ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਇਆ ਗਿਆ ਵਿਸ਼ਵ ਫਿਜ਼ੀਓਥੈਰੇਪੀ ਦਿਵਸ*
ਬੰਗਾ 8 ਸਤੰਬਰ 2026- ਇਲਾਕੇ ਦੀ ਪ੍ਰਮੁੱਖ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾਂ ਕਲੇਰਾਂ ਵਿਖੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ। ਇਹ ਦਿਨ ਮਨਾਉਂਦੇ ਹੋਏ ਹਸਪਤਾਲ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਕੇਕ ਕੱਟਿਆ ਗਿਆ ਅਤੇ ਲੋੜਵੰਦ ਮਰੀਜ਼ਾਂ ਲਈ ਵਿਸ਼ੇਸ਼ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਹਸਪਤਾਲ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਫਿਜ਼ੀਓਥੈਰੇਪੀ ਦਿਵਸ ਦੇ ਮਹੱਤਵ ਅਤੇ ਮਨੁੱਖੀ ਜੀਵਨ ਵਿੱਚ ਇਸ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ । ਉਹਨਾਂ ਨੇ ਦੱਸਿਆ ਕਿ ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਤੇ ਸਾਡੇ ਰਹਿਣ-ਸਹਿਣ ਦੇ ਗਲਤ ਢੰਗ-ਤਰੀਕਿਆਂ ਕਰਕੇ ਜੋੜਾਂ ਦਾ ਦਰਦ, ਕਮਰ ਦਰਦ ਅਤੇ ਹੋਰ ਸਰੀਰਿਕ ਦੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਇਸੇ ਨੂੰ ਮੁੱਖ ਰੱਖਦਿਆਂ ਹਸਪਤਾਲ ਦੇ ਫਿਜ਼ੀਓਥੈਰੇਪੀ ਵਿਭਾਗ ਵਿਖੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਨੂੰ ਸਮਰਪਿਤ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਲ 2026 ਲਈ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦਾ ਵਿਸ਼ਾ ਦਿਲ ਦੇ ਰੋਗ ਅਤੇ ਲਕਵੇ ਦੇ ਮਰੀਜ਼ਾਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਫਿਜ਼ੀਓਥੈਰੇਪੀ ਰਾਹੀਂ ਮੁੜ ਕਾਰਜਸ਼ੀਲ ਕਰਨ ਅਤੇ ਉਹਨਾਂ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਯੋਗਦਾਨ ਪਾਉਣਾ ਹੈ । ਸ. ਢਾਹਾਂ ਨੇ ਦੱਸਿਆ ਕਿ ਹਸਪਤਾਲ ਵੱਲੋਂ "ਸਿਹਤਮੰਦ ਸਰੀਰ, ਖੁਸ਼ਹਾਲ ਜੀਵਨ" ਦੇ ਸੰਦੇਸ਼ ਹੇਠ ਇੱਕ ਨਵੀਂ ਪਹਿਲਕਦਮੀ ਕਰਦਿਆਂ ਫਿਜ਼ੀਓਥੈਰੇਪੀ ਦੀਆਂ ਸਾਰੀਆਂ ਇਲਾਜ ਸੇਵਾਵਾਂ 'ਤੇ ਅੱਜ 50 ਪ੍ਰਤੀਸ਼ਤ (50%) ਦੀ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਮਾਰੀਆਂ ਦੇ ਇਲਾਜ ਲਈ ਕਿਫ਼ਾਇਤੀ ਪੈਕੇਜ ਵੀ ਲਾਂਚ ਕੀਤੇ ਗਏ ਹਨ। ਹਸਪਤਾਲ ਦੀ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਰਵੀਨਾ ਨੇ ਕੈਂਪ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫਤ ਸਲਾਹ ਦਿੱਤੀ। ਕਮਰ ਦਰਦ, ਗਰਦਨ ਦਰਦ, ਅਤੇ ਗੋਡਿਆਂ ਦੀ ਮਜ਼ਬੂਤੀ ਲਈ ਵਿਸ਼ੇਸ਼ ਕਸਰਤਾਂ ਦੱਸੀਆਂ ਗਈਆਂ ਅਤੇ ਉਹਨਾਂ ਨੂੰ ਜੀਵਨ ਸ਼ੈਲੀ ਸੁਧਾਰ ਕਰਕੇ ਰੋਜ਼ਾਨਾ ਦੇ ਕੰਮਕਾਜ ਦੌਰਾਨ ਸਰੀਰ ਨੂੰ ਸਹੀ ਸਥਿਤੀ ਵਿੱਚ ਰੱਖਣ ਦੇ ਤਰੀਕੇ ਸਿਖਾਏ ਗਏ । ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਉਣ ਮੌਕੇ ਕੇਕ ਕੱਟਣ ਦੀ ਰਸਮ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਰਵੀਨਾ ਨੇ ਅਦਾ ਕੀਤੀ । ਇਸ ਮੌਕੇ ਸ. ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਵਿਵੇਕ ਗੁੰਬਰ, ਡਾ. ਪਰਮਿੰਦਰ ਸਿੰਘ ਵਾਰੀਆ, ਡਾ. ਸ਼ਵੇਤਾ ਬਗੜਿਆ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਮੈਡਮ ਜੋਤੀ ਰਾਣੀ ਓ.ਪੀ.ਡੀ. ਇੰਚਾਰਜ, ਸ.ਸੁਖਪ੍ਰੀਤ ਸਿੰਘ ਚਾਹਲ ਤੇ ਹਸਪਤਾਲ ਦੇ ਸਟਾਫ ਮੈਂਬਰ ਹਾਜ਼ਰ ਸਨ ।
- Download Babushahi App
-
-