Canada: ਅਰਪਨ ਲਿਖਾਰੀ ਸਭਾ ਦੀ ਮੀਟਿੰਗ ਵਿੱਚ ਸਾਹਿਤਕ ਰੰਗਾਂ ਦੇ ਨਾਲ ਇਨਕਲਾਬੀ ਸੁਰਾਂ ਦੀ ਗੂੰਜ
ਹਰਦਮ ਮਾਨ
ਕੈਲਗਰੀ, 13 ਅਕਤੂਬਰ 2026 - ਅਰਪਨ ਲਿਖਾਰੀ ਸਭਾ ਦੀ ਸਾਹਿਤਕ ਮੀਟਿੰਗ ਬੀਤੇ ਦਿਨੀਂ ਕੋਸੋ ਹਾਲ ਵਿਖੇ ਜਰਨੈਲ ਤੱਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਨਾਲ ਕਵਿਤਾ, ਵਿਅੰਗ, ਪੰਜਾਬੀ ਵਿਰਾਸਤ ਅਤੇ ਲੋਕ-ਪੱਖੀ ਵਿਚਾਰਧਾਰਾ ਬਾਰੇ ਭਰਪੂਰ ਚਰਚਾ ਹੋਈ।
ਸਭਾ ਵੱਲੋਂ ਅਦਾਕਾਰ ਨਾਨਾ ਪਾਟੇਕਰ, ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ, ਪ੍ਰਸਿੱਧ ਵਿਅੰਗਕਾਰ ਕੇ. ਐੱਲ. ਗਰਗ ਅਤੇ ਗਾਇਕਾ ਡੌਲੀ ਗੁਲੇਰੀਆ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਸਰਬਜੀਤ ਸਿੰਘ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਚੁਣੇ ਜਾਣ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਗਈ।
ਕਾਵਿ-ਸੈਸ਼ਨ ਵਿੱਚ ਜਰਨੈਲ ਤੱਗੜ ਨੇ ਹਰਜਿੰਦਰ ਕੰਗ ਦੀ ਵਤਨ-ਪਿਆਰ ਨਾਲ ਜੁੜੀ ਕਵਿਤਾ ਸੁਣਾਈ। ਪਰਮਜੀਤ ਸਿੰਘ ਭੰਗੂ ਨੇ ਪਾਸ਼ ਦੀ ਇਨਕਲਾਬੀ ਕਵਿਤਾ, ਲਖਵਿੰਦਰ ਸਿੱਧੂ ਨੇ ਪਤਝੜ ਮਗਰੋਂ ਬਹਾਰ ਦੀ ਆਸ ਜਗਾਉਂਦੀ ਰਚਨਾ ਅਤੇ ਮੁਖਿੰਦਰ ਸਿੰਘ ਉੱਪਲ ਨੇ ਬੀਰ ਸਿੰਘ ਦੀ ਸਮਾਜਿਕ ਅਸਮਾਨਤਾ ਬਾਰੇ ਕਵਿਤਾ ਪੇਸ਼ ਕੀਤੀ। ਮਾਸਟਰ ਹਰਭਜਨ ਸਿੰਘ ਨੇ ਹਾਸਰਸ ਕਵਿਤਾ ਨਾਲ ਸਰੋਤਿਆਂ ਨੂੰ ਹਸਾਇਆ। ਜਸਵੀਰ ਸਿਹੋਤਾ ਨੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਜਾਂਦੇ ਪੰਜਾਬੀਆਂ ਦਾ ਦਰਦ ਬਿਆਨਿਆ ਅਤੇ ਮੋਹਣ ਸਿੰਘ ਪਪਰਾਲਾ ਨੇ ਵਿਅੰਗਮਈ ਕਵਿਤਾ ਰਾਹੀਂ ਸਮਾਜ ’ਤੇ ਚੋਟ ਕੀਤੀ। ਡਾ. ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਕਬਰਾਂ ਉਡੀਕਦੀਆਂ, ਜਿਉਂ ਪੁੱਤਰਾਂ ਨੂੰ ਮਾਵਾਂ’ ਗਾ ਕੇ ਮਾਹੌਲ ਭਾਵੁਕ ਕਰ ਦਿੱਤਾ।
