Political Special-ਪੰਜਾਬ ਦੀ ‘ਸਿਆਸੀ ਮੁੱਛ’ ’ਤੇ ਸੱਤਾ ਦੇ ਨਿੰਬੂ ਟਿਕਾਉਂਦੇ ਹਨ ਮਲਵਈ
ਅਸ਼ੋਕ ਵਰਮਾ
ਬਠਿੰਡਾ , 23 ਸਤੰਬਰ 2026: ਪੰਜਾਬ ਦੀ ਰਾਜਨੀਤੀ ’ਚ ਹਮੇਸ਼ਾ ਮਲਵਈਆਂ ਦਾ ਅਹਿਮ ਸਥਾਨ ਰਿਹਾ ਹੈ ਜਿਸ ਦਾ ਕਾਰਨ 117 ਵਿਧਾਨ ਸਭਾ ਹਲਕਿਆਂ ਚੋਂ 69 ਹਲਕੇ ਇਕੱਲੇ ਮਾਲਵੇ ’ਚ ਪੈਂਦੇ ਹਨ। ਮਾਲਵਾ ਚੋਂ ਉੱਠੀ ਸਿਆਸੀ ਲਹਿਰ ਹੀ ਤੈਅ ਕਰਦੀ ਹੈ ਕਿ ਪੰਜਾਬ ਦੀ ਸੱਤਾ ’ਤੇ ਕੌਣ ਬਿਰਾਜਮਾਨ ਹੋਣ ਜਾ ਰਿਹਾ ਹੈ। ਰਤਾ ਪਿਛੋਕੜ ’ਚ ਜਾਈਏ ਤਾਂ ਸਾਹਮਣੇ ਆਉਂਦਾ ਹੈ ਕਿ ਹੁਣ ਤੱਕ ਚੱਲੇ ਤਮਾਮ ਸਿਆਸੀ ਅਤੇ ਕਿਸਾਨ ਅੰਦੋਲਨਾਂ ਦੌਰਾਨ ਮਾਲਵੇ ਨੇ ਸਦਾ ਹੀ ਆਪਣੀ ਜਬਰਦਸਤ ਮੌਜੂਦਗੀ ਦਰਜ ਕਰਵਾਈ ਹੈ। ਸੂਬੇ ਦੇ ਵੱਡੇ ਸਿਆਸੀ ਨੇਤਾ ਅਤੇ ਪ੍ਰਮੁੱਖ ਕਿਸਾਨ ਜੱਥੇਬੰਦੀਆਂ ਵੀ ਮਾਲਵਾ ਪੱਟੀ ਦੀ ਜਰਖੇਜ ਮਿੱਟੀ ਨਾਲ ਜੁੜੀਆਂ ਹੋਈਆਂ ਹਨ। ਇਹੋ ਵਜ੍ਹਾ ਹੈ ਕਿ ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜਿਆਂ ਦੀ ਰੌਸ਼ਨੀ ’ਚ ਮਿਸ਼ਨ 2027 ਨੂੰ ਫਤਿਹ ਕਰਨ ਸੂਬੇ ਦੀਆਂ ਸਮੂਹ ਸਿਆਸੀ ਧਿਰਾਂ ਨੇ ਮਾਲਵੇ ’ਤੇ ਆਪਣਾ ਫੋਕਸ ਕੀਤਾ ਹੋਇਆ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਿਆਸੀ ਆਗੂ ਸਮਝਦੇ ਹਨ ਕਿ ਰਾਜਨੀਤੀ ’ਚ ਮਾਲਵਾ ਕੀ ‘ਚੀਜ਼’ ਹੈ। ਹਾਲਾਂਕਿ ਮਲਵਈਆਂ ਬਾਰੇ ਚਰਚਿਤ ਹੈ ਕਿ ਉਨ੍ਹਾਂ ਦਾ ਸਿਆਸੀ ਮਿਜਾਜ ਸਮਝਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਜਿੰਨ੍ਹਾਂ ਨੇ ਵਕਤ ਦਰ ਵਕਤ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੂੰ ਮੌਕਾ ਦਿੱਤਾ ਅਤੇ ਸੱਤਾ ਤਬਦੀਲੀ ’ਚ ਹੈਰਾਨ ਕਰਨ ਵਾਲੇ ਨਤੀਜੇ ਦਿੱਤੇ ਹਨ। ਇਸ ਸਬੰਧੀ 2007 ਦੀਆਂ ਵਿਧਾਨ ਸਭਾ ਚੋਣਾਂ ਮਿਸਾਲ ਵਜੋਂ ਦੇਖੀਆਂ ਜਾ ਸਕਦੀਆਂ ਹਨ ਜਦੋਂ ਅਫਸਰਸ਼ਾਹੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਮਾਂ ਠੋਕਣ ਲੱਗ ਪਈ ਸੀ ਅਤੇ ਅਕਾਲੀ ਆਗੂ ਵੀ ਘਰੋ ਘਰੀ ਪਰਤੇ ਆਏ ਸਨ ਪਰ ਸੱਤਾ ਦੀ ਚਾਬੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆ ਗਈ ਸੀ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਨਤੀਜਿਆਂ ਦੀ ਪੁਣਛਾਣ ਕਰੀਏ ਤਾਂ ਇਹੀ ਤੱਥ ਸਾਹਮਣੇ ਆਉਂਦੇ ਹਨ ਕਿ ਸੂਬੇ ਦੀ ਸੱਤਾ ’ਚ ਮਾਲਵੇ ਦੀ ਹਮੇਸ਼ਾ ਸਿਰਮੌਰਤਾ ਰਹੀ ਹੈ।
ਸਾਲ 2002 ਦੌਰਾਨ ਮਾਲਵੇ ਚੋਂ ਕਾਂਗਰਸ ਨੇ 29 ਸੀਟਾਂ ਜਿੱਤੀਆਂ ਸਨ ਜਦੋਂਕਿ ਅਕਾਲੀ ਦਲ 27 ਹਲਕਿਆਂ ’ਚ ਜਿੱਤਿਆ ਸੀ। ਸਾਲ 2007 ’ਚ ਕਾਂਗਰਸ ਪਾਰਟੀ ਨੇ 37 ਹਲਕਿਆਂ ’ਚ ਜਿੱਤ ਦਰਜ ਕੀਤੀ ਸੀ ਅਤੇ ਅਕਾਲੀ ਦਲ ਨੂੰ 19 ਸੀਟਾਂ ਪ੍ਰਾਪਤ ਹੋਈਆਂ ਸਨ। ਯਾਦ ਰਹੇ ਕਿ ਮਾਲਵੇ ਦੇ ਤਕਰੀਬਨ ਸਮੂਹ ਵਿਧਾਨ ਸਭਾ ਹਲਕਿਆਂ ’ਚ ਪ੍ਰਭਾਵ ਰੱਖਣ ਵਾਲੇ ਡੇਰਾ ਸੱਚਾ ਸੌਦਾ ਸਿਰਸਾ ਨੇ ਇਸ ਮੌਕੇ ਆਪਣਾ ਸਿਆਸੀ ਵਿੰਗ ਬਣਾਕੇ ਕਾਂਗਰਸ ਨੂੰ ਨੰਗੀ ਚਿੱਟੀ ਹਮਾਇਤ ਦਿੱਤੀ ਸੀ। ਕਾਂਗਰਸ ਦੀ ਮਾਲਵੇ ’ਚ ਵੱਡੀ ਜਿੱਤ ਪਿੱੱਛੇ ਡੇਰਾ ਪੈਰੋਕਾਰਾਂ ਦਾ ਵੱਡਾ ਹੱਥ ਸੀ ਜਿੰਨ੍ਹਾਂ ਨੇ ਪੋÇਲੰਗ ਬੂਥਾਂ ’ਤੇ ਕੱਲੀ ਕੱਲੀ ਵੋਟ ਭੁਗਤਾਈ ਸੀ। ਇਹ ਵੱਖਰੀ ਗੱਲ ਹੈ ਕਿ 2007 ’ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਗਈ ਜਿਸ ਦੇ ਚੱਲਦਿਆਂ ਖੁਦਕਸ਼ੀ ਦੇ ਦੋ ਗੰਭੀਰ ਮਾਮਲਿਆਂ ਸਮੇਤ ਡੇਰਾ ਸਿਰਸਾ ਦੇ ਸ਼ਰਧਾਲੂਆਂ ਨੂੰ ਸੱਤਾ ਦਾ ਕਹਿਰ ਹੰਢਾਉਣਾ ਪਿਆ ਸੀ।
