Plitical Special-ਭਾਜਪਾ ਨੇ ਮਹਿਲਾ ਮੋਰਚੇ ਦਾ ਇੰਚਾਰਜ ਬੰਦਾ ਲਾਇਆ, ਸੋਸ਼ਲ ਮੀਡੀਆ ’ਤੇ ਟਿੱਚਰਾਂ ਦਾ ਹੜ੍ਹ ਆਇਆ
ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2026 : ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋਂ ਵੱਲੋਂ ਮਹਿਲਾ ਮੋਰਚੇ ਦਾ ਇੰਚਾਰਜ ਅਨਿਲ ਸਰੀਨ ਨੂੰ ਲਾਉਣ ਕਾਰਨ ਸੋਸ਼ਲ ਮੀਡੀਆ ’ਤੇ ਭਾਜਪਾ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਪਾਰਟੀ ਦੇ ਬੁਲਾਰੇ ਨੇ ਇਸ ਪਿੱਛੇ ਨਿਯਮਾਂ ਦਾ ਤਰਕ ਦਿੱਤਾ ਹੈ ਪਰ ਭਾਜਪਾ ਨੂੰ ਠਿੱਠ ਕਰਨ ਲਈ ਟਰੋਲ ਕਰਨ ਵਾਲਿਆਂ ਦਾ ਸੋਸ਼ਲ ਮੀਡੀਆ ’ਤੇ ਹੜ੍ਹ ਆਇਆ ਹੋਇਆ ਹੈ । ਪਾਰਟੀ ਆਗੂਆਂ ਨੂੰ ਇੰਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਸਫਾਈਆਂ ਦੇਣੀਆਂ ਪੈ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦੀ ਫੇਸਬੁੱਕ ਪੋਸਟ ਅਨੁਸਾਰ ‘ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਦੀ ਸੋਚ ਇਸ ਤੋਂ ਬੇਨਕਾਬ ਹੁੰਦੀ ਹੈ। ਸਵਾਲ ਸਿਰਫ ਇੱਕ ਨਿਯੁਕਤੀ ਦਾ ਨਹੀਂ ਸਗੋ ਉਸ ਪੁਰਸ਼ ਪ੍ਰਧਾਨ ਮਾਨਸਿਕਤਾ ਦਾ ਹੈ ਜੋ ਮਹਿਲਾਵਾਂ ਦੇ ਹੱਕਾਂ ਦੀ ਗੱਲ ਤਾਂ ਕਰਦੀ ਹੈ ਪਰ ਉਨ੍ਹਾਂ ਨੂੰ ਆਪਣੇ ਸੰਗਠਨ ਵਿੱਚ ਅਗਵਾਈ ਦੇਣ ਦਾ ਭਰੋਸਾ ਨਹੀਂ ਦਿਖਾਉਂਦੀ ਹੈ।
