Abdolan Special ਯੁੱਧ ਹਕੂਮਤ ਵਿਰੁੱਧ : ਦੀਵੇ ਬਾਲਾਂਗੇ ਹਨੇਰਿਆਂ ਦੀ ਹਿੱਕ ’ਤੇ ਝੱਖੜਾ ਤੂੰ ਝੂਲਦਾ ਰਹੀਂ
ਅਸ਼ੋਕ ਵਰਮਾ
ਬਠਿੰਡਾ, 31 ਜੁਲਾਈ 2026 : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਖਾਤਰ ਧਾਵਾ ਬੋਲਣ ਦੀ ਦਿੱਤੀ ਧਮਕੀ ਦੇ ਮੱਦੇਨਜ਼ਰ ਅੱਜ ਪੁਲਿਸ ਨੇ ਦਰਜਨਾਂ ਦੀ ਤਾਦਾਦ ’ਚ ਅਧਿਆਪਕ ਆਗੂਆਂ ਨੂੰ ਘਰਾਂ ’ਚ ਕੈਦ ਕਰੀ ਰੱਖਿਆ। ਇੰਨ੍ਹਾਂ ’ਚ ਸਰਕਾਰ ਨੂੰ ਕਰਾਰੇ ਹੱਥੀਂ ਟੱਕਰਣ ਵਾਲੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਜੋਨੀ ਸਿੰਗਲਾ ਅਤੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਸ਼ਾਮਲ ਹਨ। ਯੂਨੀਅਨ ਅਨੁਸਾਰ ਆਪਣੇ ਆਪਰੇਸ਼ਨ ਦੌਰਾਨ ਪਟਿਆਲਾ ਪੁਲਿਸ ਨੇ ਸੁਭਾ ਪੰਜ ਵਜੇ ਸੂਬਾ ਆਗੂ ਪਰਮਵੀਰ ਸਿੰਘ ਨੂੰ ਫੜ ਲਿਆ ਜੋ ਕਈ ਸੰਘਰਸ਼ਾਂ ’ਚ ਮੋਹਰੀ ਰਿਹਾ ਹੋਣ ਕਰਕੇ ਸਰਕਾਰ ਉਸ ਦੀਆਂ ਗਤੀਵਿਧੀਆਂ ਤੋਂ ਭੈਅ ਖਾਂਦੀ ਹੈ। ਯੂਨੀਅਨ ਅਨੁਸਾਰ ਹਰਜੀਤ ਸਿੰਘ ਫਿਰੋਜ਼ਪੁਰ ਅਤੇ ਗੁਰਦਾਸਪੁਰ ਤੋਂ ਗੁਰਪਿੰਦਰ ਸਿੰਘ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਤਾਂ ਜੋ ਉਹ ਸੁਨਾਮ ਜਾਣ ਲਈ ਲਾਮਬੰਦੀ ਕਰਨ ਤੋਂ ਦੂਰ ਰਹਿਣ।
ਪਿਛਲੇ ਸਮੇਂ ਦੌਰਾਨ ਦਿਖਾਏ ਤੇਵਰਾਂ ਅਤੇ ਹਕੂਮਤ ਨੂੰ ਦਿੱਤੇ ਝਟਕਿਆਂ ਕਾਰਨ ਪੁਲਿਸ ਨੇ ਕਈ ਆਗੂਆਂ ਨੂੰ ‘ਸਰਘੀ ਵੇਲੇ’ ਗੈਂਗਸਟਰਾਂ ਨੂੰ ਹਿਰਾਸਤ ’ਚ ਲੈਣ ਵਰਗਾ ਮਹੌਲ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਹੋਰਨਾਂ ਕਈ ਜਿਲਿ੍ਹਆਂ ਨਾਲ ਸਬੰਧ ਰੱਖਣ ਵਾਲੇ ਵੱਡੀ ਗਿਣਤੀ ਆਗੂਆਂ ਨੂੰ ਸੁਨਾਮ ਵੱਲ ਕੂਚ ਕਰਨ ਤੋਂ ਰੋਕਣ ਲਈ ਹਿਰਾਸਤ ’ਚ ਲੈਣ ਮਗਰੋਂ ਥਾਣਿਆਂ ਅਤੇ ਘਰਾਂ ’ਚ ਬਿਠਾਕੇ ਰੱਖਿਆ ਗਿਆ। ਅੱਜ ਦੇ ਸੂਬਾ ਪੱਧਰੀ ਸਮਾਗਮਾਂ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪਾਰਟੀ ਦੀ ਹੋਰ ਅਹਿਮ ਲੀਡਰਸ਼ਿਪ ਨੇ ਸ਼ਾਮਲ ਹੋਣਾ ਸੀ ਜਿਸ ਕਰਕੇ ਪੁਲਿਸ ਕਾਫੀ ਮੁਸਤੈਦ ਸੀ। ਸੂਤਰ ਦੱਸਦੇ ਹਨ ਕਿ ਖੁਫੀਆ ਵਿੰਗ ਨੇ ਸੰਘਰਸ਼ੀ ਲੋਕਾਂ ਦੇ ਸੰਭਾਵੀ ਕੂਚ ਨੂੰ ਦੇਖਦਿਆਂ ਮੋਹਰੀ ਆਗੂਆਂ ਦੀਆਂ ਸੂਚੀਆਂ ਕੁੱਝ ਦਿਨ ਪਹਿਲਾਂ ਹੀ ਪੁਲਿਸ ਨੂੰ ਸੌਂਪ ਦਿੱਤੀਆਂ ਸਨ। ਸੂਤਰਾਂ ਮੁਤਾਬਕ ਖੁਫੀਆ ਵਿਭਾਗ ਨੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਅਧਿਆਪਕ ਭੇਸ ਬਦਲਕੇ ਪੰਡਾਲ ’ਚ ਦਾਖਲ ਹੋ ਸਕਦੇ ਹਨ ।
