PRTC ਚੇਅਰਮੈਨ ਵੱਲੋਂ ਮੁਲਾਜ਼ਮਾਂ ਦੀ ਤਨਖਾਹ 'ਚ 20% ਵਾਧਾ ਕਰਨ ਦਾ ਐਲਾਨ
ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ
CM ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਚੀਮਾ ਦਾ ਯੂਨੀਅਨ ਵਲੋਂ ਕੀਤਾ ਧੰਨਵਾਦ
ਪਟਿਆਲਾ, 03 ਅਗਸਤ 2026- ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀਆਰਟੀਸੀ ਵਿੱਚ ਬਾਹਰੀ ਸੰਸਥਾ ਅਤੇ ਕੰਟਰੈਕਟ ਰਾਹੀ ਕੰਮ ਕਰਦੇ ਵਰਕਰਾਂ ਦੇ ਹਿੱਤਾਂ ਵਿੱਚ ਇੱਕ ਹੋਰ ਵੱਡਾ ਅਤੇ ਅਹਿਮ ਫੈਸਲਾ ਲੈਂਦਿਆਂ ' ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਅਜ਼ਾਦ ਯੂਨੀਅਨ 31/7 ' ਨਾਲ ਮੀਟਿੰਗ ਦੌਰਾਨ ਮੁਲਾਜ਼ਮਾਂ ਦੀ ਤਨਖਾਹ ਵਿੱਚ 20 ਪ੍ਰਤੀਸ਼ਤ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਬਾਹਰੀ ਸੰਸਥਾ ਰਾਹੀਂ ਅਤੇ ਕੰਟਰੈਕਟ ਵਰਕਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਤਨਖਾਹ ਵਾਧੇ ਦੀ ਮੰਗ ਸਬੰਧੀ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨਾਲ ਮੁਲਾਕਾਤ ਕੀਤੀ ਗਈ ਸੀ।
ਮੀਟਿੰਗ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮਿਤੀ 15 ਸਤੰਬਰ 2021 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਮੌਜੂਦਾ ਤਨਖਾਹ ਵਿੱਚ 20 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਸੋਚ ਬਹੁਤ ਹੀ ਇਮਾਨਦਾਰ ਅਤੇ ਲੋਕ-ਪੱਖੀ ਹੈ, ਜੋ ਹਰੇਕ ਕੱਚੇ ਤੇ ਕੰਟਰੈਕਟ ਮੁਲਾਜ਼ਮ ਨੂੰ ਬਣਦਾ ਹੱਕ ਦੇਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦੀ ਵੀ ਮੁਲਾਜ਼ਮਾਂ ਦੇ ਭਵਿੱਖ ਪ੍ਰਤੀ ਹਮੇਸ਼ਾ ਚੰਗੀ ਸੋਚ ਰਹੀ ਹੈ, ਜਿਨ੍ਹਾਂ ਦੇ ਨਿਰਦੇਸ਼ਾਂ ਅਤੇ ਸਹਿਯੋਗ ਸਦਕਾ ਹੀ ਵਿਭਾਗ ਦੇ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ।
ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਤਨਖਾਹ ਵਾਧੇ ਸਬੰਧੀ ਮਾਮਲਾ ਪੀ.ਆਰ.ਟੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਗਿਆ ਅਤੇ ਬੋਰਡ ਵੱਲੋਂ ਦਿੱਤੀ ਗਈ ਪ੍ਰਵਾਨਗੀ ਅਨੁਸਾਰ ਤਨਖਾਹ ਨੂੰ ਨਿਯਮਾਂ ਅਨੁਸਾਰ ਲਾਗੂ ਕਰਨ ਦੀ ਪ੍ਰਕਿਰਿਆ ਸਬੰਧੀ ਪੱਤਰ ਮੀਟਿੰਗ ਦੋਰਾਨ ਸਬੰਧਤ ਕਰਮਚਾਰੀਆਂ ਨੂੰ ਸੋਪਿਆਂ ਗਿਆ ਹੈ । ਉਨ੍ਹਾਂ ਕਿਹਾ, " ਪੀ.ਆਰ.ਟੀ.ਸੀ. ਦੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਇਨ੍ਹਾਂ ਕਾਮਿਆਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਦੀ ਮਿਹਨਤ ਤੇ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਜਾਇਜ਼ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।"
ਯੂਨੀਅਨ ਦੇ ਨੁਮਾਇੰਦਿਆਂ ਨੇ ਤਨਖਾਹ ਵਿੱਚ 20 ਪ੍ਰਤੀਸ਼ਤ ਵਾਧਾ ਕਰਨ ਲਈ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਅਹਿਮ ਮੀਟਿੰਗ ਦੌਰਾਨ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ,ਜਨਰਲ ਮੈਨੇਜਰ ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰੇਵਾਲ ਤੋਂ ਇਲਾਵਾ ਪੀਆਰਟੀਸੀ ਦੇ ਅਧਿਕਾਰੀ ਅਤੇ ਸਬੰਧਤ ਯੂਨੀਅਨ ਦੇ ਆਗੂ ਗੁਰਧਿਆਨ ਸਿੰਘ, ਜਾਨਪਾਲ ਸਿੰਘ ,ਬੁੱਬੂ ਸਰਮਾਂ, ਦਰਸ਼ਨ ਸਿੰਘ,ਰਣਜੀਤ ਸਿੰਘ ਸਮੇਤ ਯੂਨੀਅਨ ਦੇ ਨੁਮਾਇੰਦੇ ਮੌਜੂਦ ਸਨ।
- Download Babushahi App
-
-