ਭਾਜਪਾ ਆਗੂ ਅਸ਼ੋਕ ਬਲਿਆਂਵਾਲੀ ਨੇ ਜਵਾਬ ਦਿੱਤਾ ਹੈ ‘ਇਹ ਪਾਰਟੀ ਦਾ ਜੱਥੇਬੰਦਕ ਮਾਮਲਾ ਹੈ ਸ਼ਾਇਦ ‘ਆਪ’ ਵਾਲਿਆਂ ਨੂੰ ਸਮਝ ਨਹੀਂ ਆਏਗਾ। ਐਸਕੇ ਦੇਵ ਨੇ ਕਮੈਂਟ ਕੀਤਾ ਕਿ ਭਾਜਪਾ ’ਚ ਮਹਾਂਮੰਤਰੀ (ਜਰਨਲ ਸਕੱਤਰ) ਅਹਿਮ ਹੁੰਦੇ ਹਨ ਜੋ ਪਾਰਟੀ ਨੂੰ ਗਤੀ ਦੇਣ ਲਈ ਕੰਮ ਕਰਦੇ ਹਨ, ‘ਆਪ ਦਖਲ ਨਾ ਦੇਵੇ ਤਾਂ ਹੀ ਅੱਛਾ ਹੈ। ਜਸਬੀਰ ਸਿੰਘ ਸ਼ੇਤਰਾ ਦੀ ਪੋਸਟ ਅਨੁਸਾਰ ‘ਇੱਕ ਗੱਲ ਸਮਝ ਨਹੀਂ ਆਈ ਕਿ ਇੱਕ ਪਾਸੇ ਬੀਜੇਪੀ ਪਾਰਲੀਮੈਂਟ ’ਚ ਔਰਤਾਂ ਵਾਸਤੇ 33 ਫ਼ੀਸਦੀ ਸੀਟਾਂ ਰਾਖਵੀਆਂ ਕਰਨ ਦਾ ਬਿੱਲ ਲਿਆ ਰਹੀ ਹੈ ਤੇ ਦੂਜੇ ਪਾਸੇ ਇਸ ਕੋਲ ਆਪਣੇ ਮਹਿਲਾ ਮੋਰਚਾ ਦੀ ਆਗੂ ਥਾਪਣ ਲਈ ਕੋਈ ਯੋਗ ਔਰਤ ਹੀ ਨਹੀਂ ਹੈ? ਉਂਜ ਉਨ੍ਹਾਂ ਅਨਿਲ ਸਰੀਨ ਦੀ ਸਿਆਸੀ ਸਮਰੱਥਾ ਦੀ ਸਿਫਤ ਵੀ ਕੀਤੀ ਹੈ। ਸਮਾਜਸੇਵੀ ਕਾਰਕੁੰਨ ਹਰਮਿਲਾਪ ਗਰੇਵਾਲ ਨੇ ਅਨਿਲ ਸਰੀਨ ਅਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਜੋਬਨ ਖਹਿਰਾ ਨੇ ਇਸ ਨੂੰ ਅਨਿਲ ਸਰੀਨ ਨਾਲ ਮਜਾਕ ਦੱਸਿਆ ਹੈ।
ਸਤਨਾਮ ਸਿੰਘ ਦੀ ਫੇਸਬੁੱਕ ਪੋਸਟ ਮੁਤਾਬਕ ‘ ਲੱਗਦਾ ਬੀਜੇਪੀ ਨੂੰ ਗਠਜੋੜ ਜਿਆਦਾ ਚਾਅ ਚੜ੍ਹ ਗਿਆ ਜਿਹੜਾ ਭਾਜਪਾ ਮਹਿਲਾ ਮੋਰਚੇ ਦਾ ਇੰਚਾਰਜ ਪੁਰਸ਼ ਲਾਇਆ’। ਕੁਲਦੀਪ ਸਿੰਘ ਚਾਹਲ ਦੀ ਪੋਸਟ ਅਨੁਸਾਰ ਕੀ ਇੰਨ੍ਹਾਂ ਨੂੰ 50 ਫੀਸਦੀ ਅਬਾਦੀ ਚੋਂ ਕੋਈ ਕਾਬਲ ਬੀਬੀ ਨਹੀਂ ਲੱਭੀ। ਸੁਰਿੰਦਰ ਸਿੰਗਲਾ ਨੇ ਨਿਯੁਕਤੀ ਵਾਲੀ ਪੋਸਟ ’ਤੇ ਕਮੈਂਟ ਰਾਹੀਂ ਪ੍ਰਤੀਕਿਰਿਆ ਦਿੱਤੀ ਹੈ ‘ਸੋਧ ਹੋ ਵੀ ਜਾਵੇ ਪਰ ਇਸ ਬਹਾਨੇ ਅਨਿਲ ਸਰੀਨ ਦੀ ਮਸ਼ਹੂਰੀ ਬਹੁਤ ਜਿਆਦਾ ਹੋ ਜਾਏਗੀ। ‘ਲੋਕ ਲਾਈਨ’ ਪੇਜ ਨੇ ਇਸ ਨੂੰ ਭਾਜਪਾ ਦਾ ਕਾਰਨਾਮਾ ਦੱਸਿਆ ਹੈ। ਸਤਨਾਮ ਪਾਲੀਆ ਨਾਭਾ ਨੇ ਫੇਸਬੁੱਕ ’ਤੇ ਲਿਖਿਆ ਹੈ ‘ਪਤੰਦਰਾਂ ਨੇ ਅਨਿਲ ਸਰੀਨ ਨੂੰ ਮਹਿਲਾ ਮੋਰਚਾ ਦਾ ਮੁਖੀ ਲਾ ਦਿੱਤਾ ,ਬਾਹਲੀ ਤਰੱਕੀ ਕਰਨਗੇ’। ਗੁਰਪ੍ਰੀਤ ਮਧਾਨ ਦੀ ਫੇਸਬੁੱਕ ਪੋਸਟ ਅਨੁਸਾਰ ‘ ਮਹਿਲਾ ਮੋਰਚਾ ਲਈ ਵੀ ਬੰਦਾ ਲਾ ਦਿੱਤਾ , ਕੋਈ ਮਹਿਲਾ ਨਹੀਂ ਮਿਲੀ, ਗੱਲਾਂ ਕਰਦੇ ਨੇ ਰਾਖਵਾਂਕਰਨ ਦੀਆਂ। ਇਸ ਪੋਸਟ ’ਤੇ ਕਮੈਂਟ ‘ਵੀਰ ਕੀ ਪਤਾ ਅੰਦਰੂਨੀ ਗੱਲਾਂ ਦਾ।
ਅਨਿਲ ਸਰੀਨ ਦੀ ਨਿਯੁਕਤੀ ਨੂੰ ਲੈਕੇ ਇਕੱਲੀ ਫੇਸਬੁੱਕ ’ਤੇ ਪਾਈਆਂ ਗਈਆਂ ਵੱਡੀ ਗਿਣਤੀ ਪੋਸਟਾਂ ਦੌਰਾਨ ਭਾਜਪਾ ਨੂੰ ਕਟਹਿਰੇ ’ਚ ਖੜ੍ਹਾਉਣ ਕਾਰਨ ਭਗਵਾ ਪਾਰਟੀ ਦੀ ਕਿਰਕਰੀ ਹੋ ਰਹੀ ਹੈ। ਇਨ੍ਹਾਂ ਪੋਸਟਾਂ ਨੂੰ ਫੇਸਬੁੱਕ ਤੇ ਲੋਕਾਂ ਵੱਲੋਂ ਲਗਾਤਾਰ ਦੇਖਿਆ ਜਾ ਰਿਹਾ ਹੈ ਅਤੇ ਭਾਂਤ ਭਾਂਤ ਦੇ ਕੁਮੈਂਟ ਵੀ ਕੀਤੇ ਜਾ ਰਹੇ ਹਨ ਜਿੰਨ੍ਹਾਂ ਕਾਰਨ ਭਾਰਤੀ ਜੰਤਾ ਪਾਰਟੀ ਹੁਣ ਜਿੱਚ ਜਿਹੀ ਹੋਈ ਜਾਪਦੀ ਹੈ। ਵਿਧਾਨ ਸਭਾ ਚੋਣਾਂ ਦੀ ਆਹਟ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸਿਆਸੀ ਧਿਰਾਂ ਖਿਲਾਫ ਕੀਤੇ ਜਾ ਰਹੇ ਅਜਿਹੇ ਭੰਡੀ ਪ੍ਰਚਾਰ ਨੇ ਦਰਸਾ ਦਿੱਤਾ ਹੈ ਕਿ ਅਗਲੇ ਦਿਨਾਂ ਦੌਰਾਨ ਸੋਸ਼ਲ ਸਾਈਟਾਂ ਕਿਹੋ ਜਿਹੀ ਜੰਗ ਦਾ ਅਖਾੜਾ ਬਣ ਸਕਦੀਆਂ ਹਨ। ਸੁਖਦੇਵ ਸਿੰਘ ਨਾਮੀ ਇੱਕ ਵਿਅਕਤੀ ਨੇ ਆਪਣੇ ਕਮੈਂਟ ਰਾਹੀਂ ਇਸ ਨਿਯੁਕਤੀ ਦੇ ਹਵਾਲੇ ਨਾਲ ਭਾਜਪਾ ਦੇ ‘ ਵਿਆਹ ਤੋਂ ਰਹੇ ’ ਆਗੂਆਂ ਨੂੰ ਗੁਪਤ ਟਿੱਚਰ ਕੀਤੀ ਹੈ। ਸਰਪੰਚ ਲਖਪ੍ਰੀਤ ਸਿੰਘ ਅਨੁਸਾਰ ‘ਮਾਰ ਲਿਆ ਤੇਰੀਆਂ ਕਾਹਲੀਆਂ ਨੇ ਕਾਹਲਿਆ’।
ਕਈ ਸੋਸ਼ਲ ਗਰੁੱਪਾਂ ਵਿਚ ਵੀ ਅੱਜ ਪੂਰਾ ਦਿਨ ਅਜਿਹੀਆਂ ਪੋਸਟਾਂ ’ਤੇ ਬਹਿਸ ਚੱਲਣ ਦੀ ਗੱਲ ਸਾਹਮਣੇ ਆਈ ਹੈ ਜਿੱਥੇ ਟਿੱਚਰੀ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ। ਸੋਸ਼ਲ ਮੀਡੀਆ ਦੇ ਹੋਰ ਵੀ ਕਈ ਪਲੇਟਫਾਰਮਾਂ ’ਤੇ ਇੰਨ੍ਹਾਂ ਪੋਸਟਾਂ ਨੂੰ ਲਗਾਤਾਰ ਦੇਖਿਆ ਜਾ ਰਿਹਾ ਹੈ। ਅਮ੍ਰਿਤ ਜੱਸਲ ਬਠਿੰਡਾ ਦੀ ਪੋਸਟ ’ਤੇ ਭਾਜਪਾ ਆਗੂ ਅਸ਼ੋਕ ਬਲਿਆਂਵਾਲੀ ਦੀ ਦਲੀਲ ਅਨੁਸਾਰ ਭਾਜਪਾ ’ਚ ਸੂਬਾ ਮਹਾਂਮੰਤਰੀ ਹੀ ਮੋਰਚਿਆਂ ਦੇ ਇੰਚਾਰਜ ਲਾਏ ਜਾਂਦੇ ਹਨ। ਜੇਕਰ ਮਹਿਲਾ ਮਹਾਂਮੰਤਰੀ ਨਹੀਂ ਤਾਂ ਉਸ ਦਾ ਵਿਭਾਗ ਪੁਰਸ਼ ਹੀ ਦੇਖਣਗੇ। ਜਵਾਬ ’ਚ ਅੰਮ੍ਰਿਤ ਜੱਸਲ ਮੁਤਾਬਕ ‘ਭਾਵ ਪੰਜਾਬ ਭਾਜਪਾ ਕੋਲ ਇੱਕ ਵੀ ਕਾਬਲ ਮਹਿਲਾ ਨਹੀਂ ਜਿਸ ਨੂੰ ਮਹਾਂਮੰਤਰੀ ਬਣਾਇਆ ਜਾ ਸਕਦਾ ਹੋਵੇ। ਇਸ ਦਾ ਮਤਲਬ ‘ਮਹਿਲਾਵਾਂ ਲਈ ਰਾਖਵੀਆਂ ਵਿਧਾਇਕ ਸੀਟਾਂ ਵੀ ਪੁਰਸ਼ਾਂ ਨੂੰ ਇਹ ਕਹਿਕੇ ਦਿੱਤੀਆਂ ਜਾ ਸਕਦੀਆਂ ਹਨ ਕਿ ਟਿਕਟ ਦੇ ਕਾਬਲ ਕੋਈ ਮਹਿਲਾ ਨਹੀਂ ਮਿਲੀ। ਇਹ ਕੁੱਝ ਮਿਸਾਲਾਂ ਹਨ ਸੋਸ਼ਲ ਮੀਡੀਆ ਅਜਿਹੀਆਂ ਪੋਸਟਾਂ ਨਾਲ ਭਰਿਆ ਪਿਆ ਹੈ।
ਨਿਯਮਾਂ ਮੁਤਾਬਕ ਨਿਯੁਕਤੀ: ਬਲੀਏਵਾਲ
ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਸੀ ਕਿ ਪਾਰਟੀ ਆਪਣੇ ਨਿਯਮਾਂ ਅਨੁਸਾਰ ਨਿਯੁਕਤੀਆਂ ਕਰਦੀ ਹੈ ਜਿਸ ਤਹਿਤ ਹੀ ਅਨਿਲ ਸਰੀਨ ਇੰਚਾਰਜ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦਿਆਲ Ç ਸੋਢੀ ਵੀ ਮਹਿਲਾ ਮੋਰਚਾ ਦੇ ਇੰਚਾਰਜ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨਜ਼ਦੀਕ ਹੋਣ ਕਰਕੇ ਐਨਾ ਰੌਲਾ ਪੈ ਗਿਆ ਨਹੀਂ ਤਾਂ ਅਜਿਹੀ ਨਿਯੁਕਤੀ ਬਾਰੇ ਪਤਾ ਹੀ ਨਹੀਂ ਲੱਗਦਾ ਹੈ।
- Download Babushahi App
-
-