ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਰਜਿਸਟਰੀਆਂ ਵਾਸਤੇ ਐਨ ਓ ਸੀ ਖ਼ਤਮ ਕਰੇਗੀ ਤੇ ਮੌਸਮੀ ਉਦਯੋਗ ਵਾਸਤੇ ਫਿਕਸ ਬਿਜਲੀ ਦਰਾਂ ਖ਼ਤਮ ਕਰੇਗੀ: ਸੁਖਬੀਰ ਸਿੰਘ ਬਾਦਲ
ਐਲਾਨ ਕੀਤਾ ਕਿ ਸਤਲੁਜ ਦਰਿਆ ’ਤੇ ਬੰਨ ਮਾਰ ਕੇ ਵਾਟਰ ਫਰੰਟ ਸਿਟੀ ਬਣਾਈ ਜਾਵੇਗੀ
ਗਿੱਲ, ਲੁਧਿਆਣਾ ਪੂਰਬੀ ਤੇ ਲੁਧਿਆਣਾ ਦੱਖਣੀ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਕੀਤੀ ਸਫਲ ਗੱਲਬਾਤ
ਲੁਧਿਆਣਾ, 29 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਰਜਿਸਟਰੀਆਂ ਵਾਸਤੇ ਐਨ ਓ ਸੀ ਦੀ ਸ਼ਰਤ ਖ਼ਤਮ ਕਰੇਗੀ, ਮੌਸਮੀ ਉਦਯੋਗਾਂ ਵਾਸਤੇ ਫਿਕਸ ਬਿਜਲੀ ਚਾਰਜ ਖ਼ਤਮ ਕਰੇਗੀ ਅਤੇ ਸਾਰੀਆਂ ਨਜਾਇਜ਼ ਕਲੌਨੀਆਂ ਨੂੰ ਰੈਗੂਲਰ ਕਰਨ ਵਾਸਤੇ ਇਕਮੁਸ਼ਤ ਯੋਜਨਾ ਪੇਸ਼ ਕਰੇਗੀ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਸਤਲੁਜ ਦਰਿਆ ’ਤੇ ਬੰਨ ਮਾਰ ਕੇ ਲੁਧਿਆਣਾ ਵਿਚ ਵਾਟਰ ਫਰੰਟ ਸਿਟੀ ਬਣਾਵੇਗੀ ਅਤੇ ਸ਼ਹਿਰ ਵਿਚ ਇਕ ਪ੍ਰਦਰਸ਼ਨੀ ਕੇਂਦਰ ਬਣਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਬਿਆਨ ਗਿੱਲ, ਲੁਧਿਆਣਾ ਪੂਰਬੀ ਤੇ ਲੁਧਿਆਣਾ ਦੱਖਣੀ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ। ਇਹ ਮੀਟਿੰਗਾਂ ਹਰਪ੍ਰੀਤ ਸਿੰਘ ਸਿਮਕ, ਰਣਜੀਤ ਸਿੰਘ ਢਿੱਲੋਂ ਤੇ ਜਸਪਾਲ ਸਿੰਘ ਗਿਆਸਪੁਰਾ ਵੱਲੋਂ ਆਯੋਜਿਤ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਦੌਰਾਨ ਵਪਾਰੀਆਂ ਤੇ ਉਦਯੋਗਪਤੀਆਂ ਨੇ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਪੂਰਨ ਹੁੰਗਾਰਾ ਭਰਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਹੀ ਸੂਬੇ ਵਿਚ ਉਦਯੋਗਿਕ ਵਾਤਾਵਰਣ ਸਿਰਜ ਸਕਦਾ ਹੈ।
ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਗੁਰਵਿੰਦਰ ਸਿੰਘ ਲਾਂਬਾ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਐਨ ਓ ਸੀ ਭ੍ਰਿਸ਼ਟਾਚਾਰ ਦਾ ਇਕ ਕਾਰਨ ਹੈ। ਉਹਨਾਂ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਐਨ ਓ ਸੀ ਖ਼ਤਮ ਕਰਕੇ ਬਿਲਡ ਪੰਜਾਬ ਵਿਭਾਗ ਹਰ ਜ਼ਿਲ੍ਹੇ ਵਿਚ ਸਥਾਪਿਤ ਕਰੇਗੀ। ਉਹਨਾਂ ਕਿਹਾ ਕਿ ਇਸ ਵਿਭਾਗ ਵਿਚ ਹਰ ਵਿਭਾਗ ਦੇ ਅਫਸਰ ਸ਼ਾਮਲ ਹੋਣਗੇ ਅਤੇ ਉਹ ਸਾਰੀਆਂ ਪ੍ਰਵਾਨਗੀਆਂ ਇਕ ਮਹੀਨੇ ਦੇ ਅੰਦਰ-ਅੰਦਰ ਜਾਰੀ ਕਰੇਗਾ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਸਰਕਾਰ ਫੇਸਲੈਸ ਰਜਿਸਟਰੀਆਂ ਦੀ ਸ਼ੁਰੂਆਤ ਕਰੇਗੀ। ਉਹਨਾਂ ਕਿਹਾ ਕਿ ਇਸ ਨਾਲ ਭ੍ਰਿਸ਼ਟਾਚਾਰ ਖ਼ਤਮ ਹੋ ਜਾਵੇਗੀ। ਉਹਨਾਂ ਨੇ ਇਹ ਭਰੋਸਾ ਲੱਕੀ ਚੋਪੜਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦੁਆਇਆ।
ਸਰਦਾਰ ਬਾਦਲ ਨੇ ਲੁਧਿਆਣਾ ਪੂਰਬੀ ਤੋਂ ਨਿਟਵੇਅਰ ਕਲੱਬ ਪ੍ਰਧਾਨ ਦਰਸ਼ਨ ਡਾਬਰ ਦੇ ਸਵਾਲ ਦੇ ਜਵਾਬ ਵਿਚ ਭਰੋਸਾ ਦੁਆਇਆ ਕਿ ਇਹ ਪ੍ਰਦਰਸ਼ਨੀਆਂ ਬਰਾਮਦਾਂ ਦਾ ਸਬਬ ਬਣਗੀਆਂ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਮਿਲੇਗੀ ਤੇ ਨਵੇਂ ਉਦਯੋਗਾਂ ਨੂੰ ਸੂਬਾਈ ਜੀ ਐਸ ਟੀ ਦਾ 50 ਫੀਸਦੀ ਰਿਟੇਨ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਨਾਲ ਸਥਾਨਕ ਉਦਯੋਗ ਨੂੰ ਵਿਸਤਾਰ ਦਾ ਲਾਭ ਮਿਲੇਗਾ ਤੇ ਨਵਾਂ ਨਿਵੇਸ਼ ਆਕਰਸ਼ਤ ਹੋਵੇਗਾ।
ਸੈਨੀਟਰੀ ਐਸੋਸੀਏਸ਼ਨ ਦੇ ਦਿਨੇਸ਼ ਅਗਰਵਾਲ ਦੇ ਸਵਾਲ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਲਾਲ ਫੀਤਾਸ਼ਾਹੀ ਖ਼ਤਮ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਪਾਰਦਰਸ਼ੀ ਸਰਕਾਰ ਵਿਚ ਵਿਸ਼ਵਾਸ ਕਰਦਾ ਹਾਂ ਜਿਸ ’ਤੇ ਭਰੋਸਾ ਕੀਤਾ ਜਾ ਸਕੇ। ਇਸ ਵਾਸਤੇ ਤੁਹਾਨੂੰ ਸਵੈ ਘੋਸ਼ਣਾ ਪੱਤਰ ਦਾਇਰ ਕਰਨ ਦਿੱਤੇ ਜਾਣਗੇ।
