ਫਤਿਹਗੜ੍ਹ ਸਾਹਿਬ ਨੇ ਪਟਿਆਲਾ ਨੂੰ ਹਰਾ ਕੇ ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਲੜਕੀਆਂ ਦਾ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਐੱਸ.ਬੀ.ਐੱਸ. ਨਗਰ ਵਿਖੇ ਹੋਇਆ ਰਾਜ ਪੱਧਰੀ ਮੁਕਾਬਲਾ ਸਫਲਤਾਪੂਰਵਕ ਸੰਪੰਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਸਤੰਬਰ, 2026
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਅੰਡਰ-19 ਲੜਕੀਆਂ ਦਾ ਰਾਜ ਪੱਧਰੀ ਟੂਰਨਾਮੈਂਟ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਫਾਈਨਲ ਮੁਕਾਬਲੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਜ਼ਿਲ੍ਹਾ ਪਟਿਆਲਾ ਨੂੰ ਮਾਤ ਦੇ ਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਇਹ ਰਾਜ ਪੱਧਰੀ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲਖਵੀਰ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਸੋਹਣ ਲਾਲ ਢੰਡਾ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਰੀਬ 3500 ਪਿੰਡਾਂ ਵਿੱਚ ਖੇਡ ਮੈਦਾਨਾਂ ਦੇ ਨਵੀਨੀਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਸਕੂਲੀ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ ਅਤੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਮੈਦਾਨ ਵਿੱਚ ਮਿਲਣ ਵਾਲਾ ਅਨੁਸ਼ਾਸਨ, ਹੌਸਲਾ ਅਤੇ ਟੀਮ ਭਾਵਨਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਰਮਾਣ ਵਿੱਚ ਲੰਮੇ ਸਮੇਂ ਤੱਕ ਯੋਗਦਾਨ ਪਾਉਂਦੀ ਹੈ।
ਉਨ੍ਹਾਂ ਬਾਹਰੋਂ ਆਈਆਂ ਟੀਮਾਂ, ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਪੂਰੇ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਸਹਿਯੋਗ ਦੇ ਕੇ ਟੂਰਨਾਮੈਂਟ ਨੂੰ ਸਫਲ ਬਣਾਇਆ।
ਫਤਿਹਗੜ੍ਹ ਸਾਹਿਬ ਦੀ ਸ਼ਾਨਦਾਰ ਜਿੱਤ
ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਰੂਪਨਗਰ ਨੂੰ, ਜਦਕਿ ਫਤਿਹਗੜ੍ਹ ਸਾਹਿਬ ਨੇ ਬਠਿੰਡਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਵਿੱਚ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਟਿਆਲਾ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ।
ਇਸ ਮੌਕੇ ਸਟੇਟ ਵੱਲੋਂ ਲੈਕਚਰਾਰ ਮਨਦੀਪ ਸਿੰਘ ਲੁਧਿਆਣਾ (ਆਬਜ਼ਰਵਰ), ਸਰਬਜੀਤ ਕੌਰ ਡੀ.ਪੀ.ਈ. ਫਰੀਦਕੋਟ, ਸਤਨਾਮ ਦਾਸ ਸੰਗਰੂਰ, ਕੁਲਦੀਪ ਸਿੰਘ ਮਾਨਸਾ, ਭੁਪਿੰਦਰ ਸਿੰਘ ਲੁਧਿਆਣਾ, ਦਵਿੰਦਰ ਸਿੰਘ ਪਟਿਆਲਾ ਅਤੇ ਮਨਦੀਪ ਕੌਰ ਕਪੂਰਥਲਾ ਬਤੌਰ ਅਧਿਕਾਰੀ-ਕਮ-ਸਿਲੈਕਟਰ ਹਾਜ਼ਰ ਸਨ। ਇਨ੍ਹਾਂ ਵੱਲੋਂ ਰਾਸ਼ਟਰੀ ਕੈਂਪ ਲਈ ਯੋਗ ਖਿਡਾਰੀਆਂ ਦੀ ਚੋਣ ਵੀ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ, ਡੀ.ਟੀ.ਸੀ. ਦੇ ਜਨਰਲ ਸਕੱਤਰ ਅਮਰਜੀਤ ਸਿੰਘ ਖਟਕੜ, ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਦਿਨੇਸ਼ ਗੌਤਮ, ਸੰਜੀਵ ਕੁਮਾਰ, ਹੈੱਡਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ, ਕਰਮਜੀਤ ਕੌਰ ਡੀ.ਪੀ.ਈ., ਲੈਕਚਰਾਰ ਸਰਬਜੀਤ ਕੌਰ, ਲੈਕਚਰਾਰ ਬਲਦੇਵ ਰਾਜ, ਕਿਰਨ ਬਾਲਾ, ਬਲਜੀਤ ਕੁਮਾਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ, ਗੁਰਜੀਤ ਕੌਰ, ਰਾਜਵੀਰ ਮੌਰ, ਪੂਨਮ ਰਾਣੀ, ਜਸਵਿੰਦਰ ਕੌਰ, ਰਜਿੰਦਰ ਸਿੰਘ ਗਿੱਲ, ਹੈੱਡਮਾਸਟਰ ਅਮਰਪ੍ਰੀਤ ਸਿੰਘ ਜੌਹਰ, ਪੁਸ਼ਪਿੰਦਰ ਕੌਰ, ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ, ਦੇਸ ਰਾਜ, ਜਗਸ਼ੀਰ ਸਿੰਘ, ਜਸਕਰਨ ਸਿੰਘ, ਅਵਤਾਰ ਸਿੰਘ, ਪ੍ਰਮੋਦ ਕੁਮਾਰ, ਹੈੱਡਮਾਸਟਰ ਗੁਰਨੇਕ ਸਿੰਘ, ਨਵਦੀਪ ਕੁਮਾਰ ਡੀ.ਪੀ.ਈ., ਬਲਵੀਰ ਸਿੰਘ ਮੀਲੂ, ਸੁਨੀਤਾ ਠਾਕੁਰ, ਹਰਮੇਸ਼ ਲਾਲ ਪੀ.ਟੀ.ਆਈ. ਬੰਗਾ, ਮੱਖਣ ਸਿੰਘ ਬਖਲੌਰ, ਬਲਦੇਵ ਸਿੰਘ ਮੈਨੇਜਰ, ਨੀਰਜ ਵਸ਼ਿਸ਼ਟ, ਰਾਜਵੀਰ ਕੌਰ, ਗੁਰਦੀਪ ਸਿੰਘ ਅਤੇ ਕਪਿਲ ਦੁੱਗਲ ਸਮੇਤ ਵੱਡੀ ਗਿਣਤੀ ਵਿੱਚ ਡੀ.ਪੀ.ਈ., ਪੀ.ਟੀ.ਆਈ., ਅਧਿਕਾਰੀ, ਅਧਿਆਪਕ ਅਤੇ ਨਗਰ ਨਿਵਾਸੀ ਹਾਜ਼ਰ ਸਨ।
- Download Babushahi App
-
-