ਗੈਂਗਸਟਰ ਗੋਲਡੀ ਬਰਾੜ ਅਮਰੀਕਾ ਦੀ FBI ਦੀ ਟੌਪ 10 ਮੋਸਟ ਵਾਂਟੇਡ ਸੂਚੀ 'ਚ ਸ਼ਾਮਲ, 10 ਲੱਖ ਡਾਲਰ ਦੇ ਇਨਾਮ ਦਾ ਐਲਾਨ
ਵਾਸ਼ਿੰਗਟਨ/ਨਵੀਂ ਦਿੱਲੀ, 29 ਸਤੰਬਰ, 2026: ਅਮਰੀਕੀ ਸੰਘੀ ਜਾਂਚ ਬਿਊਰੋ (FBI) ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ 'ਟੌਪ 10 ਮੋਸਟ ਵਾਂਟੇਡ' (Top 10 Most Wanted) ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਐਫਬੀਆਈ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ (ਲਗਭਗ 10 ਕਰੋੜ ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਐਫਬੀਆਈ ਮੁਤਾਬਕ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਹਿੰਸਕ ਗਤੀਵਿਧੀਆਂ, ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਦੇ ਕਤਲਾਂ, ਅਗਵਾ, ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਗੋਲਡੀ ਬਰਾੜ ਉੱਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵੀ ਹਨ, ਜਿਸ ਸਬੰਧੀ ਅਮਰੀਕੀ ਅਦਾਲਤ ਵੱਲੋਂ ਜੁਲਾਈ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਇਹ ਕਾਰਵਾਈ ਅਮਰੀਕਾ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਹਾਰਡਬਾਲ' (Operation Hardball) ਦੇ ਤਹਿਤ ਕੀਤੀ ਗਈ ਹੈ, ਜਿਸ ਦਾ ਮਕਸਦ ਅੰਤਰਰਾਸ਼ਟਰੀ ਅਪਰਾਧਿਕ ਗੈਂਗਾਂ 'ਤੇ ਸ਼ਿਕੰਜਾ ਕੱਸਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਵੀ ਉਸ ਨੂੰ ਪਹਿਲਾਂ ਹੀ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ।
- Download Babushahi App
-
-