ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਕਾਨਫਰੰਸ ‘ਨੈਕਸਸ-2026’ ਦਾ ਸ਼ਾਨਦਾਰ ਆਯੋਜਨ
ਬੰਗਾ 12 ਅਗਸਤ 2026- ਪੰਜਾਬ ਦੇ ਪ੍ਰਸਿੱਧ ਪੈਰਾਮੈਡੀਕਲ ਸਿੱਖਿਆ ਦੀ ਸੰਸਥਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿੱਚ ਐਨਸਥੀਸੀਆ ਅਤੇ ਆਪਰੇਸ਼ਨ ਥੀਏਟਰ ਤਕਨਾਲੋਜੀ ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਨੈਕਸਸ-2026 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕੌਮੀ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਮੈਡੀਕਲ ਅਤੇ ਪੈਰਾ ਮੈਡੀਕਲ ਕਾਲਜਾਂ ਦੇ ਮਾਹਿਰ, ਅਧਿਆਪਕ, ਖੋਜੀ ਅਤੇ ਵਿਦਿਆਰਥੀ ਸ਼ਾਮਿਲ ਹੋਏ । ਕਾਨਫਰੰਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ, ਜਦਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋ. (ਡਾ.) ਪ੍ਰਵੀਨ ਬਾਂਸਲ ਡੀਨ ਰੀਸਰਚ ਐਂਡ ਡਿਵੈਲਪਮੈਂਟ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਪ੍ਰੋ. (ਡਾ.) ਲਲਿਤ ਗੁਪਤਾ ਸੀਨੀਅਰ ਐਨਸਥੀਸੀਆ ਮਾਹਿਰ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਲੋਕ ਨਾਇਕ ਹਸਪਤਾਲ, ਨਵੀਂ ਦਿੱਲੀ ਅਤੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ।
ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਸ਼ਮਾ ਰੋਸ਼ਨ ਦੀ ਰਸਮ ਨਾਲ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਨਸਥੀਸੀਆ ਅਤੇ ਅਪਰੇਸ਼ਨ ਥੀਏਟਰ ਪੈਰਾਮੈਡੀਕਲ ਸੇਵਾਵਾਂ ਕਿਸੇ ਵੀ ਹਸਪਤਾਲ ਵਿਚ ਸਫਲ ਅਪਰੇਸ਼ਨਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ । ਸ. ਢਾਹਾਂ ਨੇ ਨੈਸ਼ਨਲ ਕਾਨਫਰੰਸ ਨੈਕਸਸ-2026 ਦੇ ਸਫਲ ਆਯੋਜਿਨ ਦੀ ਵਧਾਈ ਦਿੰਦੇ ਕਿਹਾ ਕਿ ਮਰੀਜ਼ਾਂ ਦੇ ਮਿਆਰੀ ਅਤੇ ਸਫਲ ਅਪਰੇਸ਼ਨਾਂ ਲਈ ਐਨਸਥੀਸੀਆ ਤੇ ਓਪਰੇਸ਼ਨ ਥੀਏਟਰ ਟੈਕਨਾਲੋਜੀ ਦੇ ਸਮੂਹ ਅਧਿਆਪਕਾਂ, ਖੋਜੀਆਂ, ਵਿਦਿਆਰਥੀਆਂ ਅਤੇ ਟੈਕਨੀਸ਼ੀਅਨਾਂ ਦਾ ਨਵੀਆਂ ਆਧੁਨਿਕ ਕੰਪਿਊਟਰਈਜ਼ਡ ਤਕਨੀਕਾਂ ਨਾਲ ਨਿਰੰਤਰ ਅੱਪਡੇਟ ਰਹਿਣਾ ਸਮੇਂ ਦੀ ਅਹਿਮ ਜ਼ਰੂਰਤ ਹੈ । ਉਹਨਾਂ ਨੈਸ਼ਨਲ ਪੱਧਰੀ ਕਾਨਫਰੰਸਾਂ ਨੂੰ ਸਿੱਖਿਆ, ਖੋਜ ਅਤੇ ਆਧੁਨਿਕ ਤਕਨੀਕੀ ਵਿਕਾਸ ਨੂੰ ਇੱਕ ਮੰਚ ‘ਤੇ ਲਿਆਉਣ ਦਾ ਮਹੱਤਵਪੂਰਨ ਕਾਰਜ ਦੱਸਿਆ।
