ਜਗਰਾਉਂ 'ਚ ਨੌਜਵਾਨ ਨੂੰ ਅਗਵਾ ਕਰਕੇ ਅੱਧਮੋਇਆ ਕੀਤਾ
ਸਮੇਂ ਸਿਰ ਇਤਲਾਹ ਦੇ ਬਾਵਜੂਦ ਸੁੱਤੀ ਰਹੀ ਪੁਲਿਸ
ਜਗਰਾਉਂ: ਦੀਪਕ ਜੈਨ
ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹਦੀ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਕੱਚਾ ਮਲਕ ਰੋਡ ਸਥਿਤ ਗੈਸ ਵਾਲੀ ਗਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਦਿਨ-ਦਿਹਾੜੇ ਅਗਵਾ ਕਰਕੇ ਉਸ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ। ਪਰ ਇਸ ਪੂਰੇ ਘਟਨਾਕ੍ਰਮ ਵਿੱਚ ਸਭ ਤੋਂ ਵੱਡਾ ਅਤੇ ਗੰਭੀਰ ਸਵਾਲੀਆ ਨਿਸ਼ਾਨ ਥਾਣਾ ਸਿਟੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਲੱਗਿਆ ਹੈ, ਜਿਸ ਨੇ ਪਰਿਵਾਰ ਵੱਲੋਂ ਸਮੇਂ ਸਿਰ ਦਿੱਤੀ ਗਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਅੱਖਾਂ ਬੰਦ ਕਰੀ ਰੱਖੀਆਂ।
ਪੁਲਿਸ ਦੀ ਲਾਪ੍ਰਵਾਹੀ ਨੇ ਨੌਜਵਾਨ ਨੂੰ ਮੌਤ ਦੇ ਮੂੰਹ 'ਚ ਧੱਕਿਆ
ਪੀੜਤ ਨੌਜਵਾਨ ਸੰਨੀ ਕੁਮਾਰ ਦੀ ਮਾਤਾ ਪਰਮਜੀਤ ਕੌਰ, ਜੋ ਕਿ ਇੱਕ ਬੈਂਕ ਵਿੱਚ ਪੀਅਨ ਵਜੋਂ ਕੰਮ ਕਰਦੀ ਹੈ, ਨੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਦੀ ਦਰਦਨਾਕ ਦਾਸਤਾਨ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਦੁਪਹਿਰ ਕੁਝ ਬਦਮਾਸ਼ਾਂ ਨੇ ਉਨ੍ਹਾਂ ਦੇ ਪੁੱਤਰ ਸੰਨੀ ਨੂੰ ਅਗਵਾ ਕਰ ਲਿਆ ਸੀ। ਮਾਤਾ ਮੁਤਾਬਕ ਉਨ੍ਹਾਂ ਨੇ ਸ਼ਾਮ ਕਰੀਬ 3:30 ਤੋਂ 4:00 ਵਜੇ ਦੇ ਦਰਮਿਆਨ ਹੀ ਪੁਲਿਸ ਨੂੰ ਇਸ ਘਟਨਾ ਬਾਰੇ ਦੱਸ ਦਿੱਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਪੁਲਿਸ ਨੇ ਉਸੇ ਵੇਲੇ ਫੁਰਤੀ ਦਿਖਾਈ ਹੁੰਦੀ ਅਤੇ ਤੁਰੰਤ ਐਕਸ਼ਨ ਲਿਆ ਹੁੰਦਾ, ਤਾਂ ਸ਼ਾਇਦ ਸੰਨੀ ਨੂੰ ਇਸ ਭਿਆਨਕ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਦਾ ਸੀ।
ਲੋਹੇ ਦੀਆਂ ਰਾਡਾਂ ਨਾਲ ਕੁੱਟਿਆ, ਖੂਨ ਨਾਲ ਲੱਥਪੱਥ ਸੜਕ ਕਿਨਾਰੇ ਸੁੱਟਿਆ