ਸਾਲ 2012 ’ਚ ਤਸਵੀਰ ਬਦਲੀ ਅਤੇ ਸ਼੍ਰੋਮਣੀ ਅਕਾਲੀ ਦਲ 34 ਹਲਕਿਆਂ ਚੋਂ ਜਿੱਤ ਜਦੋਂਕਿ ਕਾਂਗਰਸ 31 ਸੀਟਾਂ ਜਿੱਤੀ ਸੀ। ਸਾਲ 2017 ’ਚ ਵਾਪਿਸੀ ਕਰਦਿਆਂ ਕਾਂਗਰਸ ਨੇ ਮਾਲਵੇ ਚੋਂ 40 ਸੀਟਾਂ ਜਿੱਤ ਲਈਆਂ ਸਨ ਜਦੋਂਕਿ ਅਕਾਲੀ ਦਲ ਮਹਿਜ਼ 8 ਹਲਕਿਆਂ ’ਤੇ ਸਿਮਟ ਗਿਆ ਸੀ। ਇੰਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇਸ ਖਿੱਤੇ ’ਚ ਜਬਰਦਸਤ ਦਸਤਕ ਦਿੰਦਿਆਂ 18 ਹਲਕਿਆਂ ’ਚ ਜਿੱਤ ਪ੍ਰਾਪਤ ਕੀਤੀ ਸੀ। ਮਾਲਵੇ ਨੇ 2022 ’ਚ ਆਮ ਆਦਮੀ ਪਾਰਟੀ ਨੂੰ ਲਾਮਿਸਾਲ ਫਤਵਾ ਦਿੱਤਾ ਅਤੇ 68 ਚੋਂ 66 ਹਲਕਿਆਂ ਵਿੱਚ ਵਿਰੋਧੀਆਂ ’ਤੇ ਝਾੜੂ ਚੱਲ ਗਿਆ ਸੀ ਜਦੋਂਕਿ ਕਾਂਗਰਸ ਨੂੰ ਦੋ ਅਤੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਾਲਵੇ ਦੇ ਵੋਟਰ ਮੁੱਦੇ ਅਤੇ ਮਹੌਲ ਦੇ ਅਧਾਰ ’ਤੇ ਫੈਸਲਾ ਕਰਦੇ ਹਨ ਜਿਸ ਕਰਕੇ ਮਾਲਵਾ ਕਦੇ ਕਿਸੇ ਇੱਕ ਧਿਰ ਦਾ ਨਹੀਂ ਹੋਇਆ ਹੈ।
ਮੁੱਖ ਧਿਰਾਂ ਦੇ ਪ੍ਰਧਾਨ ਮਾਲਵੇ ਤੋਂ
ਮਾਲਵਾ ਪੱਟੀ ਦੀ ਸਿਆਸੀ ਮਹੱਤਤਾ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੀਆਂ 4 ਪ੍ਰਮੁੱਖ ਸਿਆਸੀ ਪਾਰਟੀਆਂ ਦੇ ਪ੍ਰਧਾਨ ਮਾਲਵੇ ਚੋਂ ਹਨ। ਹਾਲਾਂਕਿ ਭਾਜਪਾ ਦੀ ਪ੍ਰਧਾਨਗੀ ਜਿਆਦਾਤਰ ਬਾਰ ਰਹੀ ਸੀ ਪਰ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਮਗਰੋਂ ਭਗਵਾ ਪਾਰਟੀ ਨੇ ਮੋੜਾ ਕੱਟਿਆ ਹੈ। ਕੁੱਝ ਸਮਾਂ ਪਹਿਲਾਂ ਤਾਂ ਭਾਜਪਾ ਨੇ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾਕੇ ਮਾਲਵੇ ਦੀ ਨਬਜ ਨੂੰ ਹੀ ਹੱਥ ਪਾ ਲਿਆ ਹੈ। ਸ਼ੋਮਣੀ ਅਕਾਲੀ ਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਮਾਲਵੇ ਨਾਲ ਸਬੰਧਤ ਹਨ।
ਡੇਰਿਆਂ ਦੀ ਅਹਿਮ ਭੂਮਿਕਾ
ਮਾਲਵੇ ਦੇ ਚੋਣ ਮੈਦਾਨ ’ਚ ਡੇਰਿਆਂ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ। ਡੇਰਾ ਸਿਰਸਾ ਦਾ ਪੰਜਾਬ ਵਿਚਲਾ ਹੈਡਕੁਆਟਰ ਮਾਲਵੇ ਦੇ ਸਲਾਬਤਪੁਰਾ ’ਚ ਹੈ । ਏਦਾਂ ਹੀ ਡੇਰਾ ਰਾਧਾ ਸੁਆਮੀ ਦੇ ਡੇਰੇ ਵੀ ਮਾਲਵੇ ਦੇ ਹਰ ਸ਼ਹਿਰ ’ਚ ਸਥਿਤ ਹਨ। ਇਸ ਤੋਂ ਇਲਾਵਾ ਨਿਰੰਕਾਰੀ ਮਿਸ਼ਨ ਅਤੇ ਹੋਰ ਵੀ ਕਈ ਡੇਰੇ ਹਨ ਜੋ ਚੋਣ ਸਰਗਰਮੀਆਂ ’ਚ ਸਿੱਧੇ ਜਾਂ ਅਸਿੱਧੇ ਰੂਪ ’ਚ ਭਾਗ ਲੈਂਦੇ ਹਨ।
ਮਾਲਵਾ 2027 ’ਚ ਮਹੱਤਵਪੂਰਨ
ਮਿਸ਼ਨ 2027 ਨੂੰ ਲੈ ਕੇ ਮਾਲਵਾ ਮੁੜ ਤੋਂ ਸਿਆਸੀ ਗਤੀਵਿਧੀਆਂ ਦੇ ਕੇਂਦਰ ’ਚ ਹੈ। ਪਾਰਟੀਆਂ ਵੱਲੋਂ ਆਪਣੀ ਸਥਿਤੀ ਜਾਨਣ ਲਈ ਸਰਵੇਖਣਾਂ ਦੀ ਝੜੀ ਲੱਗੀ ਹੋਈ ਹੈ। ਮਾਲਵੇ ਦੀਆਂ ਦੋ ਦਰਜਨ ਸੀਟਾਂ ਅਜਿਹੀਆਂ ਹਨ ਜਿੱਥੇ ਕਿਸਾਨੀ ਫੈਸਲਾਕੁੰਨ ਭੂਮਿਕਾ ਅਦਾ ਕਰਦੀ ਹੈ। ਸਾਲ 2022 ’ਚ ਜਿੰਨ੍ਹਾਂ ਇਲਾਕਿਆਂ ’ਚ ਆਮ ਆਦਮੀ ਪਾਰਟੀ ਦਾ ਦਬਦਬਾ ਸੀ ਉਨ੍ਹਾਂ ’ਚ ਆਪਣੀ ਗੁਆਚੀ ਸਿਆਸੀ ਜਮੀਨ ਵਾਪਿਸ ਲੈਣ ਲਈ ਅਕਾਲੀ ਦਲ ਅਤੇ ਕਾਂਗਰਸ ਪੱਬਾਂ ਭਾਰ ਹੈ। ਭਾਜਪਾ ਨੇ ਵੀ ਮਾਲਵੇ ’ਚ ਖੁਦ ਨੂੰ ਮਜਬੂਤ ਕਰਨ ਲਈ ਸਰਗਰਮੀਆਂ ਤੇਜ ਕੀਤੀਆਂ ਹੋਹੀਆਂ ਹਨ।
- Download Babushahi App
-
-