ਸਿਟੀ ਯੂਨੀਵਰਸਿਟੀ 'ਚ ਦਰਦਨਾਕ ਭਾਣਾ, ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ BBA ਵਿਦਿਆਰਥਣ ਦੀ ਮੌਤ
ਜਗਰਾਉਂ, 18 ਫਰਵਰੀ (ਦੀਪਕ ਜੈਨ) — ਸਥਾਨਕ ਰਾਏਕੋਟ ਰੋਡ 'ਤੇ ਪਿੰਡ ਚੌਂਕੀਮਾਨ ਨੇੜੇ ਸਥਿਤ 'ਸਿਟੀ ਯੂਨੀਵਰਸਿਟੀ' (City University) ਵਿਖੇ ਅੱਜ ਇੱਕ ਬੇਹੱਦ ਅਫਸੋਸਨਾਕ ਘਟਨਾ ਵਾਪਰੀ, ਜਿੱਥੇ ਇੱਕ ਵਿਦਿਆਰਥਣ ਦੀ ਉਚਾਈ ਤੋਂ ਡਿੱਗਣ ਕਾਰਨ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਸ਼ਬਨੂਰ (ਪੁੱਤਰੀ ਮੁਹੰਮਦ ਅਜਮਲ) ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਯੂਨੀਵਰਸਿਟੀ ਵਿੱਚ ਬੀ.ਬੀ.ਏ. (ਦੂਜਾ ਸਮੈਸਟਰ) ਦੀ ਪੜ੍ਹਾਈ ਕਰ ਰਹੀ ਸੀ।
ਜਾਣਕਾਰੀ ਮੁਤਾਬਕ ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ। ਸ਼ਬਨੂਰ ਆਪਣੀ ਇੱਕ ਜਮਾਤਣ ਨਾਲ ਦੂਜੀ ਮੰਜ਼ਿਲ 'ਤੇ ਲਿਫਟ ਦੀ ਉਡੀਕ ਕਰ ਰਹੀ ਸੀ। ਚਸ਼ਮਦੀਦਾਂ ਅਨੁਸਾਰ, ਇਸ ਦੌਰਾਨ ਜਦੋਂ ਉਹ ਉੱਥੇ ਲੱਗੀ ਰੈਲਿੰਗ 'ਤੇ ਬੈਠਣ ਲੱਗੀ ਤਾਂ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ। ਸੰਤੁਲਨ ਖੋਣ ਕਾਰਨ ਉਹ ਸਿੱਧਾ ਹੇਠਾਂ ਫਰਸ਼ 'ਤੇ ਆ ਡਿੱਗੀ।
ਘਟਨਾ ਉਪਰੰਤ ਯੂਨੀਵਰਸਿਟੀ ਵਿੱਚ ਹਫੜਾ-ਦਫੜੀ ਮਚ ਗਈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਵਿਦਿਆਰਥਣ ਨੂੰ ਤੁਰੰਤ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮੌਕੇ ਦੀ ਘਟਨਾ ਸੀਸੀਟੀਵੀ ਕੈਮਰਿਆਂ ਹੋਈ ਕੈਦ
ਮਾਮਲੇ ਦੀ ਤਫਤੀਸ਼ ਕਰ ਰਹੇ ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ 'ਚ ਇਹ ਮਾਮਲਾ ਇੱਕ ਹਾਦਸਾ ਜਾਪਦਾ ਹੈ, ਉਹਨਾਂ ਦੱਸਿਆ ਕਿ ਮੌਕੇ ਦੀ ਸੀਸੀਟੀਵੀ ਫੁਟੇਜ ਦੇਖਣ ਤੇ ਸਾਫ ਪਤਾ ਲੱਗਦਾ ਹੈ ਕਿ ਲੜਕੀ ਆਪਣੀ ਸਹੇਲੀ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਹੈ ਅਤੇ ਜਿਵੇਂ ਹੀ ਉਹ ਦੂਜੇ ਫਲੋਰ ਤੇ ਲੱਗੀ ਰਲਿੰਗ ਤੇ ਬੈਠਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦੀ ਹੈ। ਉਸ ਨਾਲ ਮੌਜੂਦ ਉਸਦੀ ਸਹੇਲੀ ਨੇ ਵੀ ਪੁਲਿਸ ਨਾਲ ਇਹੀ ਜਾਣਕਾਰੀ ਸਾਂਝਾ ਕੀਤੀ ਹੈ ਕਿ ਉਹ ਦੋਵੇਂ ਆਪਸ ਵਿੱਚ ਖਾਸ ਖੇਡ ਕੇ ਗੱਲਾਂ ਬਾਤਾਂ ਕਰ ਰਹੀਆਂ ਸਨ ਅਤੇ ਅਚਾਨਕ ਹੀ ਇਹ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਫਿਰ ਵੀ ਪੁਲਿਸ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਯੂਨੀਵਰਸਿਟੀ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕਰਕੇ ਬੱਚੀ ਨੂੰ ਹਸਪਤਾਲ ਭੇਜਿਆ ਗਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਰੰਤ ਸੂਚਿਤ ਕਰ ਦਿੱਤਾ ਗਿਆ ਸੀ।
ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।