ਪਲਾਸਟਿਕ ਇੰਡਸਟਰੀ ਦੇ ਸਤਵਿੰਦਰ ਸਿੰਘ ਲਾਲੀ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਪਲਾਸਟਿਕ ਦੇ ਕਚਰੇ ਦੇ ਪ੍ਰਬੰਧਨ ਵਾਸਤੇ ਪਲਾਸਟਿਸ ਉਦਯੋਗ ਲਾਉਣ ਵਾਸਤੇ ਸਬਸਿਡੀਆਂ ਜਾਂ ਮਾਣ ਭੱਤੇ ਦੇਣ ’ਤੇ ਵਿਚਾਰ ਕਰੇਗੀ। ਉਹਨਾਂ ਨੇ ਲੁਧਿਆਣਾ ਗੁਡਜ਼ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਨੂੰ ਭਰੋਸਾ ਦੁਆਇਆ ਕਿ ਕਮਰਸ਼ੀਅਲ ਵਾਹਨਾਂ ਵਾਸਤੇ ਇਕ ਸਾਲ ਪਹਿਲਾਂ ਅਗਾਊਂ ਟੈਕਸ ਜਮ੍ਹਾਂ ਕਰਵਾਉਣ ਦੀ ਨੀਤੀ ’ਤੇ ਵਿਚਾਰ ਕੀਤਾ ਜਾਵੇਗਾ ਤੇ ਤਿਮਾਹੀ ਟੈਕਸ ਭਰਨ ਦੀ ਆਗਿਆ ਦਿੱਤੀ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੂੰ ਭਰੋਸਾ ਦੁਆਇਆਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਆੜ੍ਹਤੀਆਂ ਦਾ ਕਮਿਸ਼ਨ 2.5 ਫੀਸਦੀ ਕਰੇਗੀ ਅਤੇ ਟਰਾਂਸਪੋਰਟ ਦੇ ਠੇਕੇ ਆਸਾਨ ਕਰੇਗੀ ਤੇ ਆੜ੍ਹਤੀਆਂ ਨੂੰ ਸਾਰੇ ਠੇਕੇ ਭਰਨ ਦੇ ਸਮਰਥ ਬਣਾਵੇਗੀ।
ਉਹਨਾਂ ਨੇ ਉਦਯੋਗਪਤੀ ਅਮਿਤੋਜ ਗਿੱਲ ਨੂੰ ਆਖਿਆ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਸੋਲਰ ਪਾਰਕ ਸਥਾਪਿਤ ਕਰੇਗੀ ਤੇ ਉਦਯੋਗਾਂ ਨੂੰ ਅਜਿਹੇ ਪਾਰਕਾਂ ਵਿਚ ਭਾਈਵਾਲ ਬਣਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਸਸਤੀ ਬਿਜਲੀ ਮਿਲ ਸਕੇ।
ਮੈਰਿਜ ਪੈਲੇਸ ਐਸੋਸੀਏਸ਼ਨ ਦੇ ਸੁਰਜੀਤ ਤਨੇਜਾ ਨੇ ਦੱਸਿਆਕਿ ਮੈਰਿਜ ਪੈਲੇਸਾਂ ’ਤੇ ਮੋਟੇ ਟੈਕਸ ਥੋਪੇ ਜਾ ਰਹੇ ਹਨ ਜੋ ਕਿ ਬਹੁਤ ਅਣਵਿਹਾਰਕ ਹਨ। ਸਰਦਾਰ ਬਾਦਲ ਨੇ ਭਰੋਸਾ ਦੁਆਇਆਕਿ ਸਾਰੇ ਟੈਕਸ ਤਰਕਸੰਗਤ ਬਣਾਏ ਜਾਣਗੇ।
ਸਰਦਾਰ ਬਾਦਲ ਨੇ ਵਪਾਰ ਤੇ ਉਦਯੋਗ ਜਗਤ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰਾਂ ਨਾਲ ਕਰਨ। ਉਹਨਾਂ ਕਿਹਾ ਕਿ ਸਮਾਜ ਭਲਾਈ ਸਕੀਮਾਂ ਸਮੇਤ ਪੰਜਾਬ ਦੇ ਵਿਕਾਸ ਵਾਸਤੇ ਸਾਰੇ ਕੰਮ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੇਲ ਹੋਏ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਚੁਣਨ ਜੋ ਪੰਜਾਬ ਨੂੰ ਅੱਗੇ ਲੈ ਜਾ ਸਕੇ।
ਇਸ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਭੁਪਿੰਦਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਚੰਦ ਸਿੰਘ ਡੱਲਾ ਵੀ ਹਾਜ਼ਰ ਸਨ।
- Download Babushahi App
-
-