ਏਸੀ ਦੇ ਆਊਟਡੋਰ ਯੂਨਿਟਾਂ ਚੋਂ ਤਾਂਬੇ ਦੀਆਂ ਪਾਈਪਾਂ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 26 ਸਤੰਬਰ 2026 : ਥਾਣਾ ਕੋਤਵਾਲੀ ਪੁਲਿਸ ਨੇ ਬਠਿੰਡਾ ਵਿੱਚ ਦੁਕਾਨਾਂ ਦੀਆਂ ਛੱਤਾਂ ’ਤੇ ਲੱਗੇ AC ਦੇ ਆਊਟਡੋਰ ਯੂਨਿਟਾਂ ਤੋਂ ਤਾਂਬੇ ਦੀਆਂ ਪਾਈਪਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮਾਮਲਿਆਂ ਦੀ ਜਾਂਚ ਤੋਂ ਬਾਅਦ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਸੈਡੀ ਪਾਲ ਉਰਫ਼ ਸੱਨੀ, ਜਤਿੰਦਰ ਕੁਮਾਰ, ਬਲਵੀਰ ਉਰਫ਼ ਬਿੱਲਾ, ਸੁਰੇਸ਼ ਕੁਮਾਰ ਅਤੇ ਰਾਮ ਸਿਵਾਏ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 213 ਗ੍ਰਾਮ ਤਾਂਬੇ ਦੀ ਪਾਈਪ ਅਤੇ ਇੱਕ ਸਾਈਕਲ ਰੇਹੜੀ ਬਰਾਮਦ ਕੀਤੀ ਹੈ।ਥਾਣਾ ਕੋਤਵਾਲੀ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਅਨੁਸਾਰ, ਮੁਲਜ਼ਮ ਰਾਤ ਸਮੇਂ ਦੁਕਾਨਾਂ ਦੀਆਂ ਛੱਤਾਂ ’ਤੇ ਪਹੁੰਚਦੇ ਸਨ ਅਤੇ AC ਦੇ ਆਊਟਡੋਰ ਯੂਨਿਟਾਂ ਵਿੱਚੋਂ ਤਾਂਬੇ ਦੀਆਂ ਪਾਈਪਾਂ ਕੱਟ ਕੇ ਚੋਰੀ ਕਰ ਲੈਂਦੇ ਸਨ। ਉਨ੍ਹਾਂ ਨੇ ਨਿਊ ਸੁਭਾਸ਼ ਮਾਰਕੀਟ ਅਤੇ ਸੰਤਪੁਰਾ ਰੋਡ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਸੀ।
ਨਿਊ ਸੁਭਾਸ਼ ਮਾਰਕੀਟ ਵਿੱਚ ਮੋਬਾਈਲ ਰਿਪੇਅਰ ਦੁਕਾਨ ਦੇ ਸੰਚਾਲਕ ਵਿਸ਼ਾਲਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ 6 ਅਤੇ 7 ਸਤੰਬਰ ਦੀ ਅੱਧੀ ਰਾਤ ਨੂੰ ਉਨ੍ਹਾਂ ਦੀ ਦੁਕਾਨ ਦੀ ਛੱਤ ’ਤੇ ਲੱਗੇ ਬਲੂ ਸਟਾਰ ਏਸੀ ਦੀ ਕਾਪਰ ਪਾਈਪ ਚੋਰੀ ਕਰ ਲਈ ਗਈ। ਜਾਂਚ ਦੌਰਾਨ ਦੁਕਾਨ ਨੰਬਰ 42, 45 ਅਤੇ 36 ਦੇ ਏਸੀ ਆਊਟਡੋਰ ਯੂਨਿਟਾਂ ਤੋਂ ਵੀ ਪਾਈਪ ਚੋਰੀ ਹੋਣ ਦੀ ਗੱਲ ਸਾਹਮਣੇ ਆਈ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਵੱਖ-ਵੱਖ ਕੇਸ ਦਰਜ ਕੀਤੇ।ਦੂਜੀ ਵਾਰਦਾਤ ਸੰਤਪੁਰਾ ਰੋਡ ਸਥਿਤ ਸ਼ਿਵ ਟ੍ਰੇਡਿੰਗ ਕੰਪਨੀ ਵਿੱਚ ਹੋਈ। ਸੰਚਾਲਕ ਰਿਸ਼ੂ ਨੇ ਦੱਸਿਆ ਕਿ 16 ਅਤੇ 17 ਸਤੰਬਰ ਦੀ ਰਾਤ ਦੁਕਾਨ ਦੀ ਛੱਤ ’ਤੇ ਲੱਗੇ ਐਲਜੀ ਏਸੀ ਦੀ ਕਾਪਰ ਪਾਈਪ ਕੱਟ ਕੇ ਚੋਰੀ ਕਰ ਲਈ ਗਈ। ਇਸ ਮਾਮਲੇ ਵਿੱਚ ਵੀ ਪੁਲਿਸ ਨੇ ਕੇਸ ਦਰਜ ਕੀਤਾ ਸੀ।
ਮਾਮਲੇ ਦੀ ਤਫਤੀਸ਼ ਦੌਰਾਨ ਪੁਲਿਸ ਨੇ ਸੈਡੀ ਪਾਲ, ਜਤਿੰਦਰ ਅਤੇ ਬਲਵੀਰ ਨੂੰ ਨਾਮਜ਼ਦ ਕਰਕੇ 24 ਅਤੇ 25 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਅੱਗੇ ਵਧਣ ’ਤੇ ਸੁਰੇਸ਼ ਕੁਮਾਰ ਅਤੇ ਰਾਮ ਸਿਵਾਰਥ ਦੀ ਭੂਮਿਕਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ, ਜਤਿੰਦਰ ਖ਼ਿਲਾਫ਼ ਪਹਿਲਾਂ ਤੋਂ ਚੋਰੀ ਦੇ ਦੋ ਮਾਮਲੇ ਦਰਜ ਹਨ। ਥਾਣਾ ਕੋਤਵਾਲੀ ਪੁਲਿਸ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਹੁਣ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾ ਰਹੀ ਹੈ ਕਿ ਚੋਰੀ ਦੀ ਕਾਪਰ ਪਾਈਪ ਕਿੱਥੇ ਵੇਚੀ ਜਾਂਦੀ ਸੀ ਅਤੇ ਇਸ ਨੈੱਟਵਰਕ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਹੈ ਜਾਂ ਨਹੀਂ। ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ।
- Download Babushahi App
-
-