ਸੋਹਣ ਸਿੰਘ ਭੁੱਚੋ ਨੇ ਫੁੱਫੜ ਬਾਰੇ ਹਾਸਰਸ ਕਵਿਤਾ ਅਤੇ ਪੰਜਾਬੀ ਜੁੱਤੀ ਬਾਰੇ ਆਪਣੀ ਨਵੀਂ ਬੈਂਤ ਸੁਣਾਈ, ਜਿਸ ਨੇ ਦਿਲਚਸਪ ਚਰਚਾ ਛੇੜੀ। ਸਤਨਾਮ ਸ਼ੇਰਗਿੱਲ ਨੇ ਜੈਨੇਸਿਸ ਸੈਂਟਰ ਵਿਖੇ ਅਲਬਰਟਾ ਰਿਫਰੈਂਡਮ ਸਬੰਧੀ ਹੋਣ ਵਾਲੇ ਇਕੱਠ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੇ ਜੀਵਨ ਦੇ ਕਿੱਸੇ ਸੁਣਾਏ। ਜਸਵੰਤ ਸ਼ਰਮਾ ਨੇ ਪਿੰਡਾਂ ਦੀ ਵਿਰਾਸਤ ਬਾਰੇ ਤੱਥ ਸਾਂਝੇ ਕਰਦਿਆਂ ਮੱਖਣ ਬਰਾੜ ਦੀ ਕਲਮ ਤੋਂ ਲਿਖੀਆਂ ਕਵਿਤਾਵਾਂ ਆਪਣੇ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੀਆਂ।
ਜ਼ੀਰ ਸਿੰਘ ਬਰਾੜ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਉਭਾਰੀ, ਜਦਕਿ ਸਵਰਨ ਸਿੰਘ ਧਾਲੀਵਾਲ ਨੇ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਆਪਣੀਆਂ ਲੋਕ-ਹਿਤੂ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ। ਸਤਨਾਮ ਢਾਅ ਨੇ ਪਾਲ ਸਿੰਘ ਪੰਛੀ ਦੇ ਮਕਬੂਲ ਛੰਦ ਰਾਹੀਂ ਮਹਾਰਾਣੀ ਜਿੰਦਾਂ ਦੇ ਵਿਰਲਾਪ ਨੂੰ ਕਵੀਸ਼ਰੀ ਦੇ ਰੰਗ ਵਿੱਚ ਪੇਸ਼ ਕੀਤਾ। ਮੀਟਿੰਗ ਦੀ ਕਾਰਵਾਈ ਚਲਾ ਰਹੇ ਸਕੱਤਰ ਦਰਸ਼ਨ ਬਰਾੜ ਨੇ ਆਪਣੀ ਕਵਿਤਾ ‘ਆਨ ਨਿਰਾਲੀ ਸ਼ਾਨ ਨਿਰਾਲੀ ਹੈ ਸਰਦਾਰਾਂ ਦੀ’ ਸੁਣਾਈ।
ਜਗਦੇਵ ਸਿੱਧੂ ਨੇ ਕੈਨੇਡੀਅਨ ਲੇਖਿਕਾ ਅਤੇ ਕਵਿੱਤਰੀ ਐਨੀ ਕਾਰਸਨ ਦੇ ਜੀਵਨ, ਸਾਹਿਤਕ ਸਫ਼ਰ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਸਾਮਰਾਜਵਾਦ, ਬਸਤੀਵਾਦ, ਸਮਾਜਵਾਦ ਅਤੇ ਲੋਕ-ਸੰਘਰਸ਼ਾਂ ਬਾਰੇ ਚਰਚਾ ਹੋਈ। ਭਗਤ ਸਿੰਘ, ਪਾਸ਼ ਅਤੇ ਸੰਤ ਰਾਮ ਉਦਾਸੀ ਦੀਆਂ ਮਿਸਾਲਾਂ ਅਤੇ ਸੁਰਿੰਦਰ ਧੰਜਲ ਦੇ ਹਵਾਲੇ ਨਾਲ ਲੋਕ-ਪੱਖੀ ਸਾਹਿਤ ਦੀ ਸਮਾਜਿਕ ਤਬਦੀਲੀ ਵਿੱਚ ਭੂਮਿਕਾ ਉਭਾਰੀ ਗਈ।
ਇਸ ਸਾਹਿਤਕ ਵਿਚਾਰ-ਚਰਚਾ ਵਿੱਚ ਸੁਖਦੇਵ ਕੌਰ ਢਾਅ, ਬਲਜਿੰਦਰ ਕੌਰ ਮਾਂਗਟ ਅਤੇ ਬਲਕਾਰ ਸਿੰਘ ਦਿਉਲ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ। ਅੰਤ ਵਿੱਚ ਮੀਤ-ਪ੍ਰਧਾਨ ਜਰਨੈਲ ਤੱਗੜ ਨੇ ਪੇਸ਼ਕਾਰੀਆਂ ਦੇ ਮਿਆਰ ਦੀ ਸ਼ਲਾਘਾ ਕਰਦਿਆਂ ਸਭ ਦਾ ਧੰਨਵਾਦ ਕੀਤਾ।
- Download Babushahi App
-
-