Babushahi Special ਛਤਰਪਤੀ ਕਤਲਕਾਂਡ: ਰਾਮ ਰਹੀਮ ਦੀ ਅਪੀਲ ’ਤੇ ਸੁਣਵਾਈ ਮੌਕੇ ਡੱਬਾ ਬੰਦ ਗੋਲੀ ’ਤੇ ਉੱਠੇ ਸਵਾਲ
ਅਸ਼ੋਕ ਵਰਮਾ
ਬਠਿੰਡਾ , 18 ਫਰਵਰੀ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ’ਚ ਸੀਲਬੰਦ ਡੱਬੇ ’ਚ ਰੱਖੀ ਗੋਲੀ ’ਤੇ ਦਸਤਖਤਾਂ ਨੂੰ ਲੈਕੇ ਮੁੜ ਤੋਂ ਸਵਾਲ ਉੱਠੇ ਹਨ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਗਈ ਸਜ਼ਾ ਖਿਲਾਫ ਦਾਇਰ ਅਪੀਲ ਲੂ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਮੰਗਲਵਾਰ ਨੂੰ ਮਾਮਲੇ ਨਾਲ ਸਬੰਧਤ ਗੋਲੀਆਂ ਦੀ ਅਦਾਲਤ ਦੇਅੰਦਰ ਭੌਤਿਕ ਰੂਪ ਵਿੱਚ ਜਾਂਚ ਕੀਤੀ ਅਤੇ ਕਿਹਾ ਕਿ ਗੋਲੀਆਂ ’ਤੇ ਕੁੱਝ ਵੀ ਸਪਸ਼ਟ ਨਜ਼ਰ ਨਹੀਂ ਆ ਰਿਹਾ ਹੈ। ਤਕਰੀਬਨ 7 ਸਾਲ ਪਹਿਲਾਂ ਇਸ ਕਤਲ ਮਾਮਲੇ ’ਚ ਡੇਰਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕ੍ਰਮ ਅਗਰਵਾਲ ਦੇ ਬੈਂਚ ਨੇ ਸੁਣਵਾਈ ਦੀ ਸ਼ੁਰੂਆਤ ’ਚ ‘ਕੇਸ ਪ੍ਰਾਪਰਟੀ’ ਦੇ ਰੂਪ ’ਚ ਪੇਸ਼ ਕੀਤੀਆਂ ਗੋਲੀਆਂ ਦਾ ਨਿਰੀਖਣ ਕੀਤਾ ।
ਮੰਨਿਆ ਜਾ ਰਿਹਾ ਹੈ ਕਿ ਅਦਾਲਤ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਫੌਰੈਂਸਿਕ ਮਾਹਿਰ ਦੇ ਕਥਿਤ ਦਸਤਖਤ ਜਾਂ ਕੋਈ ਨਿਸ਼ਾਨ ਉਸ ਗੋਲੀ ’ਤੇ ਹੋ ਸਕਦੇ ਹਨ ਜਾਂ ਨਹੀਂ ਜਦੋਂਕਿ ਪਲਾਸਟਿਕ ਦੇ ਜਿਸ ਡੱਬੇ ’ਚ ਗੋਲੀ ਰੱਖੀ ਗਈ ਸੀ ਉਸ ’ਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ਼ ) ਦੀ ਸੀਲ ਸੁਰੱਖਿਅਤ ਅਤੇ ਬਰਕਰਾਰ ਦੱਸੀ ਜਾ ਰਹੀ ਹੈ। ਬਚਾਅ ਪੱਖ ਦੀ ਮੁੱਖ ਦਲੀਲ ਇਹੋ ਰਹੀ ਕਿ ਪੋਸਟਮਾਰਟਮ ਦੌਰਾਨ ਮ੍ਰਿਤਕ ਦੇ ਸਰੀਰ ਚੋਂ ਕੱਢੀ ਗਈ ਗੋਲੀ ਨੂੰ ਬਰਾਮਦਗੀ ਵੇਲੇ ਤੋਂ ਲੈਕੇ ਟਰਾਇਲ ਕੋਰਟ ’ਚ ਖੋਹਲੇ ਜਾਣ ਤੱਕ ਸੀਲਬੰਦ ਰੱਖਿਆ ਗਿਆ ਸੀ। ਜੇਕਰ ਦੋਵੇਂ ਸੀਲਾਂ ਸਹੀ ਸਲਾਮਤ ਸਨ ਤਾਂ ਫੌਰੈਂਸਿਕ ਮਾਹਿਰ ਵੱਲੋਂ ਗੋਲੀ ਦੀ ਜਾਂਚ ਅਤੇ ਉਸ ਤੇ ਦਸਤਖਤ ਦਾ ਦਾਅਵਾ ਕਿਸ ਤਰਾਂ ਸੰਭਵ ਹੋ ਸਕਦਾ ਹੈ। ਬਚਾਅ ਪੱਖ ਨੇ ਰਿਕਾਰਡ ਦੇ ਹਵਾਲੇ ਨਾਲ ਕਿਹਾ ਕਿ ਡੱਬੇ ਤੇ ਏਮਜ਼ ਦੀਆਂ ਦੋਵੇਂ ਸੀਲਾਂ ਸਹੀ ਹਾਲਤ ’ਚ ਸਨ।
ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਜਿਹੀ ਹਾਲਤ ’ਚ ਡੱਬਾ ਖੋਹਲੇ ਤੋਂ ਬਗੈਰ ਅੰਦਰ ਰੱਖੀ ਵਸਤੂ ਤੱਕ ਕਿਸੇ ਦੀ ਪਹੁੰਚ ਸੰਭਵ ਹੀ ਨਹੀਂ ਹੈ। ਦੂਸਰੀ ਤਰਫ ਮੁਦਈ ਧਿਰ ਦੇ ਵਕੀਲ ਨੇ ਕਿਹਾ ਕਿ ਫੌਰੈਂਸਿਕ ਮਾਹਿਰ ਦੀ ਟ੍ਰਾਇਲ ਕੋਰਟ ’ਚ ਗਵਾਹੀ ਪੂਰੀ ਤਰਾਂ ਸਪਸ਼ਟ ਹੈ ਅਤੇ ਮਾਹਿਰ ਨੇ ਖੁਦ ਡੱਬੀ ਖੋਹਲਕੇ ਜਾਂਚ ਕਰਨ ਅਤੇ ਲੁੜੀਂਦੇ ਦਸਤਖਤ ਹੋਣ ਦੀ ਗੱਲ ਕਹੀ ਸੀ। ਮੁਦਈ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਟ੍ਰਾਇਲ ਦੌਰਾਨ ਡੱਬੇ ਤੱਕ ਕਥਿਤ ਪੁਹੰਚ ਜਾਂ ਪਹਿਲਾਂ ਹੋਈ ਜਾਂਚ ਨੂੰ ਲੈਕੇ ਕੋਈ ਇਤਰਾਜ ਦਰਜ ਨਹੀਂ ਕਰਵਾਇਆ ਗਿਆ ਹੈ। ਇਸ ਮੌਕੇ ਇੱਕ ਵਕੀਲ ਨੇ ਦੱਸਿਆ ਕਿ ਗੋਲੀ ਇੱਕ ਅਜਿਹੀ ਅਯਾਤਿਤ ਨਰਮ ਧਾਤ ਦੀ ਬਣੀ ਹੁੰਦੀ ਹੈ ਜਿਸ ’ਤੇ ਵਕਤ ਨਾਲ ਸਪਸ਼ਟ ਨਿਸ਼ਾਨ ਬਣਿਆ ਰਹਿਣਾ ਸੰਭਵ ਨਹੀਂ ਹੁੰਦਾ ਹੈ। ਇਸ ’ਤੇ ਡਵੀਜ਼ਨ ਬੈਂਚ ਨੇ ਪਾਇਆ ਕਿ ਪੇਸ਼ ਕੀਤੀਆਂ ਗੋਲੀਆਂ ’ਤੇ ਕੋਈ ਸਪਸ਼ਟ ਨਿਸ਼ਾਨ ਦਿਖਾਈ ਨਹੀਂ ਦੇ ਰਹੇ ਹਨ।
ਡਵੀਜਨ ਬੈਂਚ ਨੇ ਇਹ ਸਪਸ਼ਟ ਕਰਨ ਲਈ ਕਿਹਾ ਕਿ ਦਸਤਖਤ ਗੋਲੀ ’ਤੇ ਹਨ ਜਾਂ ਫਿਰ ਡੱਬੇ ’ਤੇ। ਅਦਾਲਤ ਨੂੰ ਦੱਸਿਆ ਗਿਆ ਕਿ ਡੱਬੇ ’ਤੇ ਦਸਤਖਤ ਮੌਜੂਦ ਹਨ ਜਦੋਂਕਿ ਗੋਲੀ ’ਤੇ ਦਸਤਖਤਾਂ ਦੀ ਸਥਿਤੀ ਸਬੰਧੀ ਤਾਂ ਨਿਸਚਤ ਤੌਰ ’ਤੇ ਫੌਰੈਂਸਿਕ ਮਾਹਿਰ ਹੀ ਦੱਸ ਸਕਦੇ ਹਨ। ਸਾਰੇ ਪੱਖ ਸੁਣਨ ਤੋਂ ਬਾਅਦ ਹਾਈਕੋਰਟ ਨੇ ਬਹਿਸ ਲਈ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸੀਬੀਆਈ ਨੇ ਦਾਅਵਾ ਕੀਤਾ ਕਿ ਇਨ੍ਹਾਂ ਗੋਲੀਆਂ ’ਤੇ ਦਸਤਖ਼ਤ ਮੌਜੂਦ ਸਨ । ਓਧਰ ਬਚਾਅ ਪੱਖ ਦੀਆਂ ਦਲੀਲਾਂ ਸਨ ਕਿ ਛਤਰਪਤੀ ਦੇ ਸਰੀਰ ਵਿੱਚੋਂ ਮਿਲੀ ਗੋਲੀ ਬਰਾਮਦ ਕੀਤੇ ਗਏ ਹਥਿਆਰ ਨਾਲ ਮੇਲ ਨਹੀਂ ਖਾਂਦੀ ਹੈ ਜੋ ਸ਼ੱਕ ਪੈਦਾ ਕਰਦਾ ਹੈ। ਜੇਕਰ ਗੋਲੀ ਸੀਲਬੰਦ ਰਹੀ ਤਾਂ ਫੌਰੈਂਸਿਕ ਜਾਂਚ ਕਿਸ ਵਕਤ ਕੀਤੀ ਗਈ ਹੈ। ਬਚਾਅ ਪੱਖ ਨੇ ਕਿਹਾ ਕਿ ਹਥਿਆਰ ਦੇ ਬੈਰਲ ’ਤੇ ਨਿਸ਼ਾਨ ਸੰਭਵ ਹੋ ਸਕਦੇ ਹਨ ਪਰ ਸਰੀਰ ਚੋਂ ਨਿਕਲੀ ਗੋਲੀ ਤੇ ਨਹੀਂ।
ਦੱਸ ਦੇਈਏ ਕਿ 24 ਅਕਤੂਬਰ 2002 ਨੂੰ ਹਰਿਆਣਾ ਦੇ ਸਿਰਸਾ ਵਿਖੇ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ ਘਰੋਂ ਬਾਹਰ ਸੱਦਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਜਖਮੀ ਛਤਰਪਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ 21 ਨਵੰਬਰ 2002 ਨੂੰ ਮੌਤ ਹੋ ਗਈ ਸੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕਤਲ ਮਾਮਲੇ ’ਚ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੰਦਿਆਂ 17 ਜਨਵਰੀ 2019 ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਡੇਰਾ ਮੁਖੀ ਦਾ ਦਾਅਵਾ ਸੀ ਕਿ ਸੀਬੀਆਈ ਨੇ ਉਨ੍ਹਾਂ ਨੂੰ ਝੂਠਾ ਫਸਾਇਆ ਹੈ। ਇਸ ਕਤਲ ਸਬੰਧੀ ਤਿੰਨ ਹੋਰ ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇੰਨ੍ਹਾਂ ਵਿੱਚੋਂ ਕਿਸੇ ਨੇ ਵੀ ਡੇਰਾ ਮੁਖੀ ’ਤੇ ਕਤਲ ਦੀ ਸਜਿਸ਼ ਦਾ ਦੋਸ਼ ਨਹੀਂ ਲਾਇਆ ਸੀ। ਡੇਰਾ ਮੁਖੀ ਇਸ ਵਕਤ ਹਰਿਆਣੇ ਦੇ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ’ਚ ਬੰਦ ਹਨ।
ਰੌਚਕ ਬਣਿਆ ਕਤਲ ਮਾਮਲਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਛਤਰਪਤੀ ਮਾਮਲੇ ਦੀ ਦੁਬਾਰਾ ਸੁਣਵਾਈ ਸ਼ੁਰੂ ਹੋਈ ਹੈ। ਇਸ ਸਬੰਧੀ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕ੍ਰਮ ਅਗਰਵਾਲ ਨੇ 30 ਜਨਵਰੀ 2025 ਨੂੰ ਆਦੇਸ਼ ਦਿੱਤੇ ਸਨ ਅਤੇ ਅੰਤਿਮ ਸੁਣਵਾਈ 25 ਸਤੰਬਰ 2025 ਨੂੰ ਹੋਈ ਸੀ। ਕਰੀਬ 4 ਮਹੀਨੇ ਫੈਸਲਾ ਸੁਰੱਖਿਅਤ ਰੱਖਣ ਮਗਰੋਂ ਅਦਾਲਤ ਨੇ ਕਿਹਾ ਸੀ ਕਿ ਕੁੱਝ ਨਵੇਂ ਤੱਥ ਸਾਹਮਣੇ ਆਏ ਸਨ ਜਿੰਨ੍ਹਾਂ ਦਾ ਸਪਸ਼ਟੀਕਰਨ ਲਾਜਮੀ ਹੈ।