ਉਜਾਗਰ ਸਿੰਘ ਦੀ ਪੁਸਤਕ‘ਪੰਜਾਬ ਦੇ ਅਨਮੋਲ ਰਤਨ’ ਲੋਕ ਅਰਪਣ
ਪਟਿਆਲਾ: 17 ਅਕਤੂਬਰ 2026 : ਪੰਜਾਬੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਅਤੇ ਵਿਸ਼ਵ ਪੱਧਰ ‘ਤੇ ਪੰਜਾਬ ਦਾ ਮਾਣ ਵਧਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ‘ਤੇ ਅਧਾਰਤ ਉਜਾਗਰ ਸਿੰਘ ਦੀ ਪੁਸਤਕ ‘ਪੰਜਾਬ ਦੇ ਅਨਮੋਲ ਰਤਨ’ ਸ਼ੁਕਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਅਧਿਕਾਰੀਆਂ ਦੀ ਮਾਸਕ ਮੀਟਿੰਗ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਊਨਾ (ਹਿਮਾਚਲ ਪ੍ਰਦੇਸ਼)ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸਾਬਕਾ ਪ੍ਰੈਸ ਸਕੱਤਰ ਓ.ਪੀ.ਰਤਨ ਨੇ ਪੁਸਤਕ ਲੋਕ ਅਰਪਣ ਕੀਤੀ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਓ.ਪੀ.ਰਤਨ ਨੇ ਕਿਹਾ ਕਿ ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ, ਮਿਹਨਤ ਅਤੇ ਸਮਰਪਣ ਭਾਵਨਾ ਸਦਕਾ ਵਿਲੱਖਣ ਪਛਾਣ ਬਣਾਉਣ ਵਾਲੀਆਂ 54 ਪੰਜਾਬੀ ਸ਼ਖ਼ਸੀਅਤਾਂ ਦੇ ਜੀਵਨ ਤੇ ਪ੍ਰਾਪਤੀਆਂ ਨੂੰ ਦਰਜ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਆਜ਼ਾਦੀ ਸੰਗਰਾਮ, ਦੇਸ਼ ਦੀ ਰੱਖਿਆ, ਅਰਥਚਾਰਾ, ਸਮਾਜ ਸੇਵਾ, ਸਭਿਆਚਾਰ, ਖੇਡਾਂ, ਪ੍ਰਸ਼ਾਸਨ, ਖੇਤੀਬਾੜੀ, ਧਰਮ, ਰਾਜਨੀਤੀ ਅਤੇ ਵਿਗਿਆਨ ਆਦਿ ਸ਼ਾਮਲ ਹਨ।
ਪੁਸਤਕ ਵਿੱਚ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ, ਲੈਫ਼.ਜਨਰਲ ਜਗਜੀਤ ਸਿੰਘ ਅਰੋੜਾ, ਲੈਫ਼. ਜਨਰਲ ਹਰਬਖ਼ਸ਼ ਸਿੰਘ, ਏਅਰ ਮਾਰਸ਼ਲ ਅਮਰਪ੍ਰੀਤ ਸਿੰਘ, ਵਿਸ਼ਵ ਬੈਂਕ ਮੁਖੀ ਅਜੇਪਾਲ ਸਿੰਘ ਬੰਗਾ, ਫਾਈਬਰ ਆਪਟਿਕ ਤਕਨਾਲੋਜੀ ਦੇ ਪਿਤਾਮਾ ਡਾ.ਨਰਿੰਦਰ ਸਿੰਘ ਕਪਾਨੀ, ਰਾਜਾ ਰਣਧੀਰ ਸਿੰਘ, ਮਿਲਖਾ ਸਿੰਘ, ਸੰਤ ਅਤਰ ਸਿੰਘ ਮਸਤੂਆਣਾ, ਸਿਰਦਾਰ ਕਪੂਰ ਸਿੰਘ, ਰਵੀ ਸਿੰਘ ਖਾਲਸਾ ਏਡ, ਬਾਬਾ ਰਾਮ ਸਿੰਘ, ਮਹਿੰਦਰ ਸਿੰਘ ਰੰਧਾਵਾ, ਡਾ.ਸਰਦਾਰਾ ਸਿੰਘ ਜੌਹਲ ਅਤੇ ਡਾ.ਪਿਆਰਾ ਲਾਲ ਗਰਗ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਵਿੱਚ ਓਪਿੰਦਰ ਸਿੰਘ ਲਾਂਬਾ, ਜਰਨੈਲ ਸਿੰਘ, ਸਾਧੂ ਸਿੰਘ ਬਰਾੜ, ਡਾ.ਮੇਘਾ ਸਿੰਘ, ਅਜੀਤ ਕੰਵਲ ਸਿੰਘ ਹਮਦਰਦ, ਸੁਰਿੰਦਰ ਮਲਿਕ, ਸ਼ਿਖ਼ਾ ਕੌਸ਼ਲ ਨਹਿਰਾ, ਰਾਜਿੰਦਰ ਕੌਰ, ਉਮਾ ਸ਼ਰਮਾ, ਸਰਵਜੀਤ ਕੰਗਣੀਵਾਲ, ਆਰ.ਸੀ.ਬਾਲੀ ਅਤੇ ਪ੍ਰੇਮ ਵਿਜ ਸ਼ਾਮਲ ਸਨ। ਲੇਖਕ ਉਜਾਗਰ ਸਿੰਘ ਨੇ ਸਮਾਗਮ ਆਯੋਜਤ ਕਰਕੇ ਉਨ੍ਹਾਂ ਦਾ ਮਾਣ ਵਧਾਉਣ ਲਈ ਸੇਵਾ ਮੁਕਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਡਾ. ਮੇਘਾ ਸਿੰਘ ਅਤੇ ਓਪਿੰਦਰ ਸਿੰਘ ਲਾਂਬਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਦੇਖ ਰੇਖ ਸਦਕਾ ਪੁਸਤਕ ਦੀ ਪ੍ਰਕਾਸ਼ਨਾ ਸੰਭਵ ਹੋ ਸਕੀ ਹੈ। ਜਿਕਰਯੋਗ ਹੈ ਕਿ ਉਜਾਗਰ ਸਿੰਘ 1974 ਵਿੱਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਨਿਬੰਧਕਾਰ ਪੰਜਾਬੀ ਭਰਤੀ ਹੋਏ ਸਨ ਅਤੇ 2007 ਵਿੱਚ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸੇਵਾ ਮੁਕਤ ਹੋਏ ਹਨ। ਉਹ ਜਾਗ੍ਰਤੀ ਪੰਜਾਬੀ ਦੇ ਸੰਪਾਦਕ ਵੀ ਰਹੇ ਹਨ। ਉਸ ਦੀਆਂ 17 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਤਸਵੀਰ: ਓ.ਪੀ.ਰਤਨ ਪੁਸਤਕ ਲੋਕ ਅਰਪਤ ਕਰਦੇ ਹੋਏ। ਉਨ੍ਹਾਂ ਦੇ ਨਾਲ ਡਾ.ਮੇਘਾ, ਉਜਾਗਰ ਸਿੰਘ ਤੇ ਪ੍ਰੇਮ ਵਿਜ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
- Download Babushahi App
-
-