ਸਮੂਹਿਕ ਛੁੱਟੀ ਦੇ ਪਹਿਲੇ ਦਿਨ ਹਜ਼ਾਰਾਂ ਮੁਲਾਜ਼ਮਾਂ ਅਤੇ ਵੱਲੋਂ ਵਿਸ਼ਾਲ ਧਰਨਾ ਅਤੇ ਰੋਸ ਮਾਰਚ
ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਨਾਲ ਵਾਅਦਾ ਖਿਲਾਫ਼ੀ ਮੰਨਜ਼ੂਰ ਨਹੀਂ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 21 ਅਕਤੂਬਰ 2026:- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਪਣੀ ਮੰਗਾਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਦੇ ਵਿਰੋਧ ਵਿੱਚ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਪਹਿਲੇ ਦਿਨ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਜ਼ਿਲ੍ਹੇ ਭਰ ਵਿੱਚੋਂ ਪਹੁੰਚੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਥਾਪਰ ਯੂਨੀਵਰਸਿਟੀ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਧਨਵੰਤ ਸਿੰਘ ਭੱਠਲ, ਸੁਖਵਿੰਦਰ ਸਿੰਘ ਸੈਣੀ, ਹਰਦੀਪ ਟੋਡਰਪੁਰ, ਖੁਸ਼ਵਿੰਦਰ ਸਿੰਘ ਕਪਿਲਾ, ਜਸਵਿੰੰਦਰ ਸਿੰਘ ਸੋਜਾ, ਗੁਰਮੇਲ ਸਿੰਘ ਵਿਰਕ, ਹਰੀ ਸਿੰਘ ਟੋਹੜਾ, ਗੁਰਦੀਪ ਸਿੰਘ ਵਾਲੀਆ, ਅਵਤਾਰ ਸਿੰਘ ਕੈਂਥ, ਹਿੰਮਤ ਸਿੰਘ, ਤਲਵਿੰਦਰ ਖਰੋੜ, ਬਲਜੀਤ ਸਿੰਘ, ਗੁਰਧਿਆਨ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਨਾ ਜਾਰੀ ਨਾ ਕਰਨਾ, ਪੈਨਸ਼ਨਰਾਂ ਅਤੇ ਅਣ-ਰਿਵਾਇਜ਼ਡ ਕੈਟਾਗਰੀਆਂ ਦੇ ਮੁਲਾਜ਼ਮਾਂ 'ਤੇ 2.59 ਦਾ ਗੁਣਾਂਕ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣਾ, ਵੱਖ-ਵੱਖ ਕਿਸਮ ਦੇ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤੇ ਜਾਣਾ, ਮਾਣਭੱਤਾ ਵਰਕਰਾਂ (ਮਿਡ-ਡੇ-ਮੀਲ, ਆਸ਼ਾ ਤੇ ਆਂਗਣਵਾੜੀ) ਉੱਤੇ ਘੱਟੋ-ਘੱਟ ਉਜ਼ਰਤਾਂ ਲਾਗੂ ਨਾ ਕੀਤੇ ਜਾਣਾ, ਪੇਂਡੂ ਅਤੇ ਬਾਰਡਰ ਏਰੀਆ ਸਮੇਤ ਬੰਦ ਕੀਤੇ ਗਏ 37 ਕਿਸਮ ਦੇ ਭੱਤੇ ਅਤੇ ਏਸੀਪੀ ਸਕੀਮ ਬਹਾਲ ਨਾ ਕੀਤੇ ਜਾਣਾ, 17/07/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਨਾ ਕੀਤੇ ਜਾਣਾ, ਪਰਖ ਕਾਲ ਦੌਰਾਨ ਪੂਰੀ ਤਨਖਾਹ ਨਾ ਦਿੱਤੇ ਜਾਣਾ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸੰਮਿਲਤ ਨਾ ਕੀਤੇ ਜਾਣਾ, 16 ਮਈ 2023 ਦੀ ਪਾਲਿਸੀ ਰੱਦ ਕਰਕੇ ਸਪੈਸ਼ਲ ਕਾਡਰ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਉੱਤੇ ਸਿਵਲ ਸਰਵਿਸਿਜ਼ ਰੂਲਜ ਅਤੇ ਪੰਜਾਬ ਦਾ ਤਨਖਾਹ ਸਕੇਲ ਲਾਗੂ ਨਾ ਕੀਤੇ ਜਾਣਾ ਅਤੇ ਹੋਰ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣਾ ਸਾਬਿਤ ਕਰਦਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਭਗੌੜੀ ਹੋ ਚੁੱਕੀ ਹੈ।
ਤਾਲਮੇਲ ਕਮੇਟੀ ਦੇ ਆਗੂਆਂ ਸੰਤ ਰਾਮ ਚੀਮਾ, ਜਸਵਿੰਦਰ ਸਿੰਘ ਸਮਾਣਾ, ਨਾਹਰ ਸਿੰਘ, ਰਾਮ ਸ਼ਰਨ ਅਲਹੋਰਾਂ, ਮਨੋਜ ਘਈ, ਗੁਰਪ੍ਰੀਤ ਗੁਰੂ, ਅਮਨਿੰਦਰ ਸਿੰਘ ਬਾਬਾ, ਪਰਵੀਨ ਸ਼ਰਮਾਂ, ਰਾਕੇਸ਼ ਬਾਤਿਸ਼, ਰਣਵੀਰ ਸਿੰਘ ਨੱਨਾ, ਹਰਮੀਤ ਕੌਰ, ਭੁਪਿੰਦਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਕੇਵਲ 8% ਮਹਿੰਗਾਈ ਭੱਤਾ ਲਾਗੂ ਕਰਕੇ ਇਸ ਤਰ੍ਹਾਂ ਦਾ ਬਿਰਤਾਂਤ ਸਿਰਜ ਰਹੀ ਹੈ ਜਿਵੇਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਹੋਣ। ਆਗੂਆਂ ਨੇ ਕਿਹਾ ਤਾਲਮੇਲ ਕਮੇਟੀ ਦੀਆਂ ਸਮੁੱਚੀਆਂ ਮੰਗਾਂ ਪੂਰੀਆਂ ਹੋਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਤਿੰਦਰਪਾਲ ਘੱਗਾ, ਪਰਮਜੀਤ ਸਿੰਘ, ਪ੍ਰੇਮ ਪੰਜੋਲਾ, ਬਚਿੱਤਰ ਸਿੰਘ, ਭੁਪਿੰਦਰ ਕੁਮਾਰ ਕੱਕੜ, ਚੇਅਰਮੈਨ ਰਘਬੀਰ ਸਿੰਘ, ਜਗਤਾਰ ਸਿੰਘ ਜੱਗੀ, ਰਾਜਵਿੰਦਰ ਸਿੰਘ ਭਿੰਡਰ, ਮੈਡਮ ਹਰਵੀਰ ਕੌਰ, ਨਿਰਮਲ ਸਿੰਘ, ਕਮਲਜੀਤ ਸਿੰਘ ਆਈ.ਟੀ.ਆਈ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬਲਰਾਜ ਜੋਸ਼ੀ, ਜਮਹੂਰੀ ਕਿਸਾਨ ਸਭਾ ਵੱਲੋਂ ਦਰਸ਼ਨ ਬੇਲੂਮਾਜਰਾ ਆਦਿ ਨੇ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ।
- Download Babushahi App
-
-