ਸੀ ਪੀ ਆਈ ਐਮ ਐਲ ਵਲੋਂ ਕਾਮਰੇਡ ਸੰਘਾ ਦੀ 34ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ
- ਲੋਕਾਂ ਨੂੰ ਫਾਸ਼ੀਵਾਦ ਵਿਰੁੱਧ ਡਟਣ ਦਾ ਦਿੱਤਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਨਵੰਬਰ ,2026
ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ ) ਨਿਊਡੈਮੋਕਰੇਸੀ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 34ਵੀਂ ਬਰਸੀ ਮੌਕੇ ਪਿੰਡ ਸ਼ਹਾਬ ਪੁਰ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ।ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡਟਣ ਦਾ ਸੱਦਾ ਦਿੱਤਾ।ਕਾਮਰੇਡ ਮਾਸਟਰ ਗਿਆਨ ਸਿੰਘ ਸੰਘਾ ਨੂੰ ਖਾਲਿਸਤਾਨੀ ਤਾਕਤਾਂ ਨੇ 20 ਨਵੰਬਰ1992 ਨੂੰ ਸ਼ਹੀਦ ਕਰ ਦਿੱਤਾ ਸੀ। ਕਾਮਰੇਡ ਸੰਘਾ ਦੀ ਯਾਦਗਾਰ ਉੱਤੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਆਗੂ ਸ਼ਹੀਦ ਸੰਘਾ ਦੇ ਭਰਾ ਬਲਬੀਰ ਸਿੰਘ ਸੰਘਾ ਵਲੋਂ ਨਿਭਾਈ ਗਈ । ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ
ਸਾਨੂੰ ਸ਼ਹੀਦ ਸਾਥੀ ਸੰਘਾ ਜੀ ਦੇ ਦਰਸਾਏ ਰਾਹ ਉੱਤੇ ਚੱਲਦਿਆਂ ਜਮਾਤੀ ਯੁੱਧ ਨੂੰ ਹੋਰ ਤੇਜ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਸਾਥੀ ਸੰਘਾ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਉਪਰੰਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਸੂਬਾਈ ਆਗੂਆਂ ਕਾਮਰੇਡ ਦਰਸ਼ਨ ਖਟਕੜ, ਸਰਦਾਰਾ ਸਿੰਘ ਮਾਹਿਲ,ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਨੇ ਆਖਿਆ ਕਿ ਸ਼ਹੀਦ ਸਾਥੀ ਸੰਘਾ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਨੇ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਡੱਟਣ ਦਾ ਸੱਦਾ ਦਿਤਾ।ਉਹਨਾਂ ਕਿਹਾ ਕਿ ਦੁਨੀਆਂ ਵਿਚ ਆਰਥਿਕ ਮੰਦਵਾੜਾ ਵਧ ਰਿਹਾ ਹੈ ਜੋ ਕਿ ਸਾਮਰਾਜਵਾਦ ਦਾ ਸੰਕਟ ਹੈ।ਰੂਸ-ਯੂਕਰੇਨ ਜੰਗ ਅਤੇ ਇਸਰਾਇਲ ਵਲੋਂ ਫਲਸਤੀਨ ਦੀ ਤਬਾਹੀ ਸਾਮਰਾਜਵਾਦ ਦੀ ਦੇਣ ਹੈ।ਸਾਮਰਾਜੀ ਤਾਕਤਾਂ ਦੂਸਰੇ ਦੇਸ਼ਾਂ ਨੂੰ ਆਪਣੇ ਹਿੱਤਾਂ ਅਨੁਸਾਰ ਚਲਾਉਣਾ ਚਾਹੁੰਦੀਆਂ ਹਨ।