ਜ਼ਿਲ੍ਹਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀ ਸਾਹਿਬ ਸਿੰਘ ਨੇ ਜਿੱਤਿਆ ਸਿਲਵਰ ਮੈਡਲ
ਬੰਗਾ 4 ਸਤੰਬਰ 2026 ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਹਿਲਵਾਨ ਸਾਹਿਬ ਸਿੰਘ ਨੇ ਖੇਡਾਂ ਦੇ ਖੇਤਰ ਵਿੱਚ ਸਕੂਲ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਬੀਤੇ ਦਿਨੀਂ ਪਿੰਡ ਬਾਹੜੋਵਾਲ ਦੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਅਖਾੜੇ ਵਿਚ ਹੋਏ ਜ਼ਿਲ੍ਹਾ ਪੱਧਰੀ ਕੁਸ਼ਤੀ ਟੂਰਨਾਮੈਂਟ ਵਿੱਚ ਸਾਹਿਬ ਸਿੰਘ ਨੇ ਅੰਡਰ-17 ਸਾਲ, 110 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਗ੍ਰੀਕੋ ਰੋਮਨ ਤੇ ਫਰੀ ਸਟਾਈਲ ਕੁਸ਼ਤੀ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤਿਆ। ਇਸ ਮਾਣਮੱਤੀ ਪ੍ਰਾਪਤੀ 'ਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਜੇਤੂ ਪਹਿਲਵਾਨ ਸਾਹਿਬ ਸਿੰਘ ਪੁੱਤਰ ਬਲਵਿੰਦਰ ਸਿੰਘ-ਸੁਖਵੀਰ ਕੌਰ ਪਿੰਡ ਝੰਡੇਰ ਕਲਾਂ ਦਾ ਟਰੱਸਟ ਦਫਤਰ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਖਿਡਾਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ਅਤੇ ਸਾਹਿਬ ਸਿੰਘ ਦੀ ਇਹ ਮਿਹਨਤ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ।
ਇਸ ਮੌਕੇ ਸਕੂਲ ਪ੍ਰਿੰਸੀਪਲ ਵਨੀਤਾ ਚੋਟ ਨੇ ਵੀ ਸਾਹਿਬ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਸਕੂਲ ਵਿੱਚ ਕੁਸ਼ਤੀ, ਅਥਲੈਟਿਕਸ, ਫੁੱਟਬਾਲ, ਵਾਲੀਬਾਲ ਅਤੇ ਰਗਬੀ ਵਰਗੀਆਂ ਖੇਡਾਂ ਲਈ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਰਹੇ ਹਨ। ਇਸ ਸਨਮਾਨ ਸਮਾਰੋਹ ਦੌਰਾਨ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਸੁਖਵਿੰਦਰ ਸਿੰਘ ਮੱਲੂਪੋਤਾ ਅਤੇ ਖੇਡ ਅਧਿਆਪਕ ਜਸਵੀਰ ਕੌਰ, ਕੋਮਲ ਤੇ ਕੁਲਜੀਤ ਸਿੰਘ ਵੀ ਹਾਜ਼ਰ ਸਨ।
- Download Babushahi App
-
-