ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਪੰਜਾਬੀ ਅਤੇ ਹਿੰਦੀ ਭਾਸ਼ਾ ਲਈ ਵਿੱਦਿਅਕ ਸੰਸਥਾਵਾਂ ਪਾਸੋਂ ਵਿਦਿਆਰਥੀਆਂ ਦੇ ਨਾਵਾਂ ਦੀ ਮੰਗ ।
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 8 ਸਤੰਬਰ 2026
ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲਿਆਂ ਲਈ ਵਿੱਦਿਅਕ ਸੰਸਥਾਵਾਂ ਪਾਸੋਂ ਵਿਦਿਆਰਥੀਆਂ ਦੇ ਨਾਵਾਂ ਦੀ ਮੰਗ ਕੀਤੀ ਗਈ ਹੈ।
ਇਸ ਵਿੱਚ ਅਗਾਉਂ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਹਰੇਕ ਸਕੂਲ ਇੱਕ ਵਿਧਾ (ਕਵਿਤਾ, ਕਹਾਣੀ, ਲੇਖ ਰਚਨਾ ਅਤੇ ਕਾਵਿ ਗਾਇਨ) ਵਿੱਚ ਕੇਵਲ ਦੋ-ਦੋ ਵਿਦਿਆਰਥੀ ਹੀ ਭੇਜ ਸਕਦਾ ਹੈ। ਜ਼ਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ।
ਲੇਖ, ਕਵਿਤਾ ਅਤੇ ਕਹਾਣੀ ਰਚਨਾ ਲਈ ਮੁਕਾਬਲੇ ਵਿੱਚ ਮੌਕੇ ਤੇ ਦਿੱਤੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 300 ਸ਼ਬਦ ਤੱਕ ਦੀ ਕਵਿਤਾ 600 ਸ਼ਬਦਾਂ ਤੱਕ ਲੇਖ, ਕਹਾਣੀ ਰਚਨਾ ਕਰਨੀ ਹੋਵੇਗੀ। ਇਹ ਰਚਨਾ ਮੌਲਿਕ ਹੋਣੀ ਚਾਹੀਦੀ ਹੈ ਕਿਤੇ ਪ੍ਰਕਾਸ਼ਿਤ ਨਾ ਹੋਵੇ। ਕਵਿਤਾ ਗਾਇਨ ਵਿੱਚ ਕਵਿਤਾ ਜੋ ਕਿਸੇ ਪੁਸਤਕ, ਰਸਾਲੇ, ਅਖ਼ਬਾਰ ਆਦਿ ਵਿੱਚ ਛਪੀ ਹੋਵੇ, ਨੂੰ ਹੀ ਗਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਕਾਵਿ ਰਚਨਾ ਦਾ ਸਰੋਤ ਦੱਸਣਾ ਲਾਜ਼ਮੀ ਹੋਵੇਗਾ। ਇਹ ਰਚਨਾ ਗਾ ਕੇ ਹੀ ਪੇਸ਼ ਕੀਤੀ ਜਾਣੀ ਹੋਵੇਗੀ ਇਹ ਮੁਕਾਬਲਾ ਵਿਅਕਤੀਗਤ ਹੋਵੇਗਾ, ਸਮੂਹ ਗਾਇਨ ਵਰਜਿਤ ਹੈ। ਕਵਿਤਾ ਗਾਇਨ ਕਰਨ ਸਮੇਂ ਸੁਵਿਧਾ ਅਨੁਸਾਰ ਸਾਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਗਾਇਨ ਲਈ ਘੱਟੋ ਘੱਟ ਤਿੰਨ ਮਿੰਟ ਅਤੇ ਵੱਧ ਤੋਂ ਵੱਧ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇਗਾ।
ਇਸ ਮੁਕਾਬਲੇ ਦੀ ਥਾਂ ਬਾਰੇ ਪ੍ਰਤਿਭਾਗੀਆ ਅਤੇ ਸੰਸਥਾਵਾਂ ਨੂੰ ਨਿਸ਼ਚਿਤ ਮਿਤੀ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ।। ਜੇਤੂ ਵਿਦਿਆਰਥੀਆਂ ਨੂੰ ਇਨਾਮ ਪਹਿਲਾ ਇਨਾਮ 1000/-, ਦੂਜਾ ਇਨਾਮ 750/-, ਤੀਜਾ ਇਨਾਮ 500/- ਜਾਂ ਇੰਨੇ ਮੁੱਲ ਦੀਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਛਪੀਆਂ ਪੁਸਤਕਾਂ ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਪਾਸੋਂ ਪ੍ਰਮਾਣ ਪੱਤਰ ਵੀ ਪ੍ਰਾਪਤ ਹੋਵੇਗਾ।
ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ (ਪੰਜਾਬੀ ਅਤੇ ਹਿੰਦੀ ਭਾਸ਼ਾ ਮੁਕਾਬਲੇ ਲਈ ਵੱਖ ਵੱਖ) ਫ਼ਾਰਮ ਭਰ ਕੇ ਇਸ ਦਫ਼ਤਰ ਦੀ ਈਮੇਲ dlokpt.pblanguages@gmail.com ਤੇ ਮਿਤੀ 14-09-2026 ਤੱਕ ਭੇਜੇ ਜਾਣ। ਇਸ ਫ਼ਾਰਮ ਵਿੱਚ ਬਿਨੈਕਾਰ ਦੇ ਹਸਤਾਖ਼ਰ, ਸੰਸਥਾ ਦੇ ਮੁੱਖੀ ਦੇ ਹਸਤਾਖ਼ਰ ਸਮੇਤ ਮੋਹਰ ਅਤੇ ਫ਼ੋਨ ਨੰਬਰ ਜਰੂਰ ਦਰਜ ਕੀਤੇ ਜਾਣ। ਇਸ ਮੁਕਾਬਲੇ ਦੇ ਨਿਯਮਾਂ ਦੀ ਜਾਣਕਾਰੀ, ਫ਼ਾਰਮ ਲੈਣ ਅਤੇ ਹੋਰ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਦਫ਼ਤਰ ਦੇ ਪਤੇ ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਜਾਂ ਮੋਬਾਇਲ ਨੰਬਰ 62840-61290 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ ਨੂੰ ਦੋਵਾਂ ਭਾਸ਼ਾਵਾਂ ਵਿੱਚ ਹੋਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਹੈ।
- Download Babushahi App
-
-