ਉਹਨਾਂ ਕਿਹਾ ਕਿ ਸੰਸਾਰ ਹੁਣ ਅਮਰੀਕਾ ਦੀ ਚੌਧਰ ਵਾਲਾ ਇਕ ਧਰੁੱਵੀ ਸੰਸਾਰ ਨਹੀਂ ਰਿਹਾ।ਆਗੂਆਂ ਨੇ ਕਿਹਾ ਕਿ ਜੇਕਰ ਅਸੀਂ ਨਿਗਾਹ ਮਾਰੀਏ ਤਾਂ ਕੇਂਦਰ ਦੀ ਮੋਦੀ ਸਰਕਾਰ ਇਕ ਦੇਸ਼- ਇਕ ਮੰਡੀ ,ਇਕ ਦੇਸ਼-ਇਕ ਟੈਕਸ,ਇਕ ਦੇਸ਼ ਇਕ ਧਰਮ ਇਕ ਦੇਸ਼-ਇਕ ਬੋਲੀ ਲਾਗੂ ਕਰਕੇ ਦੇਸ਼ ਦੀ ਵੰਨਸੁਵੰਨਤਾ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਭਾਜਪਾ- ਆਰ ਐਸ ਦੀ ਸਰਕਾਰ ਭਾਰਤੀ ਸੰਵਿਧਾਨ ਦੀ ਥਾਂ ਮੰਨੂ ਸਿਮਰਤੀ ਗ੍ਰੰਥ ਲਾਗੂ ਕਰਨਾ ਚਾਹੁੰਦੀ ਹੈ ਜੋ ਕਹਿੰਦਾ ਹੈ ਕਿ ਦਲਿਤ ਅਤੇ ਔਰਤਾਂ ਪਸ਼ੂ ਸਮਾਨ ਹਨ।ਇਸ ਸਰਕਾਰ ਲਈ ਉਹ ਹਰ ਵਿਅਕਤੀ ਦਿਮਾਗੀ ਨਕਸਲੀ ਹੈ ਜੋ ਵੀ ਇਸ ਸਰਕਾਰ ਦਾ ਆਲੋਚਕ ਹੈ। ਐਸ ਆਈ ਆਰ ਰਾਹੀਂ 13 ਕਰੋੜ ਦੇ ਕਰੀਬ ਵਿਰੋਧੀ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ।ਚੋਣ ਕਮਿਸ਼ਨ ਮੋਦੀ ਸਰਕਾਰ ਦੇ ਕਰਿੰਦੇ ਵਾਂਗਰ ਅਮਲ ਕਰ ਰਿਹਾ ਹੈ ।
ਮੋਦੀ ਸਰਕਾਰ ਦੇ ਰਾਜ ਕਰਨ ਦੇ ਤਰੀਕੇ ਆਮ ਨਹੀਂ ਖਾਸ ਹਨ ,ਤਾਕਤ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹੱਕਾਂ ਉੱਤੇ ਸੱਟ ਮਾਰੀ ਜਾ ਰਹੀ ਹੈ । ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ ।ਨਵੀਂ ਕਿਸਮ ਦਾ ਕੌਮਵਾਦ ਉਭਾਰਿਆ ਜਾ ਰਿਹਾ ਹੈ ।ਨਵੀਂ ਵਿਦਿਆ ਨੀਤੀ ਰਾਹੀਂ ਸਿਰਫ ਇਕ ਵਿਚਾਰ ਲੈਕੇ ਆਂਦਾ ਜਾ ਰਿਹਾ । ਉਹਨਾਂ ਕਿਹਾ ਕਿ ਸਰਕਾਰਾਂ ਬਦਲਣ ਦੇ ਨਾਲ ਕੁਝ ਨਹੀਂ ਬਦਲਣਾ ,ਸਮੁੱਚਾ ਪ੍ਰਬੰਧ ਬਦਲਣ ਦੀ ਲੋੜ ਹੈ।ਮੋਦੀ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾ ਨਹੀਂ ਕਰ ਰਹੀ ,ਮੋਦੀ ਸਰਕਾਰ ਦੇ ਵਿਰੋਧ ਵਿੱਚ ਜੋ ਵੀ ਆਵਾਜ਼ ਉਠਾਉਂਦਾ ਹੈ ਉਹਨਾਂ ਉੱਤੇ ਝੂਠੇ ਪੁਲਿਸ ਕੇਸ ਮੜ ਕੇ ਉਹਨਾਂ ਨੂੰ ਜੇਲਾਂ ਅੰਦਰ ਸੁੱਟ ਦਿੱਤਾ ਜਾਂਦਾ ਹੈ। ਕਿੰਨੇ ਹੀ ਅਜਿਹੇ ਕਾਰਕੁਨ,ਵਕੀਲ ਪੱਤਰਕਾਰ, ਲੇਖਕ, ਕਵੀ ਮੋਦੀ ਸਰਕਾਰ ਨੇ ਜੇਲਾਂ ਵਿੱਚ ਬੰਦ ਕੀਤੇ ਹੋਏ ਹਨ।ਇਸ ਸਰਕਾਰ ਦੇ ਫਾਸ਼ੀ ਹੱਲੇ ਤੇਜੀ ਨਾਲ ਵਧ ਰਹੇ ਹਨ। ਮੋਦੀ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤ ਪੂਰਦੀਆਂ ਆਰਥਿਕ ਅਤੇ ਵਿੱਤੀ ਨੀਤੀਆਂ ਲਾਗੂ ਕਰ ਰਹੀ ਹੈ । ਫੈਡਰਲਇਜਮ ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਬੀ ਐਸ ਐਫ ਦੇ ਅਧਿਕਾਰਾਂ ਦਾ ਘੇਰਾ ਵਧਾ ਕੇ, ਡੈਮ ਸੇਫਟੀ ਐਕਟ ਰਾਹੀਂ ਪੰਜਾਬ ਦੇ ਦਰਿਆਈ ਪਾਣੀਆਂ ਤੇ ਡਾਕਾ ਮਾਰ ਕੇ ਮੋਦੀ ਸਰਕਾਰ ਪੰਜਾਬ ਦੇ ਅਧਿਕਾਰਾਂ ਦਾ ਹਨਨ ਕਰ ਰਹੀ ਹੈ।