ਚੰਡੀਗੜ੍ਹ ’ਚ ਫਲੈਟ ਦਿਵਾਉਣ ਦੇ ਨਾਂ ’ਤੇ 45 ਲੱਖ ਦੀ ਠੱਗੀ, ਜ਼ੀਰਕਪੁਰ ਦਾ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
ਖੰਨਾ ਦੇ ਨਾਮਵਰ ਤਾਰਾ ਹੇਅਰ ਸੈਲੂਨ ਦੇ ਮਾਲਕ ਜਗਤਾਰ ਝਾਮ ਨਾਲ ਮਾਰੀ ਸੀ ਠੱਗੀ, ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਖੰਨਾ 13 ਅਕਤੂਬਰ (ਰਵਿੰਦਰ ਢਿੱਲੋਂ)-ਚੰਡੀਗੜ੍ਹ ਵਿੱਚ ਫਲੈਟ ਦਿਵਾਉਣ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਜ਼ੀਰਕਪੁਰ ਦੇ ਪ੍ਰਾਪਰਟੀ ਡੀਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਮੁਲਜ਼ਮ ਜੀਰਕਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ’ਤੇ ਖੰਨਾ ਦੇ ਨਾਮਵਰ ਤਾਰਾ ਹੇਅਰ ਸੈਲੂਨ ਦੇ ਮਾਲਕ ਜਗਤਾਰ ਝਾਮ ਨਾਲ ਫਲੈਟ ਦਿਵਾਉਣ ਦਾ ਸੌਦਾ ਕਰਕੇ 45 ਲੱਖ ਰੁਪਏ ਲੈਣ ਦੇ ਬਾਵਜੂਦ ਫਲੈਟ ਨਾ ਦੇਣ ਦੇ ਦੋਸ਼ ਹਨ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਸ਼ਿਕਾਇਤਕਰਤਾ ਜਗਤਾਰ ਝਾਮ ਦੇ ਅਨੁਸਾਰ, ਮੁਲਜ਼ਮ ਦਾ ਉਸ ਦੇ ਖੰਨਾ ਸਥਿਤ ਹੇਅਰ ਸੈਲੂਨ ਵਿੱਚ ਆਉਣਾ-ਜਾਣਾ ਸੀ। ਇਸ ਕਾਰਨ ਦੋਵਾਂ ਦੀ ਜਾਣ-ਪਛਾਣ ਹੋ ਗਈ ਸੀ। ਇਸੇ ਜਾਣ-ਪਛਾਣ ਦੌਰਾਨ ਮੁਲਜ਼ਮ ਨੇ ਉਸ ਨਾਲ ਚੰਡੀਗੜ੍ਹ ਜਾਂ ਇਸ ਦੇ ਨੇੜਲੇ ਇਲਾਕਿਆਂ ਵਿੱਚ ਫਲੈਟ ਦਿਵਾਉਣ ਬਾਰੇ ਗੱਲਬਾਤ ਸ਼ੁਰੂ ਕੀਤੀ। ਸ਼ਿਕਾਇਤਕਰਤਾ ਨੂੰ ਫਲੈਟ ਖਰੀਦਣ ਦਾ ਭਰੋਸਾ ਦਿਵਾਉਣ ਲਈ ਮੁਲਜ਼ਮ ਨੇ ਚੰਡੀਗੜ੍ਹ ਦੇ ਸੈਕਟਰ-7ਸੀ ਵਿੱਚ ਇੱਕ ਪ੍ਰੋਜੈਕਟ ਵੀ ਦਿਖਾਇਆ।
ਜਗਤਾਰ ਝਾਮ ਅਨੁਸਾਰ, ਫਲੈਟ ਦਾ ਸੌਦਾ ਕਰਨ ਲਈ ਉਸ ਨੇ ਮੁਲਜ਼ਮ ਨੂੰ 45 ਲੱਖ ਰੁਪਏ ਦਿੱਤੇ ਸਨ। ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਨੂੰ ਫਲੈਟ ਦਿੱਤਾ ਗਿਆ ਅਤੇ ਨਾ ਹੀ ਸੌਦਾ ਸਿਰੇ ਚੜ੍ਹਿਆ। ਇਸ ਤਰ੍ਹਾਂ ਉਸ ਨਾਲ 45 ਲੱਖ ਰੁਪਏ ਦੀ ਠੱਗੀ ਹੋਣ ਦਾ ਦੋਸ਼ ਲਗਾਇਆ ਗਿਆ। ਇਸ ਮਾਮਲੇ ਵਿੱਚ ਸ਼ਿਕਾਇਤ ਦੇ ਆਧਾਰ ’ਤੇ ਖੰਨਾ ਪੁਲਿਸ ਨੇ 10 ਦਸੰਬਰ 2025 ਨੂੰ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਹੁਣ ਸੀਆਈਏ ਸਟਾਫ਼ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਆਕਾਸ਼ ਦੱਤ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਮੋਹਾਲੀ ਵਿੱਚ ਕਿਡਨੈਪਿੰਗ ਦਾ ਇੱਕ ਕੇਸ ਦਰਜ ਹੈ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰਕੇ 45 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ।
- Download Babushahi App
-
-