ਸੂਤਰਾਂ ਮੁਤਾਬਕ ਸੀਆਈਡੀ ਨੇ ਬੇਰੁਜ਼ਗਾਰਾਂ ਜਾਂ ਅਧਿਆਪਕਾਂ ਵਾਂਗ ਦਿਖਾਈ ਦੇਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਅਤੇ ਕਾਲੀਆਂ ਚੁੰਨੀਆਂ ’ਤੇ ਵਿਸ਼ੇਸ਼ ਨਜ਼ਰ ਰੱਖਣ ਲਈ ਵੀ ਕਿਹਾ ਸੀ। ਨਾਅਰੇਬਾਜੀ ਅਤੇ ਕਾਲੀਆਂ ਝੰਡੀਆਂ ਦਿਖਾਉਣ ਦੇ ਖਦਸ਼ੇ ਕਾਰਨ ਪੁਲਿਸ ਨੂੰ ਸਮਾਗਮ ’ਚ ਪੁੱਜਣ ਵਾਲਿਆਂ ਦੀ ਪੂਰੀ ਮੁਸਤੈਦੀ ਨਾਲ ਜਾਂਚ ਦੇ ਹੁਕਮ ਦਿੱਤੇ ਗਏ ਸਨ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਸੰਘਰਸ਼ੀ ਧਿਰਾਂ ਖਿਲਾਫ ਕਾਰਵਾਈ ਅੱਜ ਵੱਡੇ ਤੜਕੇ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਕਈ ਜੱਥੇਬੰਦੀਆਂ ਦੇ ਆਗੂ ਤਾਂ ਇਸ ਗੱਲ ਦੀ ਭਿਣਕ ਪੈਣ ਕਾਰਨ ਮੌਕੇ ਤੋਂ ਖਿਸਕਣ ’ਚ ਸਫਲ ਹੋ ਗਏ ਜਦੋਂਕਿ ਕਈਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਯੂਨੀਅਨ ਆਗੂ ਗੁਰਬਖਸ਼ ਲਾਲ ਦਾ ਕਹਿਣਾ ਸੀ ਕਿ ਪੰਜਾਬ ਪੁਲੀਸ ਨੇ ਹਕੂਮਤ ਦੇ ਇਸ਼ਾਰੇ ’ਤੇ ਪੂਰਾ ਧਿਆਨ ਇਨਸਾਫ਼ ਮੰਗ ਰਹੇ ਕੰਪਿਊਟਰ ਅਧਿਆਪਕਾਂ ਦੇ ਰਾਹ ਰੋਕਣ ’ਤੇ ਕੇਂਦਰਿਤ ਕਰ ਦਿੱਤਾ ਹੈ ਜੋ ਸਰਕਾਰ ਦੀ ਤਾਨਸ਼ਾਹੀ ਸੋਚ ਨੂੰ ਬੇਨਕਾਬ ਕਰਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਸਰਕਾਰ ਦਾ ਇਹ ਰਵੱਈਆ ਲੋਕਤੰਤਰ ਅਤੇ ਸੰਵਿਧਾਨਕ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ। ਯੂਨੀਅਨ ਆਗੂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਏਦਾਂ ਦੀਆਂ ਦਮਨਕਾਰੀ ਕਾਰਵਾਈਆਂ ਨਾਲ ਉਨ੍ਹਾਂ ਦੀ ਲੜਾਈ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਹੱਲ ਕਰਨਾ ਦੀ ਨਸੀਹਤ ਵੀ ਦਿੱਤੀ ਹੈ। ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਮੈਂਬਰ ਜੋਨੀ ਸਿੰਗਲਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮਸਲਾ ਫੌਰੀ ਹੱਲ ਨਾ ਕੀਤਾ ਤਾਂ ਨਵੀਂ ਰਣਨੀਤੀ ਘੜਕੇ ਸੰਘਰਸ਼ ਤੇਜ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਮਸਲਿਆਂ ਦੇ ਹੱਲ ਕੱਢਣ ਦੀ ਥਾਂ ਸਰਕਾਰ ਹੱਕ ਮੰਗਣ ਵਾਲਿਆਂ ਦੀ ਜੁਬਾਨਬੰਦੀ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਨੂੰ ਸਵਾਲ ਕਰਨ ਦੀਆਂ ਟਾਹਰਾਂ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖੁਦ ਸਵਾਲਾਂ ਤੋਂ ਭੱਜ ਰਹੇ ਹਨ।
ਬੇਰੁਜਗਾਰਾਂ ’ਤੇ ਵੀ ਪੁਲਿਸ ਦਾ ਡੰਡਾ
ਪੰਜਾਬ ਪੁਲੀਸ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਜਿਆਦਾਤਰ ਆਗੂ ਪੁਲਿਸ ਨੂੰ ਚਕਮਾ ਦੇ ਗਏ। ਬੀਤੀ ਦੇਰ ਰਾਤ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੇ ਘਰ ਪੁਲੀਸ ਨੇ ਸਾਂਝੇ ਮੋਰੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਦੇ ਘਰ ਛਾਪਾ ਮਾਰਿਆ ਅਤੇ ਚੱਪੇ ਚੱਪੇ ਦੀ ਤਲਾਸ਼ੀ ਲਈ ਪਰ ਬੇਰੁਜ਼ਗਾਰ ਆਗੂ ਮਿਲ ਨਹੀਂ ਸਕਿਆ । ਸੁਖਵਿੰਦਰ ਢਿੱਲਵਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਹੋਛੀ ਹਰਕਤ ਕਰਾਰ ਦਿੱਤਾ ਹੈ।
ਰੁਜ਼ਗਾਰ ਮੁਹਿੰਮ ਮਹਿਜ਼ ਸ਼ੋਸ਼ਾ’: ਢਿੱਲਵਾਂ
ਸਰਕਾਰ ਦੀ ਰੁਜ਼ਗਾਰ ਮੁਹਿੰਮ ਨੂੰ ਮਹਿਜ਼ ਸ਼ੋਸ਼ਾ ਕਰਾਰ ਦਿੰਦਿਆਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਨੇ ਜਵਾਨੀ ਰੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਹਜ਼ਾਰਾਂ ਬੇਰੁਜ਼ਗਾਰਾਂ ਦੇ ਸੜਕਾਂ ’ਤੇ ਧੱਕੇ ਖਾਣ ਤੋਂ ਮਿਲਦੀ ਹੈ । ਉਨ੍ਹਾਂ ਕਿਹਾ ਕਿ ਬਦਲਾਅ ਦੇ ਰਾਜ ਦੌਰਾਨ ਹਜ਼ਾਰਾਂ ਨੌਜਵਾਨ ਨੌਕਰੀ ਲਈ ਉਮਰ ਹੱਦ ਟਪਾ ਬੈਠੇ ਹਨ ਪਰ ਹਕੂਮਤ ਸੁਸਰੀ ਵਾਂਗ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਮੂਹ ਸਰਕਾਰੀ ਮਹਕਮਿਆਂ ’ਚ ਭਰਤੀ ਸ਼ੁਰੂ ਨਾਂ ਕੀਤੀ ਤਾਂ ਹਾਕਮ ਧਿਰ ਨੂੰ ਸੱਥਾਂ ’ਚ ਘੇਰਿਆ ਜਾਏਗਾ।
- Download Babushahi App
-
-