ਹਾਦਸਾ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਵਾਲੇ ‘ਰਾਹ-ਵੀਰਾਂ’ ਨੂੰ ਮਿਲੇਗੀ 25,000 ਦੀ ਪ੍ਰੋਤਸਾਹਨ ਰਾਸ਼ੀ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਲੋਕਾਂ ਨੂੰ ਹਾਦਸਾ ਪੀੜਤਾਂ ਦੀ ਤੁਰੰਤ ਮਦਦ ਕਰਨ ਦੀ ਅਪੀਲ
‘ਸੁਨਹਿਰੀ ਘੰਟੇ’ ਦੌਰਾਨ ਮਿਲੀ ਤੁਰੰਤ ਮਦਦ ਕੀਮਤੀ ਜਾਨ ਬਚਾਉਣ ਵਿੱਚ ਹੋ ਸਕਦੀ ਹੈ ਸਹਾਈ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 29 ਸਤੰਬਰ
ਸੜਕ ਹਾਦਸਿਆਂ ਦੌਰਾਨ ਜ਼ਖਮੀ ਵਿਅਕਤੀਆਂ ਦੀ ਤੁਰੰਤ ਮਦਦ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਤੱਕ ਪਹੁੰਚਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਸਪਿੰਦਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ‘ਰਾਹ-ਵੀਰ’ ਬਣ ਕੇ ਹਾਦਸਾ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਰਾਹ-ਵੀਰ ਨੂੰ 25,000 ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ।
ਇਹ ਜਾਣਕਾਰੀ ਉਨ੍ਹਾਂ ਅੱਜ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਤੋਂ ਬਾਅਦ ਦਾ ‘ਸੁਨਹਿਰੀ ਘੰਟਾ’ ਜ਼ਖਮੀ ਵਿਅਕਤੀ ਦੀ ਜਾਨ ਬਚਾਉਣ ਲਈ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਦੌਰਾਨ ਜੇਕਰ ਕੋਈ ਨਾਗਰਿਕ ਬਿਨਾਂ ਦੇਰੀ ਕੀਤੇ ਹਾਦਸਾ ਪੀੜਤ ਨੂੰ ਹਸਪਤਾਲ ਜਾਂ ਡਾਕਟਰੀ ਸਹਾਇਤਾ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ ਤਾਂ ਇਹ ਕਈ ਵਾਰ ਕੀਮਤੀ ਜਾਨ ਬਚਾਉਣ ਵਿੱਚ ਅਹਿਮ ਸਾਬਤ ਹੋ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਟਰ ਵਹੀਕਲਜ਼ ਐਕਟ, 1988 ਦੀ ਧਾਰਾ 134A ਤਹਿਤ ਸੜਕ ਹਾਦਸੇ ਦੇ ਪੀੜਤਾਂ ਦੀ ਨੇਕ ਨੀਅਤ ਨਾਲ ਮਦਦ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਦਸਾ ਪੀੜਤ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਸਿਰਫ਼ ਇਸ ਕਾਰਨ ਪੁਲਿਸ ਥਾਣੇ, ਹਸਪਤਾਲ ਜਾਂ ਸਰਕਾਰੀ ਦਫ਼ਤਰ ਦੇ ਬੇਲੋੜੇ ਚੱਕਰ ਨਹੀਂ ਲਗਾਉਣੇ ਪੈਣਗੇ। ਜਿੱਥੇ ਕਾਨੂੰਨੀ ਤੌਰ ’ਤੇ ਰਾਹ-ਵੀਰ ਦੀ ਮੌਜੂਦਗੀ ਜਾਂ ਬਿਆਨ ਜ਼ਰੂਰੀ ਹੋਵੇ, ਉੱਥੇ ਵੀ ਕਾਰਵਾਈ ਨਿਰਪੱਖ ਅਤੇ ਵਾਜਬ ਢੰਗ ਨਾਲ ਕੀਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ’ਤੇ ਹਾਦਸਾ ਵਾਪਰਨ ਦੀ ਸੂਰਤ ਵਿੱਚ ਤਮਾਸ਼ਬੀਨ ਬਣਨ ਦੀ ਬਜਾਏ ਮਨੁੱਖਤਾ ਦੇ ਨਾਤੇ ਪੀੜਤ ਦੀ ਸਹਾਇਤਾ ਲਈ ਅੱਗੇ ਆਉਣ।
ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਰਾਹ-ਵੀਰਾਂ ਸਬੰਧੀ ਜਾਗਰੂਕਤਾ ਨੂੰ ਹੋਰ ਵਿਆਪਕ ਬਣਾਉਣ ਲਈ ਕਿਹਾ, ਤਾਂ ਜੋ ਵੱਧ ਤੋਂ ਵੱਧ ਲੋਕ ਹਾਦਸਾ ਪੀੜਤਾਂ ਦੀ ਤੁਰੰਤ ਸਹਾਇਤਾ ਕਰਨ ਲਈ ਪ੍ਰੇਰਿਤ ਹੋਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਦੇ ਹੋਰ ਪਹਿਲੂਆਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਪੀ.ਡਬਲਿਯੂ.ਡੀ. ਅਤੇ ਸਬੰਧਤ ਵਿਭਾਗਾਂ ਨੂੰ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕਰਕੇ ਲੋੜ ਅਨੁਸਾਰ ਸਾਈਨ ਬੋਰਡ, ਲਾਈਟਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਸਕੂਲਾਂ ਵਿੱਚ ਰੋਡ ਸੇਫਟੀ ਸਬੰਧੀ ਜਾਗਰੂਕਤਾ ਕਲਾਸਾਂ ਲਗਾਉਣ, ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਕੂਲ ਵੈਨਾਂ ਸਮੇਤ ਭਾਰੀ ਵਾਹਨਾਂ ਦੀ ਜਾਂਚ ਦੌਰਾਨ ਰਿਫਲੈਕਟਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ।
- Download Babushahi App
-
-