ਸ਼ੀਸ਼ ਮਹਿਲ ਨੇ ਕੇਜਰੀਵਾਲ ਦੇ ਆਮ ਆਦਮੀ ਹੋਣ ਦੇ ਦਾਅਵਿਆਂ ਦੀ ਕੱਢੀ ਫੂਕ ---ਗੁਰਪ੍ਰੀਤ ਸਿੰਘ ਮਲੂਕਾ
ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2026 :ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਹੁੰਦਿਆਂ ਆਪਣੇ ਰਹਿਣ ਲਈ ਬਣਾਇਆ ਗਿਆ ਬਹੁ ਕਰੋੜੀ ਮਹਿਲ ਆਮ ਆਦਮੀ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਖੜਾ ਕਰ ਰਿਹਾ ਹੈ। ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਜਰੀਵਾਲ ਦੇ ਸ਼ੀਸ਼ ਮਹਿਲ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ‘ਸ਼ੀਸ਼ ਮਹਿਲ’ ਵਿਵਾਦ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਏ ਗਏ ‘ਆਮ ਆਦਮੀ’ ਦੇ ਨਕਾਬ ਨੂੰ ਪੂਰੀ ਤਰ੍ਹਾਂ ਉਤਾਰ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਚ ਪੈਰ ਧਰਦਿਆਂ ਹੀ ਪਹਿਲੀ ਚੋਣ ਸਮੇ ਕੇਜਰੀਵਾਲ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਉਹ ਕਦੇ ਵੀ ਸਰਕਾਰੀ ਬੰਗਲਾ, ਵੱਡੀ ਸਰਕਾਰੀ ਗੱਡੀ , ਸੁਰੱਖਿਆ ਅਤੇ ਹੋਰ ਵੀ.ਆਈ.ਪੀ. ਸਹੂਲਤਾ ਨਹੀਂ ਲੈਣਗੇ।
ਉਹਨਾਂ ਕਿਹਾ ਕਿ ਕੇਜਰੀਵਾਲ ਨੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਸਾਦਗੀ ਦਾ ਪਾਠ ਪੜ੍ਹਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਨ ਦਿੱਤਾ ਸੱਤਾ ਤੇ ਕਾਬਿਜ ਹੁੰਦਿਆਂ ਹੀ ਕੇਜਰੀਵਾਲ ਨੇ ਨੇਤਕਿਤਾ ਤੇ ਇਖਲਾਕ ਨੂੰ ਤਿਲਾਂਜਲੀ ਦੇ ਦਿੱਤੀ ਤੇ ਟੈਕਸਦਾਤਾਵਾਂ ਦੇ ਲਗਭਗ 59 ਕਰੋੜ ਰੁਪਏ ਆਲੀਸ਼ਾਨ ਝੂਮਰਾਂ, ਪਰਦਿਆਂ ਅਤੇ ਮਾਡਿਊਲਰ ਰਸੋਈ 'ਤੇ ਖ਼ਰਚ ਕਰ ਦਿੱਤੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪ੍ਰਮੁੱਖ ‘ਤੀਰਥ ਯਾਤਰਾ ਯੋਜਨਾ’ ਵਾਂਗ ਹੀ ‘ਸ਼ੀਸ਼ ਮਹਿਲ’ ਦੇ ਦਰਸ਼ਨਾਂ ਲਈ ਵੀ ਇੱਕ ਤੀਰਥ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ, ਕਿਉਂਕਿ 'ਆਪ' ਵਰਕਰਾਂ ਲਈ ਤਾਂ ਕੇਜਰੀਵਾਲ ਦਾ 'ਸ਼ੀਸ਼ ਮਹਿਲ' ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ।
ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਖ਼ੁਦ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਉਨ੍ਹਾਂ ਦੇ ਪੈਸੇ ਦਾ ਕਿਵੇਂ ਮਜ਼ਾਕ ਉਡਾਇਆ ਗਿਆ ਹੈ। ਦਿੱਲੀ ਦੇ ਵੋਟਰਾਂ ਨੇ ਇਸ ਪਖੰਡ ਵਿਰੁੱਧ ਆਪਣਾ ਫ਼ੈਸਲਾ ਪਹਿਲਾਂ ਹੀ ਸੁਣਾ ਦਿੱਤਾ ਹੈ। ਕੌਮੀ ਰਾਜਧਾਨੀ ਵਿੱਚੋਂ ਨਕਾਰੇ ਜਾਣ ਤੋਂ ਬਾਅਦ, 'ਆਪ' ਲੀਡਰਸ਼ਿਪ ਨੇ ਹੁਣ ਪੰਜਾਬ ਨੂੰ ਆਪਣੀ ਨਿੱਜੀ ਐਸ਼ਪ੍ਰਸਤੀ ਦੀ ਸੈਰਗਾਹ ਬਣਾ ਲਿਆ ਹੈ। ਗੁਰਪ੍ਰੀਤ ਮਲੂਕਾ ਨੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਪੰਜਾਬੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਨਿੱਜੀ ਖ਼ਜ਼ਾਨਾ ਸਮਝਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਪ’ ਸਰਕਾਰ ਨੂੰ ਸੂਬੇ ਸਿਰ ਚੜ੍ਹ ਰਹੇ ਭਾਰੀ ਕਰਜ਼ੇ ਅਤੇ ਝੂਠੇ ਇਸ਼ਤਿਹਾਰਾਂ 'ਤੇ ਉਡਾਏ ਗਏ ਕਰੋੜਾਂ ਰੁਪਇਆਂ ਦਾ ਹਿਸਾਬ ਦੇਣਾ ਪਵੇਗਾ। ਪ੍ਰੈਸ ਨਾਲ ਇਹ ਜਾਣਕਾਰੀ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ
- Download Babushahi App
-
-