ਸੰਗਰੂਰ, 21 ਅਕਤੂਬਰ, 2019 : ਤਿਓਹਾਰਾਂ ਦੇ ਇਸ ਸੀਜ਼ਨ ਦੌਰਾਨ ਸੰਗਰੂਰ ਪੁਲਿਸ ਨੇ ਨਕਲੀ ਦੁੱਧ ਤੇ ਪਨੀਰ ਸਮੇਤ ਹੋਰ ਵਸਤਾਂ ਤਿਆਰ ਕਰ ਕੇ ਵੇਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਭਾਰੀ ਮਾਤਰਾ ਵਿਚ ਨਕਲੀ ਦੁੱਧ ਤੋਂ ਬਣੇ ਪਦਾਰਥ ਬਰਾਮਦ ਕੀਤੇ ਹਨ।
ਐਸ ਐਸ ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਹਰਿੰਦਰ ਸਿੰਘ ਐਸ ਪੀ ਡੀ ਅਤੇ ਮੋਹਿੰਦ ਅਗਰਵਾਲ ਡੀ ਐਸ ਪੀ ਡੀ ਦੀ ਨਿਗਰਾਨੀ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ ਆਈ ਏ ਬ. ਸ. ਵਾਲਾ ਵੱਲੋਂ ਚਲਾਈ ਮੁਹਿੰਮ ਦੌਰਾਨ ਸੀ ਆਈ ਏ ਸਟਾਫ ਦੀ ਪੁਲਿਸ ਪਾਰਟੀ ਨੇ ਐਸ ਆਈ ਜਸਵੀਰ ਸਿੰਘ ਦੀ ਮੁਖਬਰੀ 'ਤੇ ਕਮਲਦੀਪ ਸਿੰਗਲਾ ਪੁੱਤਰ ਜੀਵਨ ਕੁਮਾਰ ਵਾਸੀ ਨੇੜੇ ਰੇਲਵੇ ਸਟੇਸ਼ਨ ਲਹਿਰਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਭਾਰੀ ਮਾਤਰਾ ਵਿਚ ਨਕਲੀ ਦੁੱਧ ਤੋਂ ਬਣੇ ਪਦਾਰਥ ਕਾਬੂ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਹ ਵਿਅਕਤੀ ਆਪਣੇ ਗੋਦਾਮ ਵਿਚ ਜਾਅਲੀ ਦੁੱਧ ਤਿਆਰ ਕਰ ਕੇ ਮੋਟਾ ਮੁਨਾਫਾ ਕਮਾਉਣ ਦੇ ਲਾਲਚ ਵਿਚ ਆ ਕੇ ਆਮ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਅਤੇ ਉਹਨਾਂ ਦੀ ਜਾਨ ਨੂੰ ਖਤਰੇ ਵਿਚ ਪਾ ਕੇ ਅੱਗੇ ਵੇਚਦਾ ਸੀ। ਇਸ ਕੋਲੋ 120 ਲੀਟਰ ਮਿਲਾਵਟੀ ਦੁੱਧ, 3 ਕਿਲੋ ਮਿਲਾਵਟੀ ਪਨੀਰ, 70 ਲੀਟਰ ਮਿਲਾਵਟੀ ਦੇਸੀ ਘਿਓ, 300 ਲੀਟਰ ਤਰਲ ਕੈਮੀਕਲ ਪਦਾਰਥ, 63 ਕਿਲੋ ਮਿਲਾਵਟੀ ਦਹੀਂ ਸਮੇਤ ਭਾਰੀ ਮਾਤਰਾ ਵਿਚ ਨਕਲੀ ਦੁੱਧ ਤੋਂ ਬਣੇ ਪਦਾਰਥ ਕਾਬੂ ਕੀਤੇ ਗਏ ਹਨ। ਦੋਸ਼ੀ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।