ਕੁੰਜੀਆਂ ਦਾ ਮਾਮਲਾ : ਢਿੱਲੋਂ ਨੇ ਰਾਜਪੂਤ ਭਾਈਚਾਰੇ ਨਾਲ ਇੱਕਜੁਟਤਾ ਪ੍ਰਗਟਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 24 ਸਤੰਬਰ 2026: ਨਗਰ ਕੌਂਸਲ ਲਾਲੜੂ ਵੱਲ਼ੋਂ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਦੀਆਂ ਕੁੰਜੀਆਂ ਮੰਗਣ ਦੇ ਮਾਮਲੇ ਵਿਚ ਰਾਜਪੂਤ ਭਾਈਚਾਰੇ ਦੀ ਹਮਾਇਤ ਵਿੱਚ ਆਉਂਦਿਆਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਉਕਤ ਫੈਸਲੇ ਨੂੰ ਗਲਤ ਗਰਦਾਨਦਿਆਂ ਨਗਰ ਕੌਂਸਲ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਇਸ ਭਵਨ ਦੀ ਸ਼ੁਰੂਆਤ ਮੌਕੇ ਆਈਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂੰ ਹਨ ਤੇ ਇਸ ਭਵਨ ਦੇ ਹੋਂਦ ਵਿੱਚ ਆਉਣ ਵਿਚ ਸਿਰਫ ਤੇ ਸਿਰਫ ਰਾਜਪੂਤ ਭਾਈਚਾਰੇ ਦਾ ਰੋਲ ਹੈ । ਇਸ ਲਈ ਇਸ ਭਵਨ ਉਤੇ ਪਹਿਲਾਂ ਤੇ ਆਖਰੀ ਹੱਕ ਸਿਰਫ਼ ਰਾਜਪੂਤ ਸਮਾਜ ਦਾ ਹੀ ਹੈ । ਉਨ੍ਹਾਂ ਕਿਹਾ ਕਿ ਭਾਵੇਂ ਇਸ ਭਵਨ ਦੀ ਉਸਾਰੀ ਵਿਚ ਉਨ੍ਹਾਂ ਦੇ ਕਹਿਣ ਉਤੇ ਕਾਂਗਰਸ ਪਾਰਟੀ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਵੱਡੀ ਮਦਦ ਕੀਤੀ ਸੀ ਪਰ ਫਿਰ ਵੀ ਇਹ ਸਭ ਕੁੱਝ ਉਸ ਸਮੇਂ ਦੇ ਆਗੂਆਂ ਦਾ ਫਰਜ਼ ਸੀ , ਕਿਉਂਕਿ ਇਸ ਤੋਂ ਪਹਿਲਾਂ ਹੀ ਰਾਜਪੂਤ ਭਾਈਚਾਰਾ ਇਸ ਭਵਨ ਨੂੰ ਬਣਾਉਣ ਦਾ ਫ਼ੈਸਲਾ ਲੈ ਚੁੱਕਾ ਸੀ ਤੇ ਇਸ ਭਵਨ ਵਿੱਚ ਰਾਜਪੂਤ ਭਾਈਚਾਰੇ ਦੇ ਮੋਹਤਬਰਾਂ ਨੇ ਆਪਣੇ ਬਜ਼ੁਰਗਾਂ ਦੇ ਨਾਂਅ ਉਤੇ ਕਮਰੇ ਵੀ ਬਣਵਾਏ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤੇ ਕੌਂਸਲ ਰਹਿਣ ਦੇ ਬਾਵਜੂਦ ਉਨ੍ਹਾਂ ਕਦੇ ਵੀ ਇਸ ਭਵਨ ਉਤੇ ਅਧਿਕਾਰ ਨਹੀਂ ਜਮਾਇਆ ਜਦਕਿ ਹੁਣ ਵਾਲੀ ਕੌਂਸਲ ਅੱਧਾ-ਅਧੂਰਾ ਭਵਨ ਬਣਾ ਕੇ ਭਵਨ ਦੀ ਮਾਲਕ ਬਨਣ ਤੁਰੀ ਹੈ । ਸ੍ਰ.ਢਿਲੋਂ ਨੇ ਸਪੱਸ਼ਟ ਕਿਹਾ ਕਿ ਇਹ ਭਵਨ ਪੂਰੀ ਤਰ੍ਹਾਂ ਰਾਜਪੂਤ ਭਾਈਚਾਰੇ ਦੀ ਅਮਾਨਤ ਤੇ ਸ਼ਾਨ ਦਾ ਪ੍ਰਤੀਕ ਹੈ ਤੇ ਉਹ ਹੁਣ ਵੀ ਪੂਰੀ ਤਰ੍ਹਾਂ ਰਾਜਪੂਤ ਭਾਈਚਾਰੇ ਨਾਲ ਹਨ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਰਾਜਪੂਤ ਭਾਈਚਾਰੇ ਵਾਲੇ ਉਨ੍ਹਾਂ ਦੀ ਜਿੱਥੇ ਵੀ ਜਿਸ ਤਰ੍ਹਾਂ ਦੀ ਡਿਊਟੀ ਲਾਉਣਗੇ,ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ।
- Download Babushahi App
-
-