ਸਾਂਝੇ ਮਜ਼ਦੂਰ ਮੋਰਚੇ ਵੱਲੋਂ ਤੂਰਵਣਜਾਰਾ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ 'ਤੇ ਕੇਸ ਦਰਜ ਕਰਨ ਦੀ ਮੰਗ
* ਮਜ਼ਦੂਰ ਆਗੂਆਂ 'ਤੇ ਸਿਆਸੀ ਲੀਡਰਾਂ ਵੱਲੋਂ ਦੂਸ਼ਣਬਾਜ਼ੀ ਦੀ ਨਿੰਦਾ
* ਮਜ਼ਦੂਰ ਆਗੂਆਂ ਵੱਲੋਂ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਅਸੋ਼ੋਕ ਵਰਮਾ
ਚੰਡੀਗੜ੍ਹ,14 ਸਤੰਬਰ 2026: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਸੰਗਰੂਰ ਦੇ ਪਿੰਡ ਤੂਰਵਣਜਾਰਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ੇ ਦੀ ਵਧ ਰਹੀ ਸਮੱਸਿਆ ਬਾਬਤ ਸਵਾਲ ਕਰਨ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਵਿੱਤ ਮੰਤਰੀ ਦੇ ਇਸ਼ਾਰੇ 'ਤੇ ਆਪ ਪਾਰਟੀ ਦੇ ਸਰਪੰਚ ਤੇ ਪੁਲਿਸ ਵੱਲੋਂ ਤੰਗ ਪ੍ਰੇਸਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਚ ਮਿਰਤਕ ਦੇ ਬਿਆਨਾਂ ਦੇ ਆਧਾਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁਕੱਦਮਾ ਦਰਜ ਕਰਨ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਤੇ ਨੌਕਰੀ ਦੇਣ ਤੋਂ ਇਲਾਵਾ ਐਸ ਸੀ ਐਸ ਟੀ ਐਕਟ ਤਹਿਤ ਮਿਲਦੀਆਂ ਸਾਰੀਆਂ ਸਹੂਲਤਾਂ ਤੁਰੰਤ ਦੇਣ ਦੀ ਮੰਗ ਕੀਤੀ ਹੈ।
ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ ,ਗੋਬਿੰਦ ਸਿੰਘ ਛਾਜਲੀ, ਦੇਵੀ ਕੁਮਾਰੀ ਸਰਹਾਲੀ ਕਲਾਂ, ਦਰਸ਼ਨ ਨਾਹਰ , ਕੁਲਵੰਤ ਸਿੰਘ ਸੇਲਵਰਾ ,ਮੁਕੇਸ਼ ਮਲੌਦ,ਤਰਸੇਮ ਪੀਟਰ ਤੇ ਚਮਕੌਰ ਸਿੰਘ ਖੇੜੀ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਆਪ ਸਰਕਾਰ 'ਤੇ ਪੁਲਿਸ ਨੇ ਜੱਗੋਂ ਤੇਰ੍ਹਵੀਂ ਕਰਦਿਆਂ ਮਿਰਤਕ ਗੁਲਜ਼ਾਰ ਸਿੰਘ ਦੀਆਂ ਅੰਤਿਮ ਰਸਮਾਂ ਵੀ ਨਹੀਂ ਕਰਨ ਦਿੱਤੀਆਂ ਅਤੇ ਲਾਸ਼ ਦੀ ਬੇਅਬਦੀ ਕਰਕੇ ਘੋਰ ਅਪ੍ਰਾਧ ਕੀਤਾ ਹੈ ਜਿਸ ਬਾਰੇ ਵੀ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਉਹਨਾਂ ਦੱਸਿਆ ਕਿ ਅੱਜ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫ਼ਦ ਵੱਲੋਂ ਮਿਰਤਕ ਗੁਲਜ਼ਾਰ ਸਿੰਘ ਦੀ ਧਰਮਪਤਨੀ ਅਤੇ ਬੱਚਿਆਂ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਮਜ਼ਦੂਰ ਆਗੂਆਂ ਨੇ ਹਾਕਮ ਜਮਾਤੀ ਪਾਰਟੀਆਂ ਦੇ ਲੀਡਰਾਂ ਵੱਲੋਂ ਤੂਰਵਣਜਾਰਾ ਮਾਮਲੇ ਵਿੱਚ ਮਜ਼ਦੂਰ ਆਗੂਆਂ ਅਤੇ ਐਕਸ਼ਨ ਕਮੇਟੀ 'ਤੇ ਬੇਬੁਨਿਆਦ ਦੋਸ਼ ਲਾ ਕੇ ਮਜ਼ਦੂਰ ਹਿਤਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ 'ਤੇ ਚਿੱਕੜ ਉਛਾਲੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਅਜਿਹੀ ਬਿਆਨਬਾਜ਼ੀ ਨੂੰ ਲੋਕ ਵਿਰੋਧੀ ਸਿਆਸਤਦਾਨਾਂ ਦੀ ਮਜਦੂਰ ਜਥੇਬੰਦੀਆਂ ਪ੍ਰਤੀ ਨਫਰਤ ਦਾ ਸਿੱਟਾ ਕ਼ਰਾਰ ਦਿੱਤਾ। ਉਹਨਾਂ ਆਖਿਆ ਕਿ ਕਮੇਟੀ 'ਚ ਸ਼ਾਮਲ ਮਜ਼ਦੂਰ ਆਗੂਆਂ ਤੋਂ ਇਲਾਵਾ ਇੱਕ ਅਧਿਆਪਕ ਆਗੂ ਦਾ ਲੋਕ ਹਿਤਾਂ ਲਈ ਜੂਝਣ ਦਾ ਸ਼ਾਨਾਮੱਤਾ ਇਤਿਹਾਸ ਹੈ, ਜ਼ੋ ਕਿਸੇ ਸਿਆਸੀ ਲੀਡਰ ਦੇ ਬਿਆਨਾਂ ਨਾਲ਼ ਦਾਗਦਾਰ ਨਹੀਂ ਕੀਤਾ ਜਾ ਸਕਦਾ।
ਮਜ਼ਦੂਰ ਆਗੂਆਂ ਨੇ ਆਖਿਆ ਕਿ ਕਮੇਟੀ ਨੂੰ ਸਿਆਸੀ ਲੀਡਰਾਂ ਵੱਲੋਂ ਜਾਣਬੁੱਝ ਕੇ ਬਦਨਾਮ ਕਰਨ ਵਾਲਿਆਂ ਦੀਆਂ ਸਰਕਾਰਾਂ ਦੇ ਰਾਜਾਂ ਦੌਰਾਨ ਵੀ ਦਲਿਤ ਭਾਈਚਾਰੇ ਦੇ ਲੋਕਾਂ ਤੇ ਅੰਨਾਂ ਕਹਿਰ ਢਾਹੁਣ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਉਹਨਾਂ ਆਖਿਆ ਕਿ ਜਿਵੇਂ ਆਪ ਸਰਕਾਰ ਦੇ ਰਾਜ਼ ਚ ਤੂਰਵਣਜਾਰਾ ਵਰਗੇ ਕਾਂਡ ਵਾਪਰ ਰਹੇ ਹਨ ਉਸੇ ਤਰ੍ਹਾਂ ਕਾਂਗਰਸ ਦੇ ਰਾਜ਼ ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਖੇ ਵੀ ਇੱਕ ਦਲਿਤ ਮਜ਼ਦੂਰ ਨੂੰ ਸਾਬਕਾ ਮੁੱਖ ਮੰਤਰੀ ਭੱਠਲ ਦੇ ਨਜ਼ਦੀਕੀਆਂ ਵੱਲੋਂ ਕੋਹ ਕੋਹ ਕੇ ਕਤਲ ਕਰਨ ਤੇ ਪਿਸ਼ਾਬ ਪਿਆਉਣ ਦੀ ਵਾਪਰੀ ਹਿਰਦੇਵੇਦਕ ਘਟਨਾ ਕਿਸੇ ਤੋਂ ਭੁੱਲੀ ਹੋਈ ਨਹੀਂ।
ਉਹਨਾਂ ਆਖਿਆ ਕਿ ਅਕਾਲੀਆਂ ਦੇ ਰਾਜ਼ ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰਦੇ ਇਸੇ ਜ਼ਿਲ੍ਹੇ ਦੇ ਪਿੰਡ ਜਲੂਰ ਵਿਖੇ ਸਿਆਸੀ ਸ਼ਹਿ ਤੇ ਪੁਲਿਸ ਹਾਜ਼ਰੀ ਚ ਪੇਂਡੂ ਚੌਧਰੀਆਂ ਦੀ ਅਗਵਾਈ ਹੇਠ ਆਈ ਉੱਚ ਜਾਤੀ ਧਾੜ ਵੱਲੋਂ ਬਜ਼ੁਰਗ ਮਾਤਾ ਗੁਰਦੇਵ ਕੌਰ ਨੂੰ ਕਤਲ ਕਰਨ, ਦਰਜਨਾਂ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਤੇ ਉਲਟਾ ਪੀੜਤਾਂ ਨੂੰ ਇਰਾਦਾ ਕਤਲ ਵਰਗੇ ਦੋਸ਼ਾਂ ਤਹਿਤ ਜੇਲ੍ਹ ਚ ਡੱਕ ਦਿੱਤਾ ਸੀ। ਉਹਨਾਂ ਆਖਿਆ ਕਿ ਅਜਿਹੇ ਜ਼ੁਲਮਾਂ ਮੌਕੇ ਸਤਾ ਤੋਂ ਬਾਹਰ ਹੋਣ ਕਾਰਨ ਭਗਵੰਤ ਮਾਨ ਵੀ ਦਲਿਤਾਂ ਦਾ ਮਸੀਹਾ ਬਣ ਕੇ ਮਗਰਮੱਛ ਦੇ ਹੰਝੂ ਵਹਾਉਂਦਾ ਹੁੰਦਾ ਸੀ ਜ਼ੋ ਸਤਾ ਚ ਆ ਕੇ ਖ਼ੁਦ ਉਹੀ ਦਲਿਤ ਵਿਰੋਧੀ ਤੇ ਜਾਬਰ ਨੀਤੀਆਂ ਲਾਗੂ ਕਰ ਰਿਹਾ ਹੈ। ਉਹਨਾਂ ਪੰਜਾਬ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਗੁਲਜ਼ਾਰ ਸਿੰਘ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ।
- Download Babushahi App
-
-