ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ 1 ਦਸੰਬਰ ਨੂੰ ਬਠਿੰਡਾ ਤੋਂ ਹੋਵੇਗੀ ਰਵਾਨਾ : DC
ਅਸ਼ੋਕ ਵਰਮਾ
ਬਠਿੰਡਾ, 20 ਨਵੰਬਰ 2026:ਪੰਜਾਬ ਸਰਕਾਰ ਦੇ ਸੱਭਿਆਚਾਰ ਵਿਭਾਗ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚਾਰ ਸ਼ੋਭਾ ਯਾਤਰਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਤੀਜੀ ਯਾਤਰਾ ਜ਼ਿਲ੍ਹਾ ਬਠਿੰਡਾ ਤੋਂ 1 ਦਸੰਬਰ ਨੂੰ ਸ਼ੁਰੂ ਹੋਵੇਗੀ। ਇਹ ਯਾਤਰਾ ਬਠਿੰਡਾ ਸ਼ਹਿਰ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਬਰਨਾਲਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ ਤੋਂ ਹੁੰਦਿਆਂ ਅੱਗੇ ਰੂਪਨਗਰ, ਬਲਾਚੌਰ, ਗੜ੍ਹਸ਼ੰਕਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ 3 ਦਸੰਬਰ ਨੂੰ ਸ੍ਰੀ ਖੁਰਰਾਲਗੜ੍ਹ ਸਾਹਿਬ ਪੁੱਜੇਗੀ ਜਿੱਥੇ 4 ਤੋਂ 6 ਦਸੰਬਰ ਤੱਕ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਸਮਾਗਮ ਰੱਖੇ ਗਏ ਹਨ।
ਉਨ੍ਹਾਂ ਕਿਹਾ ਕਿ 1 ਦਸੰਬਰ ਨੂੰ ਯਾਤਰਾ ਬਠਿੰਡਾ ਸ਼ਹਿਰ ਵਿਖੇ ਅਮਰਪੁਰਾ ਬਸਤੀ ਤੋਂ ਸ਼ੁਰੂ ਹੋਵੇਗੀ। ਯਾਤਰਾ ਦਾਣਾ ਮੰਡੀ ਤੋਂ ਹੁੰਦੀ ਹੋਈ ਸਬਜ਼ੀ ਮੰਡੀ, ਭਗਵਾਨ ਵਾਲਮੀਕਿ ਚੌਂਕ, ਫੌਜੀ ਚੌਂਕ, ਬੀਬੀਵਾਲਾ ਚੌਂਕ ਵਿਖੇ ਪੁੱਜੇਗੀ । ਅੱਗੇ ਭੁੱਚੋ ਮੰਡੀ ਅਤੇ ਰਾਮਪੁਰਾ ਤੋਂ ਹੁੰਦੀ ਹੋਈ ਇਹ ਯਾਤਰਾ ਜ਼ਿਲ੍ਹਾ ਬਰਨਾਲਾ ਵਿਖੇ ਦਾਖ਼ਲ ਹੋਵੇਗੀ।ਯਾਤਰਾ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਬੈਠਕ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਪੂਨਮ ਸਿੰਘ ਨੇ ਸਬੰਧਤ ਅਧਿਕਾਰੀਆਂ ਕਿਹਾ ਕਿ ਯਾਤਰਾ ਦੌਰਾਨ ਸਾਰੇ ਰੂਟਾਂ ਦੀ ਸਫ਼ਾਈ, ਲੰਗਰ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਬਿਜਲੀ ਦੀਆਂ ਲਟਕਦੀਆਂ ਤਾਰਾਂ ਦੀ ਮੁਰੰਮਤ, ਰੂਟ ਚ ਪੈਂਦੇ ਦਰਖਤਾਂ ਦੀ ਛੰਗਾਈ ਆਦਿ ਦਾ ਕੰਮ ਸਮੇਂ-ਸਿਰ ਨੇਪਰੇ ਚਾੜ੍ਹ ਲਿਆ ਜਾਵੇ।ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀ ਅਮਨਦੀਪ ਸਿੰਘ ਮਾਵੀ, ਐੱਸ.ਪੀ. ਸ਼੍ਰੀ ਜਗਦੀਸ਼ ਬਿਸ਼ਨੋਈ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
- Download Babushahi App
-
-