ਦੋ ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਕੱਢੇ ਡੀਸੀ ਕੰਪਲੈਕਸ ਦੀ ਲਿਫ਼ਟ ’ਚ ਫਸੇ 3 ਮੁਲਾਜ਼ਮ
ਬਰਨਾਲਾ, 29 ਸਤੰਬਰ 2026:ਬਰਨਾਲਾ ਡੀਸੀ ਦਫ਼ਤਰ ਦੀ ਇੱਕ ਲਿਫ਼ਟ 'ਚ ਅਚਾਨਕ ਆਈ ਤਕਨੀਕੀ ਖ਼ਰਾਬੀ ਕਰਕੇ ਰੁਕਣ ਕਾਰਨ ਤਿੰਨ ਮੁਲਾਜ਼ਮ ਅੰਦਰ ਹੀ ਫਸ ਗਏ। ਜਿਨ੍ਹਾਂ ਨੂੰ ਕਰੀਬ ਡੇਢ ਦੋ ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਵੱਡਾ ਹਾਦਸੇ ਤੋਂ ਬਚਾਅ ਹੋ ਗਿਆ। ਵੇਰਵੇ ਅਨੁਸਾਰ ਫਸੇ ਤਿੰਨੇ ਕਰਮਚਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਲਿਫ਼ਟ ਰਾਹੀਂ ਆਪਣੇ ਦਫ਼ਤਰ ਜਾਂ ਵਿਭਾਗੀ ਕੰਮਾਂ 'ਤੇ ਜਾ ਰਹੇ ਸਨ ਤਾਂ ਲਿਫ਼ਟ ਅਚਾਨਕ ਦੋ ਮੰਜ਼ਿਲਾਂ ਦੇ ਵਿਚਕਾਰ ਹੀ ਜਾ ਕੇ ਜਾਮ ਹੋ ਗਈ। ਕਰਮਚਾਰੀਆਂ ਵਲੋਂ ਅੰਦਰੋਂ ਲਿਫ਼ਟ ਖੋਲ੍ਹਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਭ ਅਸਫ਼ਲ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਹਰਪ੍ਰੀਤ ਸਿੰਘ ਤੇ ਐੱਸ ਐੱਸ ਪੀ ਮੁਹੰਮਦ ਸਰਫਰਾਜ ਆਲਮ ਤੁਰੰਤ ਮੌਕੇ ’ਤੇ ਪਹੁੰਚੇ। ਲਿਫ਼ਟ ’ਚ ਫਸੇ ਮੁਲਾਜ਼ਮਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਤਕਨੀਕੀ ਮਾਹਿਰਾਂ, ਫਾਇਰ ਬ੍ਰਿਗੇਡ ਦੀ ਟੀਮ ਤੇ ਮਕੈਨਿਕਾਂ ਨੇ ਸਾਂਝੇ ਤੌਰ ’ਤੇ ਜੱਦੋ-ਜਹਿਦ ਸ਼ੁਰੂ ਕੀਤੀ।ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਲਿਫ਼ਟ ਦੇ ਦਰਵਾਜ਼ਿਆਂ ਨੂੰ ਖੋਲ੍ਹ ਕੇ ਫਸੇ ਹੋਏ ਤਿੰਨਾਂ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਸਭਨਾਂ ਨੂੰ ਸੁੱਖ ਦਾ ਸਾਹ ਲਿਆ। ਡਾਕਟਰਾਂ ਦੀ ਮੈਡੀਕਲ ਟੀਮ ਨੇ ਤੁਰੰਤ ਤਿੰਨਾਂ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਕੀਤੀ, ਖ਼ਤਰੇ ਤੋਂ ਬਾਹਰ ਪਾਏ ਗਏ।ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਲਿਫ਼ਟ ਦੀ ਸੁਰੱਖਿਆ ਤੇ ਰੱਖ-ਰਖਾਅ ਨੂੰ ਲੈ ਕੇ ਜ਼ਰੂਰ ਖੜ੍ਹੇ ਹੋ ਗਏ ਹਨ।
- Download Babushahi App
-
-