ਇਸ ਮੌਕੇ ਪ੍ਰੋ. (ਡਾ.) ਪ੍ਰਵੀਨ ਬਾਂਸਲ ਨੇ ਕਿਹਾ ਕਿ ਖੋਜ ਅਤੇ ਨਵੇਂ ਵਿਚਾਰਾਂ ਤੋਂ ਬਿਨਾਂ ਕਿਸੇ ਵੀ ਪ੍ਰੌਫੈਸ਼ਨਲ ਕਿੱਤੇ ਦੀ ਤਰੱਕੀ ਸੰਭਵ ਨਹੀਂ ਹੁੰਦੀ । ਉਨ੍ਹਾਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਕਿਹਾ ਕਿ ਨੈਕਸਸ-2026 ਵਰਗੀਆਂ ਕਾਨਫਰੰਸਾਂ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਉੱਚ ਕੋਟੀ ਦੇ ਆਧਿਆਪਕਾਂ ਨਾਲ ਸਿੱਧੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਪ੍ਰੋ. (ਡਾ.) ਲਲਿਤ ਗੁਪਤਾ ਨੇ ਐਨਸਥੀਸੀਆ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਅਪਰੇਸ਼ਨ ਥੀਏਟਰ ਮੈਨੇਜਮੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਐਨਸਥੀਸੀਆ ਟੈਕਨੀਸ਼ੀਅਨ ਦੀ ਭੂਮਿਕਾ ਸਿਰਫ਼ ਤਕਨੀਕੀ ਸਹਾਇਤਾ ਤੱਕ ਸੀਮਿਤ ਨਹੀਂ ਰਹੀ, ਸਗੋਂ ਉਹ ਅਪਰੇਸ਼ਨ ਥੀਏਟਰ ਟੀਮ ਦਾ ਇੱਕ ਅਹਿਮ ਅੰਗ ਬਣ ਚੁੱਕੇ ਹਨ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਇੱਕ ਦੂਜੇ ਨਾਲ ਜੋੜਿਆ ਹੈ ਅਤੇ ਦੋਵਾਂ ਸੰਸਥਾਵਾਂ ਦਾ ਇਹ ਸਹਿਯੋਗ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕੰਮ ਸਿੱਖਣ ਅਤੇ ਹਸਪਤਾਲ ਦਾ ਤਜਰਬਾ ਪ੍ਰਾਪਤ ਕਰਨ ਵਿੱਚ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ।
ਕਾਨਫਰੰਸ ਦੌਰਾਨ ਦੇਸ਼ ਦੇ ਨਾਮਵਰ ਵਿਸ਼ਾ ਮਾਹਿਰਾਂ ਡਾ. ਦੀਪਕ ਦੁੱਗਲ ਅਨਸਥੀਸੀਆ ਮਾਹਿਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ਼ੇਸ਼ਨਾਥ ਯਾਦਵ ਪ੍ਰਧਾਨ ਆਈ ਐਸ ਟੀ ਚੰਡੀਗੜ੍ਹ, ਮੁਬੰਈ, ਮਹਾਂਰਾਸ਼ਟਰ ਨੇ ''ਮਾਡਰਨ ਪ੍ਰੈਕਟਿਸ ਵਿੱਚ ਭਵਿੱਖ ਦੇ ਮੌਕੇ'', ਰਾਜੀਵ ਕੁਮਾਰ ਸੈਕਸੇਨਾ ਐਸ ਟੀ ਉ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਲਖਨਊ ਨੇ ''ਐਨਸਥੀਸੀਆ ਤੇ ਓ.ਟੀ. ਟੈਕਨੋਲੋਜਿਸਟਸ ਦੀ ਭੂਮਿਕਾ'', ਮਨੋਜ ਕੁਮਾਰ ਟੈਕਨੀਕਲ ਅਫਸਰ ਪੀ.ਜੀ.ਆਈ. ਚੰਡੀਗੜ੍ਹ ਨੇ ''ਇਮੀਡੀਏਟ ਟਰੌਮਾ ਲਾਈਫ ਸਪੋਰਟ'' , ਮਕਸੂਦ ਆਲਮ ਸੀਨੀਅਰ ਟੈਕਨੀਕਲ ਅਫਸਰ ਏਮਜ਼ ਰਿਸ਼ੀਕੇਸ਼ ਨੇ ''ਐਨ.