ਉਹਨਾਂ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹੱਲੇ ਵਿਰੁੱਧ ਸੇਧਤ ਕਰਨਾ ਚਾਹੀਦਾ ਹੈ । ਆਗੂਆਂ ਨੇ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਗੂੰ ਨਿਕੰਮੀ ਸਾਬਤ ਹੋਈ ਹੈ।ਇਸ ਸਰਕਾਰ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਜਿਸ ਉੱਤੇ ਪੰਜਾਬ ਦੇ ਲੋਕ ਮਾਣ ਮਹਿਸੂਸ ਕਰ ਸਕਣ।ਰੋਜ਼ ਹੀ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ।ਧਰਨਾਕਾਰੀਆਂ ਉਪਰ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਆਂ ਵਰਾਈਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਦੇਸ਼ ਦੀ ਤਸਵੀਰ ਨਕਸਲਬਾੜੀ ਦੇ ਰਾਹ ਉੱਤੇ ਚੱਲਦਿਆਂ ਨਵਜਮਹੂਰੀ ਇਨਕਲਾਬ ਕਰਕੇ ਹੀ ਬਦਲ ਸਕਦੀ ਹੈ ,ਇਹੀ ਰਾਹ ਹੈ ਜੋ ਸਾਥੀ ਸੰਘਾ ਨੇ ਸਾਨੂੰ ਦਿਖਾਇਆ ਹੈ ।
ਇਸ ਮੌਕੇ ਸੀਪੀ ਆਈ ਐਮ ਐਲ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਰਵਿੰਦਰ ਕੌਰ ਆਜ਼ਾਦ ਨੂੰ ਸੰਘਰਸ਼ਾਂ ਵਿਚ ਪਏ ਗਏ ਯੋਗਦਾਨ ਲਈ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਆਗੂ ਨੂੰ ਓਲਡ ਇਸ ਗੋਲਡ ਫਰੈਂਡਜ ਗਰੁੱਪ ਨਵਾਂਸ਼ਹਿਰ
ਵਲੋਂ ਰਘਵਿੰਦਰ ਪਾਲ ਸਿੰਘ ਨੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਦੀ ਨਾਟਕ ਟੀਮ ਵਲੋਂ ਇਨਕਲਾਬੀ ਕੋਰੀਓਗਰਾਫੀਆਂ ਪੇਸ਼ ਕੀਤੀਆਂ। ਇਸ ਮੌਕੇ ਭੁਪਿੰਦਰ ਸਿੰਘ ਅੰਮ੍ਰਿਤਸਰ ਦੁਆਰਾ ਸੰਪਾਦਤ ਸ਼ਹੀਦ ਜੈਮਲ ਸਿੰਘ ਪੱਡਾ ਦੀ ਕਾਵਿ ਪੁਸਤਕ ਦਾ ਦੂਸਰਾ ਐਡੀਸ਼ਨ ਪਰਵਾਜ਼ ਪੰਜਾਬ ਦੇ ਆਗੂਆਂ ਜਸਬੀਰ ਦੀਪ ਅਤੇ ਹਰੀ ਰਾਮ ਰਸੂਲਪੁਰੀ ਨੇ ਰਲੀਜ਼ ਕੀਤਾ।ਮੰਚ ਸੰਚਾਲਨਾ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਕੀਤੀ।ਅੰਤ ਵਿਚ ਕਮਲਜੀਤ ਸਨਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕੈਪਸ਼ਨ: ਸ਼ਹੀਦ ਮਾਸਟਰ ਗਿਆਨ ਸਿੰਘ ਦੀ 34ਵੀਂ ਬਰਸੀ ਮੌਕੇ ਕੀਤੀ ਗਈ ਸਿਆਸੀ ਕਾਨਫਰੰਸ ਦੀਆਂ ਝਲਕੀਆਂ।
- Download Babushahi App
-
-