ਪੁਲਿਸ ਦੀ ਇਸੇ ਢਿੱਲ-ਮੱਠ ਦਾ ਨਤੀਜਾ ਇਹ ਨਿਕਲਿਆ ਕਿ ਅਗਵਾਕਾਰ ਨੌਜਵਾਨ ਨੇ ਉਸਨੂੰ ਲੋਹੇ ਦੀਆਂ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਦੇਰ ਸ਼ਾਮ ਕਰੀਬ 8:30 ਵਜੇ ਪਰਿਵਾਰ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਅੱਡਾ ਰਾਏਕੋਟ ਨੇੜੇ 'ਰਾਣੀ ਵਾਲਾ ਖੂਹ' ਕੋਲ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਉਸਦੇ ਹੱਥਾਂ-ਪੈਰਾਂ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ ਸੀ। ਜਿਸ ਤੋਂ ਬਾਅਦ ਉਸਨੂੰ ਤੁਰੰਤ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਉਸਦੀ ਜਾਨ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ।
ਨਸ਼ਾ ਤਸਕਰੀ ਦੀ ਮੁਖਬਰੀ ਦੇ ਸ਼ੱਕ 'ਚ ਕੱਢੀ ਰੰਜਿਸ਼
ਸੰਨੀ ਦੇ ਦੋਸਤ ਆਕਾਸ਼ਦੀਪ ਨੇ ਘਟਨਾ ਬਾਰੇ ਹੋਰ ਖੁਲਾਸੇ ਕਰਦਿਆਂ ਦੱਸਿਆ ਕਿ ਇਹ ਅਗਵਾ ਨਾਨਕਸਰ ਰੋਡ ਤੋਂ ਦੁਪਹਿਰ 2:30 ਤੋਂ 3:00 ਵਜੇ ਦੇ ਵਿਚਕਾਰ ਹੋਇਆ ਸੀ। ਇਸ ਵਹਿਸ਼ੀਆਨਾ ਹਮਲੇ ਦੇ ਪਿੱਛੇ ਇੱਕ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਹਮਲਾਵਰਾਂ ਵਿੱਚੋਂ ਇੱਕ ਦੀ ਮਾਂ ਨੂੰ ਪਿਛਲੇ ਦਿਨੀਂ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੂੰ ਸ਼ੱਕ ਸੀ ਕਿ ਇਸ ਗ੍ਰਿਫ਼ਤਾਰੀ ਪਿੱਛੇ ਸੰਨੀ ਕੁਮਾਰ ਨੇ ਮੁਖਬਰੀ ਕੀਤੀ ਹੈ। ਇਸੇ ਬਦਲੇ ਦੀ ਭਾਵਨਾ ਤਹਿਤ ਉਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ।
ਪੁਲਿਸ ਦੇ ਰਵਾਇਤੀ ਬਿਆਨ, ਪਰ ਸਵਾਲ ਬਰਕਰਾਰ
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਪੀੜਤ ਬੇਹੋਸ਼ ਹੋ ਕੇ ਬਿਆਨ ਦੇਣ ਦੀ ਹਾਲਤ ਵਿੱਚ ਵੀ ਨਹੀਂ ਰਿਹਾ, ਤਦ ਪੁਲਿਸ ਹਸਪਤਾਲ ਪਹੁੰਚੀ। ਥਾਣਾ ਸਿਟੀ ਦੇ ਐਸ.ਐਚ.ਓ. ਪਰਮਿੰਦਰ ਸਿੰਘ ਨੇ ਹੁਣ ਰਵਾਇਤੀ ਬਿਆਨ ਦਿੰਦਿਆਂ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਪਰ ਇੱਥੇ ਪ੍ਰਸ਼ਾਸਨ ਲਈ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਇੱਕ ਮਾਂ ਆਪਣੇ ਅਗਵਾ ਹੋਏ ਪੁੱਤਰ ਦੀ ਜਾਨ ਬਚਾਉਣ ਲਈ ਥਾਣੇ ਵਿੱਚ ਗੁਹਾਰ ਲਗਾ ਰਹੀ ਸੀ, ਤਾਂ ਪੁਲਿਸ ਨੇ ਮੁਸਤੈਦੀ ਕਿਉਂ ਨਹੀਂ ਦਿਖਾਈ? ਕੀ ਪੁਲਿਸ ਦੀ ਇਹ ਲਾਪ੍ਰਵਾਹੀ ਹੀ ਅਪਰਾਧੀਆਂ ਦੇ ਹੌਂਸਲੇ ਬੁਲੰਦ ਕਰਨ ਦਾ ਮੁੱਖ ਕਾਰਨ ਨਹੀਂ ਬਣ ਰਹੀ? ਆਮ ਜਨਤਾ ਦਾ ਪੁਲਿਸ 'ਤੇ ਭਰੋਸਾ ਕਿਵੇਂ ਕਾਇਮ ਰਹੇਗਾ ਜਦੋਂ ਰੱਖਿਅਕ ਹੀ ਸਮੇਂ ਸਿਰ ਬਹੁੜਨ ਤੋਂ ਅਸਮਰੱਥ ਹੋਣ?
- Download Babushahi App
-
-