ਸੀ.ਏ.ਐਚ.ਪੀ. ਐਕਟ 2021'', ਮਹਿੰਦਰ ਸਿੰਘ ਉ.ਟੀ. ਵਿਭਾਗ, ਉੱਤਰ ਪ੍ਰਦੇਸ਼ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਸੈਫ਼ਈ, ਇਟਾਵਾ ਨੇ ''ਬੇਸਿਕ ਲਾਈਫ ਸਪੋਰਟ'' ਅਤੇ ਨਰੇਸ਼ ਕੁਮਾਰ ਟੈਕਨੀਕਲ ਅਫਸਰ ਅਨਸਥੀਸੀਆ ਵਿਭਾਗ ਪੀ.ਜੀ.ਆਈ. ਚੰਡੀਗੜ੍ਹ ਨੇ ''ਟਰਾਂਸਪੋਰਟ ਵੈਂਟੀਲੇਟਰ'' ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰਪੂਰਵਕ ਖੋਜ ਭਰਪੂਰ ਜਾਣਕਾਰੀ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
ਰਾਜਦੀਪ ਥਿਦਵਾਰ ਐਸੋਸੀਏਟ ਪ੍ਰੋਫੈਸਰ (ਰੇਡੀਓਲੋਜੀ) ਤੇ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੇ ਨੈਸ਼ਨਲ ਕਾਨਫਰੰਸ ਨੈਕਸਸ-2026 ਦੇ ਪ੍ਰਬੰਧਕ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸੰਸਥਾ ਪੰਜਾਬ ਦੇ ਪ੍ਰਮੁੱਖ ਪੈਰਾਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ । ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ, ਖੋਜਾਂ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਸਬੰਧੀ ਜਾਗਰੂਕ ਕਰਨਾ ਸੀ ਅਤੇ ਉਹਨਾਂ ਸਭ ਨੂੰ ਇਹ ਕਾਨਫਰੰਸ ਇਸ ਖੇਤਰ ਵਿਚ ਇੱਕ ਨਵਾਂ ਮੁਕਾਮ ਪ੍ਰਦਾਨ ਕਰੇਗੀ । ਇਸ ਮੌਕੇ ਕਾਨਫਰੰਸ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਯਾਦ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਕਾਨਫਰੰਸ ਵਿਚ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਵੰਨਗੀਆਂ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਲਜ ਵਿਦਿਆਰਥੀਆਂ ਇੰਦਰਪ੍ਰੀਤ ਕੌਰ, ਦੀਆ ਅਤੇ ਪਲਕ ਠਾਕੁਰ ਨੇ ਸਾਂਝੇ ਰੂਪ 'ਚ ਬਾਖੂਬੀ ਨਿਭਾਈ । ਇਸ ਕਾਨਫਰੰਸ ਦੇ ਸਫਲ ਆਯੋਜਨ ਵਿੱਚ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਪਿਯੂਸ਼ੀ ਯਾਦਵ ਐਚ.ਓ.ਡੀ. ਅਤੇ ਕਾਨਫਰੰਸ ਕਨਵੀਨਰ, ਵਿਕਾਸ ਕੁਮਾਰ ਅਸਿਸਟੈਂਟ ਪ੍ਰੋਫੈਸਰ, ਇੰਦੂ ਬਾਲਾ ਅਸਿਸਟੈਂਟ ਪ੍ਰੋਫੈਸਰ, ਆਰਚੀ ਅਸਿਸਟੈਂਟ ਪ੍ਰੋਫੈਸਰ ਨੇ ਅਹਿਮ ਯੋਗਦਾਨ ਪਾਇਆ।
- Download Babushahi App
-
-