ੍ਹਾਂ ਉਤੇ ਉਹਨਾਂ ਦੇ ਹੱਥਾਂ ਦੀ ਦੀਆਂ ਸਦੀਵੀ ਛੋਹਾਂ ਯਾਦਾਂ ਬਣ ਕੇ ਉਕਰੀਆਂ ਪਈਆਂ ਹਨ
ਸੰਪਰਕ+61 412913021
ਅੰਤਰਰਾਸ਼ਟਰੀ ਪ੍ਰਸਿੱਧ ਕੀਟ ਵਿਗਿਆਨੀ ਦੇ ਖੇਤੀ ਮਾਹਰ
ਡਾਇਰੈਕਟਰ
ਵਿਸ਼ਵ ਪੰਜਾਬੀ ਸਾਹਿਤ ਪੀਠ
ਪ੍ਰਧਾਨ
ਪੰਜਾਬੀ ਸਾਹਿਤ ਅਕੈਡਮੀ ਸਿਡਨੀ ਆਸਟਰੇਲੀਆ
ਜਨਰਲ ਸਕੱਤਰ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ

-
ਡਾ. ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.